ਮੋਗਾ, 23 ਸਤੰਬਰ (ਜਗਰਾਜ ਗਿੱਲ, ਮਨਪ੍ਰੀਤ ਮੋਗਾ)
ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਸੁਨਹਿਰੀ ਮੌਕੇ ਪ੍ਰਦਾਨ ਕਰਵਾਉਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਦੀ ‘ਘਰ-ਘਰ ਰੋਜ਼ਗਾਰ ਸਕੀਮ’ ਤਹਿਤ ਕੋਵਿਡ ਦੇ ਨਿਯਮਾਂ ਨੂੰ ਅਪਨਾ ਕੇ ਰੋਜ਼ਗਾਰ ਮੇਲੇ ਆਯੋਜਿਤ ਕੀਤੇ ਜਾ ਰਹੇ ਹਨ ਤਾਂ ਕਿ ਸੂਬੇ ਦੇ ਵੱਧ ਤੋ ਵੱਧ ਕਾਬਲ ਨੌਜਵਾਨ ਆਪਣੇ ਪੈਰਾਂ ਉੱਪਰ ਖੜ੍ਹੇ ਹੋ ਸਕਣ।ਇਸ ਤਹਿਤ ਜ਼ਿਲ੍ਹਾ ਮੋਗਾ ਵਿੱਚ ਲਗਾਏ ਗਏ ਤਿੰਨ ਬਲਾਕ ਪੱਧਰੀ ਮੇਲੇ ਅੱਜ ਸਫ਼ਲਤਾਪੂਰਵਕ ਸੰਪੰਨ ਹੋ ਗਏ ਹਨ। ਅੱਜ ਤੀਸਰੇ ਮੇਲੇ ਜਿਹੜਾ ਕਿ ਕੋਟ ਈਸੇ ਖਾਂ ਵਿਖੇ ਲਗਾਇਆ ਗਿਆ ਵਿੱਚ 245 ਨੌਜਵਾਨਾਂ ਦੀ ਚੋਣ ਕੀਤੀ ਗਈ।
ਜ਼ਿਲ੍ਹਾ ਮੋਗਾ ਵਿੱਚ ਜ਼ਿਲ੍ਹਾ ਪੱਧਰੀ ਮੈਗਾ ਰੋਜ਼ਗਾਰ ਮੇਲੇ 26 ਅਤੇ 29 ਸਤੰਬਰ, 2020 ਨੂੰ ਸਰਕਾਰੀ ਉਦਯੋਗਿਕ ਸਿਲਖਾਈ ਸੰਸਥਾ ਮੋਗਾ ਵਿਖੇ ਆਯੋਜਿਤ ਕੀਤੇ ਜਾ ਰਹੇ ਹਨ। ਇਨ੍ਹਾਂ ਰੋਜ਼ਗਾਰ ਮੇਲਿਆਂ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਕੋਵਿਡ-19 ਦੇ ਸੰਕਰਮਣ ਨੂੰ ਮੁੱਖ ਰੱਖਦਿਆਂ ਹੋਇਆਂ ਸਮਾਜਿਕ ਇਕੱਠ ਨੂੰ ਘਟਾਉਣ ਦੇ ਮਕ਼ਸਦ ਤਹਿਤ ਮੋਗਾ ਜ਼ਿਲ੍ਹੇ ਦੀਆਂ ਸਬ ਡਿਵੀਜ਼ਨਾਂ ਵਿੱਚ ਵੀ ਇਸ ਵਾਰ ਰੋਜ਼ਗਾਰ ਮੇਲੇ ਆਯੋਜਿਤ ਕੀਤੇ ਗਏ।
ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਅਤੇ ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫ਼ਸਰ ਸ੍ਰੀਮਤੀ ਪਰਮਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਟ ਈਸੇ ਖਾਂ ਦੇ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਵਿਖੇ ਸਬ ਡਿਵੀਜ਼ਨਲ ਪੱਧਰੀ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ 8 ਨਾਮੀ ਕੰਪਨੀਆਂ ਨੇ ਭਾਗ ਲਿਆ। ਇਸ ਰੋਜ਼ਗਾਰ ਮੇਲੇ ਵਿੱਚ ਕੁੱਲ 294 ਉਮੀਦਵਾਰਾਂ ਨੇ ਭਾਗ ਲਿਆ। ਭਾਗ ਲੈਣ ਵਾਲੇ ਇਨ੍ਹਾਂ ਉਮੀਦਵਾਰਾਂ ਵਿੱਚੋ 245 ਨੌਜਵਾਨਾਂ ਦੀ ਰੋਜ਼ਗਾਰ ਲਈ ਚੋਣ ਕੀਤੀ ਗਈ।
ਉਨ੍ਹਾਂ ਨੇ ਦੱਸਿਆ ਕਿ ਅਜਿਹੇ ਰੋਜ਼ਗਾਰ ਮੇਲਿਆਂ ਦਾ ਬੇਰੋਜ਼ਗਾਰ ਨੌਜਵਾਨ ਵੱਡੇ ਪੱਧਰ ‘ਤੇ ਲਾਭ ਉਠਾ ਰਹੇ ਹਨ ਅਤੇ ਨੌਜਵਾਨ ਪੀੜ੍ਹੀ ਆਪਣੇ ਪੈਰਾਂ ‘ਤੇ ਖੜ੍ਹੇ ਹੋ ਕੇ ਆਪਣੇ ਪ੍ਰੀਵਾਰ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਦੇ ਕਾਬਲ ਬਣ ਰਹੀ ਹੈ। ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਹੁਨਰਮੰਦ ਬਣਨ ਸਬੰਧੀ ਕਿਤਾਮੁਖੀ ਸਿਖਲਾਈ ਨੂੰ ਤਵੱਜੋ ਦੇਣ ਕਿਉਂਕਿ ਹੁਨਰਮੰਦਾਂ ਲਈ ਨੌਕਰੀਆਂ ਦੀ ਕੋਈ ਘਾਟ ਨਹੀਂ ਹੈ, ਪ੍ਰੰਤੂ ਹੁਨਰਮੰਦ ਨੋਜਵਾਨਾਂ ਦੀ ਘਾਟ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਰਾਜ ਦੇ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ਵਚਨਬੱਧ ਹੈ।