ਉਸਾਰੀ ਕਿਰਤੀਆਂ ਦੀ ਭਲਾਈ ਲਈ ਜਾਰੀ ਸਕੀਮਾਂ ਸਬੰਧੀ ਦਿੱਤੀ ਜਾਣਕਾਰੀ-ਬਲਜੀਤ ਸਿੰਘ
ਮੋਗਾ, 21 ਅਕਤੂਬਰ
(ਜਗਰਾਜ ਸਿੰਘ ਗਿੱਲ, ਗੁਰਪ੍ਰਸਾਦ ਸਿੱਧੂ)
ਅੱਜ ਕਿਰਤ ਵਿਭਾਗ, ਮੋਗਾ ਵੱਲੋਂ ਲੇਬਰ ਚੌਂਕ, ਨੇੜੇ ਗੁਰੂ ਨਾਨਕ ਕਾਲਜ਼ ਮੋਗਾ ਵਿਖੇ ਉਸਾਰੀ ਕਿਰਤੀਆਂ ਲਈ ਉਨ੍ਹਾਂ ਦੀ ਭਲਾਈ ਲਈ ਜਾਰੀ ਸਕੀਮਾਂ ਬਾਰੇ ਜਾਗਰੂਕ ਕਰਨ ਲਈ ਇੱਕ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸਹਾਇਕ ਕਿਰਤ ਕਮਿਸ਼ਨਰ, ਮੋਗਾ ਸ਼੍ਰੀ ਬਲਜੀਤ ਸਿੰਘ ਨੇ ਦੱਸਿਆ ਕਿ ਇਸ ਮੌਕੇ ਮੌਜੂਦ ਉਸਾਰੀ ਕਿਰਤੀਆਂ ਨੂੰ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਅਧੀਨ ਰਜਿਸਟਰਡ ਹੋਣ ਦਾ ਸੰਦੇਸ਼ ਵੀ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਕੋਈ ਵੀ ਉਸਾਰੀ ਨਾਲ ਸਬੰਧਤ ਕਿਰਤੀ ਜਿਵੇਂ ਕਿ ਰਾਜ ਮਿਸਤਰੀ, ਹੈਲਪਰ, ਦਿਹਾੜੀਦਾਰ ਕਾਮਾ, ਕਾਰਪੇਂਟਰ, ਪਲੰਬਰ, ਪੇਂਟਰ, ਬੱਜਰੀ ਢੋਣ ਵਾਲਾ, ਇੱਟਾਂ ਬਣਾਉਣ ਵਾਲਾ ਆਦਿ ਆਪਣੇ ਆਪ ਨੂੰ ਬੋਰਡ ਅਧੀਨ ਰਜਿਸਟਰਡ ਜਰੂਰ ਕਰਵਾਉਣ। ਰਜਿਸਟ੍ਰੇਸ਼ਨ ਦੀ ਸਹੂਲਤ ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰਾਂ ਵਿੱਚ ਮੁਹੱਈਆ ਹੈ।
ਉਨ੍ਹਾਂ ਦੱਸਿਆ ਕਿ ਰਜਿਸਟ੍ਰੇਸ਼ਨ ਲਈ ਫ਼ੀਸ 25 ਰੁਪਏ ਅਤੇ ਮਹੀਨਾਵਾਰ ਅੰਸ਼ਦਾਨ 10 ਰੁਪਏ ਦੇਣਾ ਪੈਂਦਾ ਹੈ। ਉਸਾਰੀ ਕਿਰਤੀ ਆਪਣਾ ਆਧਾਰ ਕਾਰਡ, ਬੈਂਕ ਅਕਾਊਂਟ ਦੀ ਕਾਪੀ ਲੈ ਕੇ ਨੇੜੇ ਦੇ ਸੇਵਾ ਕੇਂਦਰ ਵਿੱਚ ਆਪਣੇ ਆਪ ਨੂੰ ਰਜਿਸਟਰਡ ਕਰਵਾ ਸਕਦੇ ਹਨ। ਰਜਿਸਟਰਡ ਉਸਾਰੀ ਕਿਰਤੀ ਬੋਰਡ ਦੀਆਂ ਭਲਾਈ ਸਕੀਮਾਂ ਵਿੱਚ ਲੜਕੀ ਦੇ ਵਿਆਹ ‘ਤੇ 31 ਹਜ਼ਾਰ ਰੁਪਏ, ਪਹਿਲੀ ਕਲਾਸ ਤੋਂ ਡਿਗਰੀ ਤੱਕ ਵਜ਼ੀਫਾ, ਮੌਤ ਹੋਣ ਤੇ ਐਕਸਗ੍ਰੇਸ਼ੀਆਂ ਸਕੀਮ, ਦਾਹ ਸੰਸਕਾਰ ਸਕੀਮ, ਡਾਕਟਰੀ ਇਲਾਜ ਲਈ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ, ਬਾਲੜੀ ਤੋਹਫ਼ਾ ਸਕੀਮ, ਐਨਕਾਂ, ਦੰਦਾਂ ਦੀ ਬੀੜ ਅਤੇ ਸੁਣਨ ਯੰਤਰ ਲਈ ਵਿੱਤੀ ਸਹਾਇਤਾ, 60 ਸਾਲ ਦੀ ਉਮਰ ਤੋਂ ਬਾਅਦ ਪੈਨਸ਼ਨ ਸਕੀਮ ਵਰਗੀਆਂ ਮਹੱਤਵਪੂਰਨ ਸਕੀਮਾਂ ਦਾ ਲਾਭ ਕਿਰਤੀ ਲੈ ਸਕਦੇ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਮਿਤੀ 28 ਅਤੇ 29 ਅਕਤੂਬਰ, 2021 ਨੂੰ ਪੰਜਾਬ ਭਰ ਵਿੱਚ ਭਲਾਈ ਸਕੀਮਾਂ ਅਧੀਨ ਰਜਿਸਟ੍ਰੇਸ਼ਨ ਮੁਹਿੰਮ ਸ਼ੁਰੂ ਕੀਤੀ ਜਾਣੀ ਹੈ। ਰਜਿਸਟ੍ਰੇਸ਼ਨ ਲਈ ਉਸਾਰੀ ਕਿਰਤੀ ਤੁਰੰਤ ਆਪਣੇ ਨੇੜੇ ਦੇ ਸੇਵਾ ਕੇਂਦਰਾਂ ਵਿੱਚ ਜਾ ਕੇ ਰਜਿਸਟਰਡ ਹੋ ਸਕਦੇ ਹਨ ਅਤੇ ਭਲਾਈ ਸਕੀਮਾਂ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਲਾਭਪਾਤਰੀ ਰਜਿਸਟਰਡ ਹੋਣ ਲਈ ਜ਼ਿਲ੍ਹਾ ਮੋਗਾ ਦੇ ਸੇਵਾ ਕੇਂਦਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਦਫ਼ਤਰ ਮਿਊਂਸਪਲ ਕਾਰਪੋਰੇਸ਼ਨ, ਅਜੀਤਵਾਲ, ਸਮਾਲਸਰ, ਬਾਘਾਪੁਰਾਣਾ, ਮਾੜੀ ਮੁਸਤਫਾ, ਬੱਧਨੀ ਕਲਾ, ਨਿਹਾਲ ਸਿੰਘ ਵਾਲਾ, ਕੋਟ ਈਸੇ ਖਾਂ, ਧਰਮਕੋਟ, ਫਹਿਤਗੜ੍ਹ ਪੰਜਤੂਰ ਅਤੇ ਜਲਾਲਾਬਾਦ ਵਿੱਚ ਰਜਿਸਟ੍ਰੇਸ਼ਨ ਦੀ ਸੁਵਿਧਾ ਮੌਜੂਦ ਹੈ, ਉਸਾਰੀ ਕਿਰਤੀ ਲਾਭਪਾਤਰੀ ਕਾਰਡ ਬਣਾਉਣ ਲਈ ਨੇੜੇ ਦੇ ਸੇਵਾ ਕੇਂਦਰ ਜਾ ਸਕਦੇ ਹਨ।