• Sat. Nov 23rd, 2024

ਕੋਰੋਨਾ ਮੁਕਤ ਪਿੰਡ’ ਲਈ ਇੱਕ ਸੁਚੱਜੀ ਮੁਹਿੰਮ ਚਲਾਈ ਜਾਵੇ – ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ

ByJagraj Gill

May 27, 2021

 

– ਮੁੱਖ ਮੰਤਰੀ ਦੇ ਆਦੇਸ਼ ਉੱਤੇ ਡਿਪਟੀ ਕਮਿਸ਼ਨਰ ਨੇ ਕੋਰੋਨਾ ਮੁਕਤ ਪੰਜਾਬ ਲਈ ‘ਰੂਰਲ ਕੋਰੋਨਾ ਵਲੰਟੀਅਰ’ ਸਮੂਹ ਕਾਇਮ ਕਰਨ ਦੀ ਹਦਾਇਤ

 

– ਟੀਕਾਕਰਨ ਨੂੰ ਉਤਸ਼ਾਹਤ ਕਰਨ ਲਈ ‘ਮੈਂ ਟੀਕਾ ਲਗਵਾ ਚੁੱਕਿਆ ਹਾਂ’ ਸਟਿੱਕਰਾਂ/ਸਮੂਹਾਂ ਦੀ ਸ਼ੁਰੂਆਤ

 

ਮੋਗਾ, 28 ਮਈ (ਜਗਰਾਜ ਸਿੰਘ ਗਿੱਲ ਮਨਪ੍ਰੀਤ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਨੌਜਵਾਨਾਂ ਦੀ ਸ਼ਮੂਲੀਅਤ ਵਾਲੀ ਇੱਕ ਨਵੀਂ ਸ਼ੁਰੂਆਤ ਕੀਤੀ ਤਾਂ ਜੋ ‘ਕੋਰੋਨਾ ਮੁਕਤ ਪੰਜਾਬ ਅਭਿਆਨ’ ਦੇ ਹਿੱਸੇ ਵਜੋਂ ਸੂਬੇ ਦੇ ਮਿਸ਼ਨ ਫਤਹਿ 2.0 ਨੂੰ ਅੱਗੇ ਵਧਾਇਆ ਜਾ ਸਕੇ। ਉਨਾਂ ਕੋਰੋਨਾ ਦੀ ਮਹਾਂਮਾਰੀ ਨਾਲ ਲੜਣ ਲਈ ਪ੍ਰਤੀ ਪਿੰਡ ਜਾਂ ਪ੍ਰਤੀ ਮਿਊਂਸਪਲ ਵਾਰਡ ਸੱਤ ਰੂਰਲ ਕੋਰੋਨਾ ਵਲੰਟੀਅਰ (ਆਰ.ਸੀ.ਵੀ.) ਸਮੂਹ ਕਾਇਮ ਕਰਨ ਦੇ ਨਿਰਦੇਸ਼ ਵੀ ਦਿੱਤੇ।

 

