ਵਿਦਿਅਕ ਸੰਸਥਾਵਾਂ 15 ਦਸੰਬਰ, 2020 ਤੱਕ ਕਰਨਗੀਆਂ ਦਰਖਾਸਤਾਂ ਨੂੰ ਵੈਰੀਫ਼ਾਈ-ਡਿਪਟੀ ਕਮਿਸ਼ਨਰ
ਮੋਗਾ, 16 ਨਵੰਬਰ
(ਜਗਰਾਜ ਗਿੱਲ ਮਨਪ੍ਰੀਤ ਮੋਗਾ)
ਵਿਦਿਅਕ ਸ਼ੈਸ਼ਨ 2020-21 ਦੌਰਾਨ ਸੌ ਫ਼ੀਸਦੀ ਕੇਂਦਰੀ ਪ੍ਰਾਯੋਜਿਤ ਘੱਟ ਗਿਣਤੀ ਵਰਗ (ਸਿੱਖ, ਇਸਾਈ, ਮੁਸਲਿਮ, ਬੋਧੀ, ਜੈਨ, ਪਾਰਸੀ) ਦੇ ਵਿਦਿਆਰਥੀਆਂ ਲਈ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਸਕੀਮ, ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਤੇ ਮੈਰਿਟ ਕਮ-ਮੀਨਜ਼ ਦੀਆਂ ਆਨਲਾਈਨ ਦਰਖਾਸਤਾਂ ਪੋਰਟਲ ਤੇ ਦਰਜ ਕਰਨ ਦੇ ਸਬੰਧ ਵਿਚ ਭਾਰਤ ਸਰਕਾਰ ਵਲੋਂ ਨਵੇਂ ਅਤੇ ਰੀਨਿਊਅਲ ਵਿਦਿਆਰਥੀਆਂ ਲਈ 31 ਅਕਤੂਬਰ 2020 ਅਤੇ ਵਿਦਿਅਕ ਸੰਸਥਾਵਾਂ ਵੱਲੋਂ ਵੈਰੀਫਾਈ ਕਰਨ ਦੀ ਮਿਤੀ 15 ਨਵੰਬਰ, 2020 ਨਿਸਚਿਤ ਕੀਤੀ ਗਈ ਸੀ, ਜਿਸ ਵਿਚ ਵਾਧਾ ਕਰਦੇ ਹੋਏ ਪ੍ਰੀ-ਮੈਟ੍ਰਿਕ ਸਕਾਲਰਸ਼ਿਪ, ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਤੇ ਮੈਰਿਟ ਕਮ-ਮੀਨਜ ਸਕੀਮਾਂ ਤਹਿਤ ਨਵੇਂ ਅਤੇ ਰੀਨਿਊਲ ਵਿਦਿਆਰਥੀਆਂ ਦੁਆਰਾ ਆਨਲਾਈਨ ਦਰਖਾਸਤਾਂ ਹੁਣ 30 ਨਵੰਬਰ, 2020 ਤੱਕ ਦਰਜ ਕੀਤੀਆਂ ਜਾ ਸਕਦੀਆਂ ਹਨ। ਵਿਦਿਅਕ ਸੰਸਥਾਵਾਂ ਵੱਲੋਂ ਇਹਨਾਂ ਆਨਲਾਈਨ ਦਰਖਾਸਤਾਂ ਨੂੰ ਮਿਤੀ 15 ਦਸੰਬਰ, 2020 ਤੱਕ ਵੈਰੀਫਾਈ ਕੀਤਾ ਜਾ ਸਕਦਾ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਘੱਟ ਗਿਣਤੀ ਵਰਗ ਨਾਲ ਸਬੰਧਤ ਯੋਗ ਵਿਦਿਆਰਥੀਆਂ ਨੂੰ ਇਸ ਸਕੀਮ ਦਾ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ। ਉਨ੍ਹਾਂ ਅਪੀਲ ਕੀਤੀ ਕਿ ਜੇਕਰ ਨੈਸ਼ਨਲ ਸਕਾਲਰਸ਼ਿਪ ਪੋਰਟਲ ਤੇ ਸਬੰਧਤ ਸਕੀਮ ਤਹਿਤ ਕੋਈ ਵਿਦਿਆਰਥੀ ਅਪਲਾਈ ਕਰਨ ਤੋਂ ਵਾਂਝਾ ਰਹਿ ਗਿਆ ਹੈ ਤਾਂ ਉਹ ਤੁਰੰਤ ਪੋਰਟਲ ਤੇ ਅਪਲਾਈ ਕਰ ਸਕਦਾ ਹੈ। ਉਨ੍ਹਾਂ ਵੱਲੋ ਜ਼ਿਲ੍ਹਾ ਮੋਗਾ ਦੀਆਂ ਸਮੂਹ ਵਿਦਿਅਕ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀਆਂ ਸੰਸਥਾਵਾਂ ਅਧੀਨ ਘੱਟ ਗਿਣਤੀ ਵਰਗ ਨਾਲ ਸਬੰਧਤ ਯੋਗ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਸਕੀਮਾਂ ਸਬੰਧੀ ਜਾਣੂੰ ਕਰਵਾਉਣ ਅਤੇ ਅਪਲਾਈ ਕਰਨ ਲਈ ਪ੍ਰੇਰਿਤ ਕਰਨ।
ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ ਮੋਗਾ ਸ੍ਰੀ ਹਰਪਾਲ ਸਿੰਘ ਗਿੱਲ ਵੱਲੋ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਅਪਲਾਈ ਕਰਨ ਲਈ ਆਮਦਨ ਸੀਮਾ 1 ਲੱਖ ਰੁਪਏ, ਪੋਸਟ-ਮੈਟ੍ਰਿਕ ਸਕਾਾਲਰਸ਼ਿਪ ਸਕੀਮ ਤਹਿਤ 2 ਲੱਖ ਰੁਪਏ ਅਤੇ ਮੈਰਿਟ-ਕਮ-ਮੀਨਜ਼ ਬੇਸਡ ਸਕਾਲਰਸ਼ਿਪ ਸਕੀਮ ਤਹਿਤ 2.5 ਲੱਖ ਰੁਪਏ ਨਿਰਧਾਰਿਤ ਕੀਤੀ ਗਈ ਹੈ। ਇਹਨਾਂ ਸਕੀਮਾਂ ਦਾ ਲਾਭ ਪਰਿਵਾਰ ਦੇ ਦੋ ਬੱਚਿਆਂ ਤੱਕ ਲਿਆ ਜਾ ਸਕਦਾ ਹੈ। ਪਹਿਲਾਂ ਇਸ ਸਕੀਮ ਤਹਿਤ ਵਿਦਿਆਰਥੀ ਵੱਲੋਂ ਪਿਛਲੀ ਪਾਸ ਕੀਤੀ ਗਈ ਪ੍ਰੀਖਿਆ ਵਿਚੋਂ 50% ਅੰਕ ਪ੍ਰਾਪਤ ਕਰਨੇ ਜ਼ਰੂਰੀ ਸਨ,ਪਰੰਤੂ ਸ਼ੈਸ਼ਨ 2020-21 ਦੌਰਾਨ ਸਰਕਾਰ ਵੱਲੋਂ ਕੋਵਿਡ-19 ਮਹਾਂਮਾਰੀ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਸ਼ਰਤ ਤੋਂ ਛੋਟ ਦਿੱਤੀ ਗਈ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਵਿਦਿਅਕ ਸੰਸਥਾਵਾਂ ਨੂੰ ਨੈਸ਼ਨਲ ਸਕਾਲਰਸ਼ਿਪ ਪੋਰਟਲ ਤੇ ਰਜਿਸਟਰਡ ਕਰਵਾਉਣਾ ਅਤੇ ਸੰਸਥਾ ਦਾ ਨੋਡਲ ਅਫਸਰ ਨਿਯੁਕਤ ਕਰਨਾ ਜ਼ਰੂਰੀ ਹੈ।ਵਿਦਿਅਕ ਸੰਸਥਾਵਾਂ ਨੂੰ ਨੈਸ਼ਨਲ ਸਕਾਲਰਸਿਪ ਸਕੀਮ ਪੋਰਟਲ ਤੇ ਰਜਿਸਟਰਡ ਹੋਣ ਲਈ “ਇੰਸਟੀਚਿਊਟ ਨੋਡਲ ਅਫਸਰ ਰਜਿਸਟਰੇਸ਼ਨ ਫਾਰਮ” ਨਿਰਧਾਰਿਤ ਕੀਤਾ ਗਿਆ ਹੈ, ਜੋ ਪੋਰਟਲ ਤੇ ਸੰਸਥਾ ਦੇ ਲਾਗ-ਇਨ ਕਰਨ ਤੇ ਆਨਲਾਈਨ ਭਰਿਆ ਜਾਵੇਗਾ। ਸਕੂਲੀ ਸੰਸਥਾਵਾਂ ਵੱਲੋ ਇਸ ਫਾਰਮ ਨੂੰ ਭਰਨ ਉਪਰੰਤ ਨੋਡਲ ਅਫਸਰ ਦੀ ਫੋਟੋ ਅਤੇ ਪਹਿਚਾਨ ਪੱਤਰ ਸਮੇਤ ਤਸਦੀਕ ਫਾਰਮ ਨਿੱਜੀ ਪੱਧਰ ਤੇ ਜ਼ਿਲ੍ਹਾ ਸਿੱਖਿਆ ਅਫਸਰ (ਐਲ:ਸਿ/ਸੈ:ਸਿ) ਨੂੰ ਜਮ੍ਹਾਂ ਕਰਵਾਏ ਜਾਣਗੇ, ਜਦਕਿ ਕਾਲਜ਼ ਸੰਸਥਾਵਾਂ ਵੱਲੋ ਇਹ ਫਾਰਮ ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ ਮੋਗਾ ਨੂੰ ਜਮ੍ਹਾਂ ਕਰਵਾਏ ਜਾਣੇ ਹਨ। ਘੱਟ ਗਿਣਤੀ ਵਰਗ ਦੇ ਵਿਦਿਆਰਥੀ ਅਤੇ ਵਿਦਿਅਕ ਸੰਸਥਾਵਾਂ ਵਧੇਰੇ ਜਾਣਕਾਰੀ ਲਈ ਨੈਸ਼ਨਲ ਸਕਾਲਰਸਿਪ ਪੋਰਟਲ www.scholarships.gov.in ‘ਤੇ ਜਾਂ ਦਫਤਰ ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ, ਡਾ.ਬੀ.ਆਰ ਅੰਬੇਡਕਰ ਭਵਨ ਮੋਗਾ ਵਿਖੇ ਸੰਪਰਕ ਕਰ ਸਕਦੇ ਹਨ।