ਵੱਖ-ਵੱਖ ਵਿਭਾਗਾਂ ਦੇ ਸਮਾਰਟ ਕਾਊਂਟਰ ਵੀ ਹੋਣਗੇ ਆਯੋਜਿਤ
ਆਮ ਲੋਕ ਲੈਣ ਇਸ ਮੈਗਾ ਕੈਂਪ ਦਾ ਵੱਧ ਤੋਂ ਵੱਧ ਲਾਹਾ-ਸੀ.ਜੇ.ਐਮ.
ਮੋਗਾ, 14 ਅਕਤੂਬਰ
(ਜਗਰਾਜ ਸਿੰਘ ਗਿੱਲ, ਗੁਰਪ੍ਰਸਾਦ ਸਿੱਧੂ)
ਪੈਨ ਇੰਡੀਆ ਮੁਹਿੰਮ ਤਹਿਤ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਅਤੇ ਲੀਗਲ ਸਰਵਿਸਜ਼ ਹਫ਼ਤਾ 8 ਨਵੰਬਰ ਤੋਂ 14 ਨਵੰਬਰ 2021 ਤੱਕ ਮਨਾਇਆ ਜਾ ਰਿਹਾ ਹੈ। ਇਸ ਹਫ਼ਤੇ ਦੌਰਾਨ ਆਮ ਲੋਕਾਂ ਨੂੰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਦਿੱਤੀ ਜਾਂਦੀ ਮੁਫ਼ਤ ਕਾਨੂੰਨੀ ਸਹਾਇਤਾ/ਸਕੀਮਾਂ ਅਤੇ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਬਾਰੇ ਜਾਗਰੂਕ ਕੀਤਾ ਜਾਵੇਗਾ। ਇਸ ਸਬੰਧ ਵਿੱਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵੱਲੋਂ ਮਿਤੀ 2 ਨਵੰਬਰ 2021 ਨੂੰ ਸਰਕਾਰੀ ਆਈ.ਟੀ.ਆਈ. ਮੋਗਾ ਵਿਖੇ ਇੱਕ ਮੈਗਾ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ ਤਾਂ ਕਿ ਵੱਧ ਤੋਂ ਵੱਧ ਲੋਕ ਸਰਕਾਰੀ ਲੋਕ ਭਲਾਈ ਸਕੀਮਾਂ ਅਤੇ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਸਕੀਮਾਂ ਬਾਰੇ ਜਾਗਰੂਕ ਹੋ ਕੇ ਇਨ੍ਹਾਂ ਦਾ ਲਾਹਾ ਲੈ ਸਕਣ।
ਇਸ ਸਬੰਧ ਵਿੱਚ ਅੱਜ ਸੀ.ਜੇ.ਐਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਸ੍ਰੀ ਅਮਰੀਸ਼ ਕੁਮਾਰ ਜੀ ਅਤੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮੋਗਾ ਸ੍ਰੀ ਹਰਚਰਨ ਸਿੰਘ ਜੀ ਨੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਮੀਟਿੰਗ ਦਾ ਮੁੱਖ ਮੰਤਵ 2 ਨਵੰਬਰ ਨੂੰ ਲਗਾਏ ਜਾਣ ਵਾਲੇ ਮੈਗਾ ਜਾਗਰੂਕਤਾ ਅਤੇ ਸਹਾਇਤਾ ਕੈਂਪ ਵਿੱਚ ਵੱਧ ਤੋਂ ਵੱਧ ਲੋਕਾਂ ਦੀ ਸਮੂਲੀਅਤ ਨੂੰ ਯਕੀਨੀ ਬਣਾਉਣਾ ਸੀ। ਆਮ ਲੋਕਾਂ ਨੂੰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਅਤੇ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਬਾਰੇ ਕਿਵੇਂ ਜਾਗਰੂਕ ਕਰਨਾ ਹੈ ਅਤੇ ਉਨ੍ਹਾਂ ਨੂੰ ਇਨ੍ਹਾਂ ਸਕੀਮਾਂ ਦਾ ਥੋੜੇ ਸਮੇਂ ਵਿੱਚ ਕਿਵੇਂ ਲਾਭ ਦਿਵਾਉਣਾ ਆਦਿ ਵਿਸ਼ਿਆਂ ਤੇ ਇਸ ਮੀਟਿੰਗ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ।