ਅੱਜ ਆਨਲਾਈਨ ਸਮਾਗਮ ਤੋਂ ਬਾਅਦ ਗੱਲਬਾਤ ਕਰਦਿਆਂ ਧਰਮਕੋਟ ਦੇ ਵਿਧਾਇਕ ਸ੍ਰ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਕਿਹਾ ਕਿ ਕੋਵਿਡ ਦੀ ਦੂਜੀ ਲਹਿਰ ਦੌਰਾਨ ਪਿੰਡਾਂ ਦੇ ਬੁਰੀ ਤਰਾਂ ਪ੍ਰਭਾਵਿਤ ਹੋਣ ਦੇ ਮੱਦੇਨਜ਼ਰ ਇਹ ਜ਼ਰੂਰੀ ਹੋ ਜਾਂਦਾ ਹੈ ਕਿ ‘ਕੋਰੋਨਾ ਮੁਕਤ ਪਿੰਡ’ ਲਈ ਇੱਕ ਸੁਚੱਜੀ ਮੁਹਿੰਮ ਚਲਾਈ ਜਾਵੇ। ਉਨਾਂ ਕਿਹਾ ਕਿ ਮੁੱਖ ਮੰਤਰੀ ਨੇ ਖੇਡ ਤੇ ਯੁਵਾ ਮਾਮਲੇ ਵਿਭਾਗ ਅਤੇ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਇਹ ਹਦਾਇਤਾਂ ਦਿੱਤੀਆਂ ਕਿ ਅਜਿਹੇ ਆਰ.ਸੀ.ਵੀ. ਸਮੂਹ ਤੁਰੰਤ ਕਾਇਮ ਕੀਤੇ ਜਾਣ ਜੋ ਕਿ ਕੋਰੋਨਾ ਖਿਲਾਫ ਜੰਗ ਵਿੱਚ ਅਹਿਮ ਯੋਗਦਾਨ ਪਾਉਣ। ਉਨਾਂ ਇਹ ਵੀ ਕਿਹਾ ਕਿ ਮੌਜੂਦਾ ਕਲੱਬ ਵੀ ਆਰ.ਸੀ.ਵੀ. ਬਣ ਸਕਦੇ ਹਨ ਅਤੇ ਇਸ ਤਰਾਂ ਇਨਾਂ ਵੱਲੋਂ ਕੋਵਿਡ ਖਿਲਾਫ ਜੰਗ ਵਿਚ ਪੰਚਾਇਤਾਂ ਅਤੇ ਮਿਊਂਸਪੈਲਟੀਆਂ ਨੂੰ ਭਰਪੂਰ ਮਦਦ ਦਿੱਤੀ ਜਾ ਸਕਦੀ ਹੈ।

 

ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਨੇ ਮੁੱਖ ਮੰਤਰੀ ਦੇ ਆਦੇਸ਼ ਉੱਤੇ ਤੁਰੰਤ ਸਬੰਧਤ ਅਧਿਕਾਰੀਆਂ ਨੂੰ ਕੋਰੋਨਾ ਮੁਕਤ ਪੰਜਾਬ ਲਈ ‘ਰੂਰਲ ਕੋਰੋਨਾ ਵਲੰਟੀਅਰ’ ਸਮੂਹ ਕਾਇਮ ਕਰਨ ਦੀ ਹਦਾਇਤ ਕੀਤੀ। ਉਹਨਾਂ ਨੇ ਕਿਹਾ ਕਿ ਲੋਕਾਂ ਵੱਲੋਂ ਦਿੱਤੇ ਗਏ ਭਰਪੂਰ ਹੁੰਗਾਰੇ ਸਦਕਾ ਹੀ ਤਿੰਨ ਹਫਤਿਆਂ ਦੌਰਾਨ ਸੂਬੇ ਵਿਚ ਕੋਵਿਡ ਦੇ ਮਾਮਲੇ 9,000 ਤੋਂ ਘਟ ਕੇ 4,000 ਤੱਕ ਹੀ ਰਹਿ ਗਏ ਹਨ ਪਰ ਇਸ ਵਾਰ ਪੇਂਡੂ ਖੇਤਰਾਂ ਉੱਤੇ ਕੋਵਿਡ ਦੀ ਜ਼ਿਆਦਾ ਮਾਰ ਹੋਣ ਕਾਰਨ ਸਥਿਤੀ ਅਜੇ ਵੀ ਗੰਭੀਰ ਹੈ।

 

ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਆਰ.ਸੀ.ਵੀਜ਼ ਨੂੰ ਟੈਸਟ, ਟਰੇਸ ਤੇ ਟਰੀਟ (ਜਾਂਚ, ਭਾਲ ਤੇ ਇਲਾਜ) ਸਬੰਧੀ ਲੋਕਾਂ ਨੂੰ ਜਾਗਰੂਕ ਕਰਨ, ਗਰੀਬ ਅਤੇ ਬਜ਼ੁਰਗ ਵਿਅਕਤੀਆਂ ਦੀ ਸੰਭਾਲ ਕਰਦੇ ਹੋਏ ਉਨਾਂ ਦੀ ਕੋਵਿਡ ਕੰਟਰੋਲ ਰੂਮ ਅਤੇ ਹੈਲਪਲਾਈਨਾਂ ਤੱਕ ਪਹੁੰਚ ਆਸਾਨ ਬਣਾਉਣ, ਸਾਰੇ ਪਿੰਡਾਂ ਵਿਚ ਠੀਕਰੀ ਪਹਿਰੇ ਲਾਉਣ, ਕੋਵਿਡ ਤੋਂ ਬਚਾਅ ਲਈ ਸਭ ਨਿਯਮਾਂ ਦਾ ਪਾਲਣ ਕਰਨ, ਚੰਗੀਆਂ ਇਲਾਜ ਸੁਵਿਧਾਵਾਂ ਹਾਸਲ ਕਰਨ ਵਿਚ ਪੇਂਡੂ ਲੋਕਾਂ ਦੀ ਮਦਦ ਕਰਨ, ਨੀਮ ਹਕੀਮਾਂ ਤੋਂ ਦੂਰ ਰਹਿਣ, ਕੋਵਾ ਐਪ ਡਾਊਨਲੋਡ ਕਰਨ ਤੋਂ ਇਲਾਵਾ ਬੈਨਰ ਅਤੇ ਕਿਤਾਬਚਿਆਂ ਆਦਿ ਪੇਸ਼ਕਦਮੀਆਂ ਦਾ ਦਾਇਰਾ ਵਧਾ ਕੇ ਹਰ ਵਿਅਕਤੀ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਸੌਂਪੀ ਹੈ।

 

ਉਹਨਾਂ ਕਿਹਾ ਕਿ ਕੋਵਿਡ ਸਬੰਧੀ ਫੈਲਾਈਆਂ ਜਾ ਰਹੀਆਂ ਅਫਵਾਹਾਂ ਅਤੇ ਸੋਸ਼ਲ ਮੀਡੀਆ ਉੱਤੇ ਹੋਰ ਰਹੇ ਝੂਠੇ ਪ੍ਰਚਾਰ ਨੂੰ ਰੋਕਣ ਲਈ ਨੌਜਵਾਨਾਂ ਵੱਲੋਂ ਅਹਿਮ ਭੂਮਿਕਾ ਨਿਭਾਈ ਜਾ ਸਕਦੀ ਹੈ ਅਤੇ ਇਸ ਮਹਾਂਮਾਰੀ ਖਿਲਾਫ ਲੜਦੇ ਹੋਏ ਇਕੱਠੇ ਹੋ ਕੇ ਜ਼ਿਲ੍ਹਾ ਮੋਗਾ ਨੂੰ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਉਨਾਂ ਦੀ ਪੂਰੀ ਮਦਦ ਕਰੇਗਾ।

 

ਦੱਸਣਯੋਗ ਹੈ ਕਿ ਯੁਵਾ ਮਾਮਲੇ ਵਿਭਾਗ ਵੱਲੋਂ ਜ਼ਿਲ੍ਹਾ ਮੋਗਾ ਵਿੱਚ ਅੱਜ 1 ਹਜ਼ਾਰ ਬੈਜ ਅਤੇ 1 ਹਜ਼ਾਰ ਕਾਰ ਸਟਿੱਕਰ, ਜਿਨਾਂ ਉੱਤੇ ‘ਮੈਂ ਟੀਕਾ ਲਗਵਾ ਚੁੱਕਿਆ ਹਾਂ’ ਲਿਖਿਆ ਹੋਇਆ ਹੈ, ਵੰਡੇ ਜਾਣ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਉਨਾਂ ਆਰ.ਸੀ.ਵੀਜ਼ ਨੂੰ ਕਿਹਾ ਕਿ ਲੋਕਾਂ ਨੂੰ ਟੀਕਾਕਰਨ ਕਰਵਾ ਲੈਣ ਮਗਰੋਂ ਇਸ ਜਾਣਕਾਰੀ ਦਾ ਖੁਲਾਸਾ ਕਰਨ ਲਈ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਹੋਰ ਲੋਕ ਵੀ ਟੀਕਾਕਰਨ ਲਈ ਅੱਗੇ ਆ ਸਕਣ।

 

 

