ਮੋਗਾ 13 ਮਈ ( ਜਗਰਾਜ ਸਿੰਘ ਗਿੱਲ) ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਜ਼ਿਲਾ ਮੋਗਾ ਦੀ ਮੀਟਿੰਗ ਸੂਬਾ ਪ੍ਰੈੱਸ ਸਕਤਰ ਅਵਤਾਰ ਸਿੰਘ ਮਹਿਮਾ ਦੀ ਅਗਵਾਹੀ ਹੇਠ ਡੇਰਾ ਬਾਬਾ ਸ਼੍ਰੀ ਚੰਦ ਜੀ ਪਿੰਡ ਸਾਲੀਣਾ ਵਿਚ ਹੋਈ | ਜਿਸ ਵਿੱਚ ਜ਼ਿਲ੍ਹਾ ਆਗੂ ਅਤੇ ਵੱਖ ਵੱਖ ਪਿੰਡਾਂ ਦੇ ਕਿਸਾਨਾਂ ਨੇ ਸ਼ਮੂਲੀਅਤ ਕੀਤੀ | ਮੀਟਿੰਗ ਵਿੱਚ ਕਿਸਾਨਾਂ ਨੇ ਵਿਚਾਰ ਚਰਚਾ ਕਰਕੇ 21 ਮਈ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਗਰਾਉਂ ਦਾਣਾ ਮੰਡੀ ਵਿੱਚ ਕੀਤੀ ਜਾ ਰਹੀ ਵਿਸ਼ਾਲ ਰੈਲੀ ਵਿੱਚ ਪਹੁੰਚਣ ਦੀ ਵਿਉਂਤਬੰਦੀ ਉਲੀਕੀ |
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਆਗੂਆਂ ਨੇ ਦੱਸਿਆ ਕਿ ਅੱਜ ਜ਼ਿਲੇ ਦੇ ਕੰਮ ਨੂੰ ਹੋਰ ਸੁਚੱਜੇ ਢੰਗ ਨਾਲ ਚਲਾਉਣ ਲਈ ਆਗੂਆਂ ਨੂੰ ਜਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਜਿਸ ਵਿੱਚ ਸਰਬਸੰਮਤੀ ਨਾਲ ਕਾਰਜਕਾਰੀ ਕਮੇਟੀ ਚੁਣਦਿਆਂ ਜਤਿੰਦਰ ਸਿੰਘ ਸਲੀਣਾ ਨੂੰ ਜ਼ਿਲ੍ਹਾ ਪ੍ਰਧਾਨ, ਸਤਨਾਮ ਸਿੰਘ ਹਰੀਏਵਾਲਾ ਨੂੰ ਜ਼ਿਲ੍ਹਾ ਜਨਰਲ ਸਕੱਤਰ, ਮਨਜਿੰਦਰ ਸਿੰਘ ਮੌਜਗੜ੍ਹ ਨੂੰ ਮੀਤ ਪ੍ਰਧਾਨ, ਕਸ਼ਮੀਰ ਸਿੰਘ ਭੇਖਾ ਨੂੰ ਮੀਤ ਪ੍ਰਧਾਨ, ਕਰਮਜੀਤ ਸਿੰਘ ਬਰਾੜ ਨੂੰ ਖਜਾਨਚੀ, ਜਸਵੀਰ ਸਿੰਘ ਕਿਲੀ ਚਹਿਲ ਨੂੰ ਜਥੇਬੰਦਕ ਸਕੱਤਰ ਅਤੇ ਤਜਿੰਦਰ ਸਿੰਘ ਭੇਖਾ ਨੂੰ ਪ੍ਰੈੱਸ ਸਕੱਤਰ ਦੀ ਜਿੰਮੇਵਾਰੀ ਸੌਂਪੀ ਗਈ ਹੈ | ਇਸ ਮੌਕੇ ਚੁਣੀ ਹੋਈ ਕਮੇਟੀ ਵੱਲੋਂ ਵਿਸ਼ਵਾਸ ਦਵਾਇਆ ਗਿਆ ਕਿ ਉਹ ਜ਼ਿਲੇ ਦੇ ਵੱਧ ਤੋਂ ਵੱਧ ਪਿੰਡਾਂ ਤੱਕ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਾ ਵਿਸਥਾਰ ਕਰਨਗੇ ਅਤੇ ਜਥੇਬੰਦੀ ਨੂੰ ਹੋਰ ਬੁਲੰਦੀਆਂ ਵੱਲ ਲੈ ਕੇ ਜਾਣ ਵਿੱਚ ਆਪਣਾ ਪੂਰਾ ਯੋਗਦਾਨ ਪਾਉਣਗੇ |
ਆਗੂਆਂ ਨੇ ਕਿਸਾਨਾਂ ਤੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਹੋਇਆਂ ਕਿਹਾ ਕਿ 21 ਮਈ ਨੂੰ ਜਗਰਾਉਂ ਵਿਖੇ ਹੋ ਰਹੀ ਕਿਸਾਨ ਮਜ਼ਦੂਰ ਮਹਾ ਪੰਚਾਇਤ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੋ ਤਾਂ ਕਿ ਦੇਸ਼ ਵਿਰੋਧੀ ਬੀਜੇਪੀ ਦੀ ਸਰਕਾਰ ਨੂੰ ਦੇਸ਼ ਦੀ ਵਿੱਚੋਂ ਸੱਤਾ ਤੋਂ ਲਾਂਭੇ ਕੀਤਾ ਜਾ ਸਕੇ | ਉਨਾਂ ਨੇ ਪਿੰਡਾਂ ਵਿੱਚ ਬੀਜੇਪੀ ਉਮੀਦਵਾਰਾਂ ਦੇ ਆਉਣ ਤੇ ਲੋਕਾਂ ਨੂੰ ਸ਼ਾਂਤਮਈ ਤਰੀਕੇ ਨਾਲ ਸਵਾਲ ਕਰਨ ਅਤੇ ਸਵਾਲਾਂ ਦੇ ਜਵਾਬ ਨਾ ਦੇ ਸਕਣ ਤੇ ਕਾਲੇ ਝੰਡੇ ਵਿਖਾ ਕੇ ਵਿਰੋਧ ਪ੍ਰਦਰਸ਼ਨ ਜਾਰੀ ਰੱਖਣ ਦੀ ਅਪੀਲ ਕੀਤੀ |