ਸ੍ਰੀ ਹਰਚਰਨ ਸਿੰਘ ਨੇ ਦੱਸਿਆ ਕਿ ਇਸ ਮੈਗਾ ਕੈਂਪ ਵਿੱਚ ਵੱਖ ਵੱਖ ਵਿਭਾਗਾਂ ਦੇ ਸਮਾਰਟ ਕਾਊਂਟਰ ਵੀ ਸਥਾਪਿਤ ਕੀਤੇ ਜਾਣਗੇ ਜਿੰਨ੍ਹਾਂ ਜਰੀਏ ਆਮ ਲੋਕ ਇਨ੍ਹਾਂ ਸਕੀਮਾਂ ਪ੍ਰਤੀ ਜਾਗਰੂਕ ਹੋ ਸਕਣਗੇ। ਉਨ੍ਹਾਂ ਸਬੰਧਤ ਵਿਭਾਗਾਂ ਨੂੰ ਹਦਾਇਤ ਵੀ ਜਾਰੀ ਕੀਤੀ ਕਿ ਜੇਕਰ ਸੰਭਵ ਹੋਵੇ ਤਾਂ ਜਿਹੜੇ ਵਿਭਾਗਾਂ ਵਿੱਚ ਲੋਕਾਂ ਦੇ ਕੰਮਾਂ ਦਾ ਇਸ ਕੈਂਪ ਵਿੱਚ ਕਾਊਂਟਰ ਤੇ ਹੀ ਨਿਪਟਾਰਾ ਹੋ ਸਕਦਾ ਹੋਵੇ ਉਹ ਵੀ ਯਕੀਨੀ ਬਣਾਇਆ ਜਾਵੇ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ, ਸਿੱਖਿਆ ਵਿਭਾਗ, ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ, ਖੇਤੀਬਾੜੀ ਵਿਭਾਗ, ਲੇਬਰ ਵਿਭਾਗ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਇਸ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਕੇ ਲੋਕਾਂ ਨੂੰ ਵੱਖ ਵੱਖ ਲੋਕ ਪੱਖੀ ਸਕੀਮਾਂ ਬਾਰੇ ਜਾਗਰੂਕ ਕਰਨਗੇ ਅਤੇ ਜੇ ਸੰਭਵ ਹੋਵੇ ਤਾਂ ਮੌਕੇ ਤੇ ਹੀ ਉਨ੍ਹਾਂ ਦੀਆਂ ਸ਼ਿਕਾਇਤਾਂ ਆਦਿ ਦਾ ਨਿਪਟਾਰਾ ਕਰਨਗੇ।
ਉਨ੍ਹਾਂ ਪੁਲਿਸ ਵਿਭਾਗ ਨੂੰ ਇਸ ਕੈਂਪ ਵਿੱਚ ਸਕਿਉਰਿਟੀ ਪ੍ਰਬੰਧ, ਸਿਹਤ ਵਿਭਾਗ ਨੂੰ ਐਂਬੂਲੈਂਸ ਆਦਿ ਦੇ ਪ੍ਰਬੰਧ, ਮੰਡੀ ਅਫ਼ਸਰ ਨੂੰ ਪੀਣ ਵਾਲੇ ਪਾਣੀ ਦੇ ਪ੍ਰਬੰਧ, ਨਗਰ ਨਿਗਮ ਮੋਗਾ ਦਫ਼ਤਰ ਨੂੰ ਸਫ਼ਾਈ ਦੇ ਪ੍ਰਬੰਧ ਕਰਨ ਤੋਂ ਇਲਾਵਾ ਹੋਰ ਵਿਭਾਗਾਂ ਨੂੰ ਉਨ੍ਹਾਂ ਨਾਲ ਸਬੰਧਤ ਜਿੰਮੇਵਾਰੀਆਂ ਸੌਂਪੀਆਂ।
ਅਖੀਰ ਸੀ.ਜੇ.ਐਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਸ੍ਰੀ ਅਮਰੀਸ਼ ਕੁਮਾਰ ਜੀ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ 2 ਨਵੰਬਰ ਨੂੰ ਆਯੋਜਿਤ ਹੋਣ ਵਾਲੇ ਇਸ ਮੈਗਾ ਕੈਂਪ ਵਿੱਚ ਵਧ ਚੜ੍ਹ ਕੇ ਸ਼ਮੂਲੀਅਤ ਕਰਨ ਅਤੇ ਲੋਕ ਭਲਾਈ ਸਕੀਮਾਂ ਤੋਂ ਜਾਣੂੰ ਹੋ ਕੇ ਲਾਹਾ ਪ੍ਰਾਪਤ ਕਰਨ।