ਮੋਗਾ 28 ਅਕਤੂਬਰ
(ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ)-ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਘਰ ਘਰ ਰੋਜ਼ਗਾਰ ਯੋਜਨਾ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਵਰਦਾਨ ਸਾਬਿਤ ਹੋ ਰਹੀ ਹੈ। ਇਸ ਯੋਜਨਾ ਤਹਿਤ ਜਿੱਥੇ ਉੱਚ ਵਿਦਿਆ ਪ੍ਰਾਪਤ ਉਮੀਦਵਾਰਾਂ ਨੂੰ ਉਨਾਂ ਦੀ ਯੋਗਤਾ ਮੁਤਾਬਿਕ ਨੌਕਰੀ ਮਿਲ ਰਹੀ ਹੈ, ਉਥੇ ਹੀ ਘੱਟ ਪੜੇ ਲਿਖੇ ਨੌਜਵਾਨਾਂ ਨੂੰ ਵੀ ਸਨਮਾਨਜਨਕ ਨੌਕਰੀ ਕਰਨ ਦਾ ਮੌਕਾ ਮਿਲ ਰਿਹਾ ਹੈ। ਇੱਕ ਅਜਿਹਾ ਹੀ ਨੌਜਵਾਨ ਹੈ ਮੁਨੀਸ਼ ਕੁਮਾਰ (35 ਸਾਲ) ਜੋ ਕਿ ਪਿਛਲੇ ਦਿਨੀਂ ਲਗਾਏ ਗਏ ਰੋਜ਼ਗਾਰ ਮੇਲਿਆਂ ਦੌਰਾਨ ਨੌਕਰੀ ਪ੍ਰਾਪਤ ਕਰਨ ਵਿੱਚ ਸਫ਼ਲ ਰਿਹਾ ਅਤੇ ਆਪਣੀ ਇਸ ਨਵੀਂ ਨੌਕਰੀ ਤੋਂ ਪੂਰੀ ਤਰਾਂ ਸੰਤੁਸ਼ਟ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਮੁਨੀਸ਼ ਕੁਮਾਰ ਨੇ ਦੱਸਿਆ ਕਿ ਉਹ ਬਾਰਵੀਂ ਪਾਸ ਹੈ ਅਤੇ ਇਸ ਤੋਂ ਪਹਿਲਾਂ ਵੀ ਉਹ ਕਈ ਹੋਰ ਅਦਾਰਿਆਂ ਵਿੱਚ ਨੌਕਰੀ ਕਰ ਚੁੱਕਾ ਹੈ ਪਰੰਤੂ ਕੋਵਿਡ-19 ਮਹਾਂਮਾਰੀ ਦੇ ਕਾਰਨ ਉਸਦੀ ਨੌਕਰੀ ਚਲੀ ਗਈ ਸੀ ਅਤੇ ਉਹ ਕੁਝ ਸਮਾਂ ਬੇ-ਰੋਜ਼ਗਾਰ ਰਿਹਾ। ਇਸ ਉਪਰੰਤ ਉਸਨੇ ਆਪਣਾ ਨਾਮ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮੋਗਾ ਵਿਖੇ ਦਰਜ ਕਰਵਾਇਆ। ਬਿਊਰੋ ਵੱਲੋਂ ਦਫ਼ਤਰ ਵਿਖੇ ਲਗਾਏ ਜਾ ਰਹੇ ਮਹੀਨਾਵਾਰ ਪਲੇਸਮੈਂਟ ਕੈਂਪ ਵਿੱਚ ਉਸਦੀ ਇੰਟਰਵਿਊ ਕਰਵਾਈ ਗਈ ਤਾਂ ਉਸਨੂੰ ਨੌਕਰੀ ਬਿਨਾ ਕਿਸੇ ਖੱਜਲ ਖੁਆਰੀ ਦੇ ਮਿਲ ਗਈ।ਮੁਨੀਸ਼ ਨੇ ਦੱਸਿਆ ਕਿ ਉਸਦੀ ਚੋਣ ਮੈਸ: ਦੇਵੀ ਦਾਸ ਗੋਪਾਲ ਕਿ੍ਰਸ਼ਨ (ਪੀ ਮਾਰਕਾ) ਵਿੱਚ ਬਤੌਰ ਸਟੋਰ ਕੀਪਰ ਹੋ ਗਈ ਹੈ। ਉਸਨੇ ਦੱਸਿਆ ਕਿ ਇਸ ਨੌਕਰੀ ਲਈ ਉਸਨੂੰ 10,000/- ਰੁਪਏ ਮਹੀਨਾਵਾਰ ਮਿਹਨਤਾਨਾ ਮਿਲ ਰਿਹਾ ਹੈ ਅਤੇ ਉਹ ਇਸ ਨੌਕਰੀ ਤੋਂ ਪੂਰੀ ਤਰਾਂ ਸੰਤੁਸ਼ਟ ਹੈ। ਉਸਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਕਰਕੇ ਹੀ ਉਸਨੂੰ ਇੱਕ ਚੰਗੇ ਅਦਾਰੇ ਵਿੱਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ ਮਿਲਿਆ ਹੈ।ਮੁਨੀਸ਼ ਨੇ ਹੋਰਨਾਂ ਬੇ-ਰੋਜ਼ਗਾਰ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਉਹ ਨੌਕਰੀ ਪ੍ਰਾਪਤ ਕਰਨਾ ਚਾਹੰੁਦੇ ਹਨ ਤਾਂ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮੋਗਾ ਵਿਖੇ ਸੰਪਰਕ ਕਰਕੇ ਆਪਣੀ ਰਜਿਸਟਰੇਸ਼ਨ ਕਰਾਉਣ। ਜੇਕਰ ਉਨਾਂ ਵਿੱਚ ਨੌਕਰੀ ਕਰਨ ਦੀ ਪੱਕੀ ਨਿਸ਼ਠਾ ਹੈ ਤਾਂ ਉਨਾਂ ਨੂੰ ਉਨਾਂ ਦੀ ਯੋਗਤਾ ਮੁਤਾਬਿਕ ਜ਼ਰੂਰ ਨੌਕਰੀ ਮਿਲ ਜਾਵੇਗੀ।