ਕਰੋਨਾ ਟੀਕਾ ਪੂਰੀ ਤਰ੍ਹਾਂ ਸੁਰੱਖਿਅਤ-ਸਿਵਲ ਸਰਜਨ ਮੋਗਾ
ਮੋਗਾ, 8 ਜਨਵਰੀ (ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ)
ਕੋਵਿਡ-19 ਮਹਾਂਮਾਰੀ ਦੇ ਪ੍ਰਕੋਪ ਤੋਂ ਆਮ ਲੋਕਾਂ ਨੂੰ ਸੁਰੱਖਤ ਕਰਨ ਲਈ ਵੈਕਸੀਨੇਸ਼ਨ ਦੇਣ ਦੀ ਪ੍ਰਕਿਰਿਆ ਦੀ ਤਿਆਰੀ ਵਜੋਂ ਅੱਜ ਮਿਸ਼ਨ ਫਤਹਿ ਤਹਿਤ ਸਮੁੱਚੇ ਪੰਜਾਬ ਵਿੱਚ ਡਰਾਈ ਰਨ ਮੁਹਿੰਮ ਦੀ ਅਰੰਭਤਾ ਹੋਈ। ਇਸੇ ਲੜੀ ਤਹਿਤ ਅੱਜ ਮੋਗਾ ਵਿੱਚ ਵੀ ਤਿੰਨ ਥਾਵਾਂ ਸਰਕਾਰੀ ਹਸਪਤਾਲ ਮੋਗਾ, ਸਰਕਾਰੀ ਹਸਪਤਾਲ ਬਾਘਾਪੁਰਾਣਾ ਅਤੇ ਮਿੱਤਲ ਹਸਪਤਾਲ ਮੋਗਾ ਵਿਖੇ ਡਰਾਈ ਰਨ ਸਟਾਫ ਨੇ ਅਭਿਆਸ ਵਜੋਂ ਵੈਕਸੀਨੇਸ਼ਨ ਦੇ ਵੱਖ-ਵੱਖ ਪੜਾਹ ਤਹਿਤ ਆਪਣੀਆਂ ਜਿੰਮੇਵਾਰੀਆਂ ਨਿਭਾਈਆਂ। ਇਸ ਮੌਕੇ ਪਹਿਲਾਂ ਹੀ ਰਜਿਸਟਰਡ ਕੀਤੇ ਜਾ ਚੁੱਕੇ ਲਾਭਪਾਤਰੀਆਂ ਦੀ ਕੋਵਿਡ-19 ਸੁਰੱਖਿਤ ਟੀਕਾਕਰਨ ਵੈਬਸਾਈਟ ਤੇ ਪੁਨਰ ਰਜਿਸਟਰੇਸ਼ਨ ਕੀਤੀ ਗਈ। ਜਿਸ ਦੌਰਾਨ ਕਿਸੇ ਵੀ ਸਨਾਖਤੀ ਕਾਰਡ ਰਾਹੀਂ ਪਹਿਚਾਣ ਕਰਨ ਉਪਰੰਤ ਟੀਕਾਕਰਨ ਕੀਤਾ ਗਿਆ।
ਇਸ ਬਾਰੇ ਜਾਣਕਾਰਦੀ ਦਿੰਦਿਆਂ ਸਿਵਲ ਸਰਜਨ ਮੋਗਾ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਦੱਸਿਆ ਕਿ ਕਰੋਨਾ ਦਾ ਇਹ ਟੀਕਾ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇਸ ਨੂੰ ਲਗਾਉਣ ਤੋਂ ਅੱਧਾ ਘੰਟਾ ਤੱਕ ਮਰੀਜ਼ ਦੀ ਦੇਖ ਰੇਖ ਲਈ ਮਾਹਿਰ ਸਟਾਫ਼ ਵੀ ਹਾਜ਼ਰ ਰੱਖਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਟਾਫ਼ ਨੂੰ ਇਹ ਵੀ ਟ੍ਰੇਨਿੰਗ ਦਿੱਤੀ ਗਈ ਕਿ ਟੀਕਾਕਰਨ ਤੋਂ ਬਾਅਦ ਜੇਕਰ ਕਿਸੇ ਨੂੰ ਕੋਈ ਸਰੀਰਕ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਸ ਮਰੀਜ਼ ਦਾ ਇਲਾਜ ਕਿਵੇਂ ਕੀਤਾ ਜਾਣਾ ਹੈ।
ਇਸ ਮੌਕੇ ਡਾ. ਸੁਖਪ੍ਰੀਤ ਬਰਾੜ ਸੀਨੀਅਰ ਮੈਡੀਕਲ ਅਫਸਰ, ਸਿਵਲ ਹਸਪਤਾਲ ਮੋਗਾ ਅਤੇ ਡਾ. ਹਰਿੰਦਰ ਕੁਮਾਰ ਸ਼ਰਮਾ ਜਿਲ੍ਹਾ ਟੀਕਾਕਰਨ ਅਫਸਰ ਨੇ ਸਾਂਝੇ ਤੌਰ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹੇ ਅੰਦਰ ਇਹ ਪਹਿਲੀ ਡਰਾਈ ਰਨ ਰਿਹੱਸਲ ਹੈ ਅਤੇ ਵਿਭਾਗ ਵੱਲੋਂ ਇਸਦੇ ਪੂਰੇ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਜਿਲ੍ਹਾ ਪਰਿਵਾਰ ਭਲਾਈ ਅਫਸਰ ਮੋਗਾ ਡਾ. ਰਪਿੰਦਰ ਕੌਰ ਗਿੱਲ, ਸਹਾਇਕ ਸਿਵਲ ਸਰਜਨ ਮੋਗਾ ਡਾ. ਜਸਵੰਤ ਸਿੰਘ ਗਿੱਲ, ਜਿਲ੍ਹਾ ਸਿਹਤ ਅਫਸਰ ਡਾ. ਅਸ਼ੋਕ ਸਿੰਗਲਾ, ਜਿਲ੍ਹਾ ਡਿਪਟੀ ਮੈਡੀਕਲ ਕਮਿਸ਼ਨਰ ਮੋਗਾ ਡਾ. ਰਜ਼ੇਸ ਅੱਤਰੀ, ਜਿਲ੍ਹਾ ਐਪੀਡੋਮੋਜਿਸਟ ਡਾ. ਮਨੀਸ਼ ਅਰੋੜਾ, ਸਹਾਇਕ ਹਸਪਤਾਲ ਪ੍ਰਸ਼ਾਸ਼ਨ ਮਨਪ੍ਰੀਤ ਕੌਰ, ਕ੍ਰਿਸ਼ਨਾ ਸ਼ਰਮਾ ਜਿਲ੍ਹਾ ਸਿੱਖਿਆ ਅਤੇ ਸੂਚਨਾ ਅਫਸਰ ਅਤੇ ਜਿਲ੍ਹਾ ਪ੍ਰੋਗਰਾਮ ਮੈਨੇਜ਼ਰ ਅੰਮ੍ਰਿਤ ਸ਼ਰਮਾਂ ਹਾਜ਼ਰ ਸਨ।