ਪੰਜਾਬ ਸਰਕਾਰ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਨਾਲ ਚੱਟਾਨ ਦੀ ਤਰ੍ਹਾਂ ਖੜ੍ਹੀ ਹੈ – ਕੈਬਨਿਟ ਮੰਤਰੀ ਹਰਭਜਨ ਸਿੰਘ
ਜ਼ਿਲ੍ਹਾ ਮੋਗਾ ਦੇ 14 ਹੋਰ ਕਿਸਾਨ ਪਰਿਵਾਰਾਂ ਨੂੰ ਰਾਸ਼ੀ ਦੀ ਵੰਡ
ਮੋਗਾ, 6 ਅਗਸਤ
(ਜਗਰਾਜ ਸਿੰਘ ਗਿੱਲ, ਮਨਪ੍ਰੀਤ ਮੋਗਾ)
ਕਿਸਾਨ ਸੰਘਰਸ਼ ਦੌਰਾਨ ਮਾਰੇ ਗਏ ਜ਼ਿਲ੍ਹਾ ਮੋਗਾ ਦੇ ਸਾਰੇ 69 ਕਿਸਾਨਾਂ ਦੇ ਕਾਨੂੰਨੀ ਵਾਰਿਸਾਂ ਨੂੰ ਮਾਲੀ ਸਹਾਇਤਾ ਰਾਸ਼ੀ ਦੇ ਚੈੱਕ ਵੰਡੇ ਜਾ ਚੁੱਕੇ ਹਨ। ਇਸ ਸਬੰਧੀ ਰਹਿੰਦੇ 14 ਕਿਸਾਨ ਪਰਿਵਾਰਾਂ ਨੂੰ 70 ਲੱਖ ਰੁਪਏ (ਪ੍ਰਤੀ ਪਰਿਵਾਰ 5 ਲੱਖ ਰੁਪਏ) ਦੇ ਚੈੱਕ ਪੰਜਾਬ ਦੇ ਲੋਕ ਨਿਰਮਾਣ ਵਿਭਾਗ ਅਤੇ ਬਿਜਲੀ ਵਿਭਾਗ ਦੇ ਕੈਬਨਿਟ ਮੰਤਰੀ ਸ੍ਰ ਹਰਭਜਨ ਸਿੰਘ ਨੇ ਭੇਟ ਕੀਤੇ।ਇਹ ਸੰਖੇਪ ਸਮਾਗਮ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੀਤਾ ਗਿਆ।
ਇਸ ਮੌਕੇ ਪੀੜਤ ਪਰਿਵਾਰਾਂ ਨਾਲ ਪੰਜਾਬ ਸਰਕਾਰ ਤਰਫ਼ੋਂ ਦੁੱਖ ਜ਼ਾਹਿਰ ਕਰਦਿਆਂ ਸ੍ਰ ਹਰਭਜਨ ਸਿੰਘ ਨੇ ਕਿਹਾ ਕਿ ਮ੍ਰਿਤਕ ਕਿਸਾਨਾਂ ਦੀ ਦੇਣ ਦਾ ਕੋਈ ਵੀ ਪੰਜਾਬ ਵਾਸੀ ਮੁੱਲ ਤਾਂ ਨਹੀਂ ਦੇ ਸਕਦਾ ਪਰ ਇਸ ਮੌਕੇ ਪਰਿਵਾਰਾਂ ਨੂੰ ਕੁਝ ਆਰਥਿਕ ਅਤੇ ਮਾਨਸਿਕ ਸਹਾਰਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇਹਨਾਂ ਕਿਸਾਨਾਂ ਨੇ ਆਪਣੀ ਜਾਨ ਦੇ ਕੇ ਪੰਜਾਬ ਦੀ ਆਰਥਿਕਤਾ ਅਤੇ ਕਿਸਾਨੀ ਨੂੰ ਬਚਾਇਆ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਇਹਨਾਂ ਪਰਿਵਾਰਾਂ ਨਾਲ ਹਮੇਸ਼ਾਂ ਚੱਟਾਨ ਦੀ ਤਰ੍ਹਾਂ ਖੜ੍ਹੀ ਹੈ। ਹਰੇਕ ਦੁੱਖ ਸੁੱਖ ਦੀ ਘੜੀ ਵਿੱਚ ਪੰਜਾਬ ਸਰਕਾਰ ਦੇ ਦੁਆਰ ਇਹਨਾਂ ਲਈ ਖੁੱਲ੍ਹੇ ਹਨ। ਸਰਕਾਰੇ ਦਰਬਾਰੇ ਇਹਨਾਂ ਪਰਿਵਾਰਾਂ ਦਾ ਪੂਰਾ ਸਤਿਕਾਰ ਹੋਵੇਗਾ।
ਦੱਸਣਯੋਗ ਹੈ ਕਿ ਕਿਸਾਨ ਸੰਘਰਸ਼ ਵਿਚ ਜ਼ਿਲ੍ਹਾ ਮੋਗਾ ਨਾਲ ਸਬੰਧਤ 69 ਕਿਸਾਨਾਂ ਨੇ ਆਪਣੀ ਜਾਨ ਗਵਾ ਲਈ ਸੀ। ਜਿਹਨਾਂ ਵਿੱਚੋਂ 55 ਪਰਿਵਾਰਾਂ ਨੂੰ ਪਹਿਲਾਂ ਹੀ ਇਹ ਰਾਸ਼ੀ ਵੰਡੀ ਜਾ ਚੁੱਕੀ ਸੀ ਜਦਕਿ ਬਾਕੀ ਰਹਿੰਦੇ 14 ਪਰਿਵਾਰਾਂ ਨੂੰ ਵੀ ਇਹ ਰਾਸ਼ੀ ਵੰਡਣ ਦਾ ਕੰਮ ਵੀ ਮੁਕੰਮਲ ਹੋ ਗਿਆ ਹੈ। ਇਹ ਰਾਸ਼ੀ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ ਦਿੱਤੀ ਗਈ ਹੈ। ਇਸ ਮੌਕੇ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਸ੍ਰ ਮਨਜੀਤ ਸਿੰਘ ਬਿਲਾਸਪੁਰ, ਹਲਕਾ ਮੋਗਾ ਦੀ ਵਿਧਾਇਕਾ ਡਾਕਟਰ ਅਮਨਦੀਪ ਕੌਰ ਅਰੋੜਾ, ਹਲਕਾ ਬਾਘਾਪੁਰਾਣਾ ਦੇ ਵਿਧਾਇਕ ਸ੍ਰ ਅੰਮ੍ਰਿਤਪਾਲ ਸਿੰਘ ਸੁਖਾਨੰਦ, ਹਲਕਾ ਧਰਮਕੋਟ ਦੇ ਵਿਧਾਇਕ ਸ੍ਰ ਦਵਿੰਦਰਜੀਤ ਸਿੰਘ ਲਾਡੀ ਢੋਸ, ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ, ਜ਼ਿਲ੍ਹਾ ਪੁਲਿਸ ਮੁਖੀ ਸ੍ਰ ਗੁਲਨੀਤ ਸਿੰਘ ਖੁਰਾਣਾ ਅਤੇ ਹੋਰ ਵੀ ਹਾਜ਼ਰ ਸਨ।