ਉਹਨਾਂ ਕਿਹਾ ਕਿ ਕੋਰੋਨਾ ਖਿਲਾਫ ਲੜਾਈ ਵਿਚ ਉਸਾਰੂ ਭੂਮਿਕਾ ਨਿਭਾਉਣ ਲਈ ਮੁੱਖ ਮੰਤਰੀ ਨੇ ਹਰੇਕ ਆਰ.ਸੀ.ਵੀ ਨੂੰ ਇੱਕ-ਇੱਕ ਸਪੋਰਟਸ ਕਿੱਟ 12 ਅਗਸਤ ਨੂੰ ਕੌਮਾਂਤਰੀ ਯੁਵਾ ਦਿਵਸ ਮੌਕੇ ਦੇਣ ਦਾ ਐਲਾਨ ਕੀਤਾ ਹੈ। ਸ਼੍ਰੀ ਹੰਸ ਨੇ ਇਹ ਉਮੀਦ ਜ਼ਾਹਰ ਕੀਤੀ ਕਿ ਮਿਸ਼ਨ 2.0 ਕੋਵਿਡ ਖਿਲਾਫ ਜੰਗ ਵਿਚ ਆਖਰੀ ਮਿਸ਼ਨ ਸਿੱਧ ਹੋਵੇਗਾ।

 

ਇਸ ਮੌਕੇ ਨੌਜਵਾਨ ਵਰਗ ਵਿਚ ਹਰਮਨਪਿਆਰੇ ਅਤੇ ਸੂਬੇ ਦੀ ਕੋਵਿਡ ਟੀਕਾਕਰਨ ਮੁਹਿੰਮ ਦੇ ਬ੍ਰਾਂਡ ਅੰਬੈਸਡਰ ਫਿਲਮ ਅਦਾਕਾਰ ਸੋਨੂੰ ਸੂਦ ਨੇ ਖਾਸ ਕਰਕੇ ਪੇਂਡੂ ਖੇਤਰਾਂ ਵਿਚ ਟੀਕਾਕਰਨ ਦੀ ਮਹੱਤਤਾ ਤੋਂ ਲੋਕਾਂ ਨੂੰ ਜਾਣੰੂ ਕਰਵਾਏ ਜਾਣ ਦਾ ਸੱਦਾ ਦਿੱਤਾ। ਉਨਾਂ ਕਿਹਾ ਕਿ ਉਹ ਨਿੱਜੀ ਤੌਰ ’ਤੇ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਨਗੇ ਕੇ ਸੂਬੇ ਨੂੰ ਭਾਰਤ ਬਾਇਓਟੈਕ ਤੋਂ ਵੱਧ ਤੋਂ ਵੱਧ ਗਿਣਤੀ ਵਿਚ ਟੀਕਿਆਂ ਦੀ ਸਪਲਾਈ ਮਿਲ ਸਕੇ। ਉਨਾਂ ਸਰਕਾਰੀ ਹਸਪਤਾਲ, ਮੋਗਾ ਵਿਖੇ ਇੱਕ ਮੈਡੀਕਲ ਆਕਸੀਜਨ ਪਲਾਂਟ ਸਥਾਪਤ ਕਰਨ ਦੀ ਵੀ ਇੱਛਾ ਜਤਾਈ।

 

ਇਸ ਮੌਕੇ ਹਾਜ਼ਰ ਯੂਥ ਕਲੱਬਾਂ ਦੇ ਨੌਜਵਾਨਾਂ ਨੇ ਭਰੋਸਾ ਦਿੱਤਾ ਕਿ ਉਹ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਹਿ ਨੂੰ ਸਫ਼ਲ ਕਰਨ ਲਈ ਪੂਰਾ ਸਹਿਯੋਗ ਕਰਨਗੇ। ਇਸ ਮੌਕੇ ਚੇਅਰਮੈਨ ਸ੍ਰ ਇੰਦਰਜੀਤ ਸਿੰਘ ਤਲਵੰਡੀ ਭੰਗੀਰੀਆਂ, ਚੇਅਰਮੈਨ ਸ੍ਰ ਇੰਦਰਜੀਤ ਸਿੰਘ ਬੀੜ੍ਹ ਚੜਿੱਕ, ਚੇਅਰਮੈਨ ਸ਼੍ਰੀ ਵਿਨੋਦ ਬਾਂਸਲ ਅਤੇ ਹੋਰ ਵੀ ਹਾਜ਼ਰ ਸਨ।

 

 

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *