ਨਿਹਾਲ ਸਿੰਘ ਵਾਲਾ (ਕੁਲਦੀਪ ਗੋਹਲ ,ਮਿੰਟੂ ਖੁਰਮੀ) : ਨਿਹਾਲ ਸਿੰਘ ਵਾਲਾ ਵਿਖੇ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਤੇਲ ਕੀਮਤਾਂ ਵਿੱਚ ਲਗਾਤਾਰ ਵਾਧੇ ਖ਼ਿਲਾਫ਼ ਰੋਹ ਭਰਪੂਰ ਪ੍ਰਦਰਸ਼ਨ ਕਰਦਿਆਂ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕੁਲਦੀਪ ਸਿੰਘ ਭੋਲਾ ਨੇ ਕਿਹਾ ਕਿ ਅੱਜ ਫਿਰ 19 ਪੈਸੇ ਪੈਟਰੋਲ ਅਤੇ 73 ਪੈਸੇ ਪ੍ਰਤੀ ਲੀਟਰ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ ਜਿਸ ਕਾਰਨ ਪਿਛਲੇ ਸਤਾਰਾਂ ਦਿਨਾਂ ਵਿਚ 10.19 ਰੁਪਏ ਪ੍ਰਤੀ ਲੀਟਰ ਡੀਜ਼ਲ ਅਤੇ 9.65 ਰੁਪਏ ਪ੍ਰਤੀ ਲੀਟਰ ਪੈਟਰੋਲ ਵਿਚ ਵਾਧਾ ਹੋ ਚੁਕਿਆ ਹੈ। ਇਸ ਬੇਰੋਕ ਵਾਧੇ ਦੀ ਇਥੇ ਹੀ ਰੁਕ ਜਾਣ ਦੀ ਵੀ ਕੋਈ ਸੰਭਾਵਨਾ ਨਹੀਂ ਹੈ। ਉਹਨਾਂ ਕਿਹਾ ਕਿ 2014 ਤੋਂ ਬੇਜੇਪੀ ਸਰਕਾਰ ਨੇ ਤੇਲ ਨੂੰ ਚੀਜ਼ਾਂ ਤੇ ਸੇਵਾਵਾਂ ਟੈਕਸ (ਜੀਐਸਟੀ) ਤੋਂ ਬਾਹਰ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਲੋਕ ਕੇਂਦਰੀ ਸਰਕਾਰ ਦੀ ਇਸ ਧੱਕੇਸ਼ਾਹੀ ਦਾ ਮੂੰਹ ਤੋੜ ਜੁਆਬ ਦੇਣਗੇ।
ਸੀਪੀਆਈ ਦੇ ਬਲਾਕ ਸਕੱਤਰ ਕਾ. ਜਗਜੀਤ ਸਿੰਘ ਧੂੜਕੋਟ ਨੇ ਕਿਹਾ ਕਿ ਤੇਲ ਕੀਮਤਾਂ ਵਿੱਚ ਵਾਧਾ ਉਸ ਵਕਤ ਕੀਤਾ ਜਾ ਰਿਹਾ ਹੈ ਜਦੋਂ ਦੁਨੀਆਂ ਪੱਧਰ ਤੇ ਕੱਚੇ ਤੇਲ ਦੀਆਂ ਕੀਮਤਾਂ ਦਿਨੋਂ ਦਿਨ ਡਿੱਗ ਰਹੀਆਂ ਹਨ। ਉਹਨਾਂ ਕਿਹਾ ਕਿਕਰੋਨਾ ਮਹਾਮਾਰੀ ਦੇ ਦੌਰ ਵਿੱਚ ਬਣਦਾ ਤਾਂ ਇਹ ਸੀ ਰੁਜ਼ਗਾਰ ਤੇ ਕਾਰੋਬਾਰ ਖੋ ਚੁੱਕੇ ਲੋਕਾਂ ਦੀ ਬਾਂਹ ਫੜੀ ਜਾਂਦੀ ਪਰ ਇਸ ਲੋਕ ਵਿਰੋਧੀ ਸਰਕਾਰ ਦਾ ਭਾਂਡਾ ਚੌਰਾਹੇ ਵਿਚ ਉਦੋਂ ਭੱਜ ਗਿਆ ਜਦੋਂ ਇਹ ਸ਼ਰੇਆਮ ਲੋਕਾਂ ਨੂੰ ਲੁੱਟਣ ਦੇ ਰਾਹ ਪੈ ਗੲੀ ਹੈ। ਇਸ ਮੌਕੇ ਗੁਰਦਿੱਤ ਸਿੰਘ ਦੀਨਾ, ਸਿਕੰਦਰ ਸਿੰਘ ਮਧੇਕੇ, ਸੁਖਦੇਵ ਸਿੰਘ ਭੋਲਾ, ਇੰਦਰਜੀਤ ਸਿੰਘ ਦੀਨਾ, ਰਾਮ ਸਿੰਘ ਮਾਣੂੰਕੇ, ਮੰਗਤ ਰਾਏ, ਗੁਰਨਾਮ ਸਿੰਘ ਪ੍ਰਧਾਨ ਟੈਕਸੀ ਸਟੈਂਡ, ਮੇਜਰ ਸਿੰਘ, ਜਗਪਾਲ ਸਿੰਘ ਜੱਗੋਂ, ਕਾਮਰੇਡ ਗੁਰਮੇਲ ਸਿੰਘ ਮਾਛੀਕੇ, ਕਾਮਰੇਡ ਸਤਵੰਤ ਖੇਟੇ, ਕਰਮਜੀਤ ਕੌਰ ਰਣਸੀਹ ,ਰਾਜਿੰਦਰ ਸਿੰਘ ਤਖਤੂਪੁਰਾ, ਗਿਆਨ ਸਿੰਘ ਮਾਛੀਕੇ ਆਦਿ ਹਾਜ਼ਰ ਹੋਏ।