12 ਜੂਨ (ਮਿੰਟੂ ਖੁਰਮੀ, ਕੁਲਦੀਪ ਗੋਹਲ )
ਇਥੇ ਥਾਣਾ ਸਦਰ ਅਧੀਨ ਪਿੰਡ ਖੋਸਾ ਪਾਂਡੋ ਵਿਖੇ 8 ਜੂਨ ਦੀ ਰਾਤ ਨੂੰ ਪੁਲੀਸ ਉੱਤੇ ਗੋਲੀਬਾਰੀ ਕਰਨ ਵਾਲੇ ਨੌਜਵਾਨ ਗੁਰਵਿੰਦਰ ਸਿੰਘ(36)ਪਿੰਡ ਖੋਸਾ ਪਾਂਡੋ ਦੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫ਼ਰੀਦਕੋਟ ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਥਾਣਾ ਸਦਰ ਮੁਖੀ ਕਰਮਜੀਤ ਸਿੰਘ ਧਾਲੀਵਾਲ ਨੇ ਨੌਜਵਾਨ ਗੁਰਵਿੰਦਰ ਸਿੰਘ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਨੌਜਵਾਨ ਖ਼ਿਲਾਫ਼ ਉਸ ਦੇ ਸਕੇ ਚਾਚਾ ਬਲਦੇਵ ਸਿੰਘ ਨੇ 8 ਜੂਨ ਨੂੰ ਐੱਸਐੱਸਪੀ ਨੂੰ ਤੂੜੀ ਸਾੜਨ ਦੀ ਸ਼ਿਕਾਇਤ ਦਿੱਤੀ ਸੀ। ਥਾਣਾ ਸਦਰ ਪੁਲੀਸ ਕਾਰਵਾਈ ਲਈ ਦੇਰ ਰਾਤ ਪਿੰਡ ਗਈ ਤਾਂ ਮੁਲਜਮ ਘਰ ਦੀ ਛੱਤ ਉੱਤੇ ਰਾਈਫ਼ਲ ਲੈ ਕੇ ਘੁੰਮ ਰਿਹਾ ਸੀ। ਉਸਲ ਨੇ ਪੁਲੀਸ ਨੂੰ ਘਰ ’ਚ ਦਾਖਲ ਹੋਣ ਉੱਤੇ ਗੋਲੀ ਮਾਰਨ ਦੀ ਚਿਤਾਵਨੀ ਦਿੱਤੀ।
ਉਸ ਨੂੰ ਕਾਬੂ ਕਰਨ ਲਈ ਸੀਆਈਏ ਸਟਾਫ਼ ਇੰਚਾਰਜ ਇੰਸਪੈਕਟਰ ਤਰਲੋਚਨ ਸਿੰਘ,ਹੌਲਦਾਰ ਜਗਮੋਹਣ ਸਿੰਘ ਤੇ ਹੌਲਦਾਰ ਵੇਦਮ ਸਿੰਘ ਮੁਲਜ਼ਮ ਨੂੰ ਕਾਬੂ ਕਰਨ ਲਈ ਅੱਗੇ ਵੱਧੇ ਤਾਂ ਉਸ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ । ਗੋਲੀ ਲੱਗਣ ਨਾਲ ਹੌਲਦਾਰ ਜਗਮੋਹਣ ਸਿੰਘ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਅਤੇ ਇੰਸਪੈਕਟਰ ਤਰਲੋਚਨ ਸਿੰਘ ਤੇ ਹੌਲਦਾਰ ਵੇਦਮ ਸਿੰਘ ਜਖ਼ਮੀ ਹੋ ਗਏ ਸਨ। ਇਸ ਮੌਕੇ ਪੁਲੀਸ ਵੱਲੋਂ ਜਵਾਬੀ ਫ਼ਾਈਰਿੰਗ ਵਿੱਚ ਗੁਰਵਿੰਦਰ ਸਿੰਘ ਜਖ਼ਮੀ ਹੋ ਗਿਆ ਅਤੇ ਉਸ ਦੇ ਪੇਟ ਅਤੇ ਲੱਤ ਵਿੱਚ ਗੋਲੀ ਲੱਗੀ ਸੀ। ਉਸ ਨੂੰ ਫ਼ਰੀਦਕੋਟ ਵਿਖੇ ਰੈਫ਼ਰ ਕੀਤਾ ਗਿਆ ਸੀ, ਜਿਥੇ ਉਸਦੀ ਇਲਾਜ ਦੌਰਾਨ ਮੌਤ ਹੋ ਗਈ।