ਮੋਗਾ, 7 ਅਪ੍ਰੈਲ (ਜਗਰਾਜ ਸਿੰਘ ਗਿੱਲ) –
ਪੰਜਾਬ ਸਰਕਾਰ ਵੱਲੋਂ 10 ਅਪ੍ਰੈਲ ਤੋਂ ਕਣਕ ਦੀ ਖਰੀਦ ਸੁਰੂ ਕੀਤੀ ਜਾ ਰਹੀ ਹੈ ਇਸਦੇ ਲਈ ਅਨਾਜ ਮੰਡੀਆ ਨੂੰ ਸੈਨੇਟਾਈਜ ਕੀਤਾ ਜਾਵੇਗਾ ਤਾਂ ਜੋ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ ਅਤੇ ਫ਼ਸਲਾਂ ਨੂੰ ਕੋਈ ਰੋਗ ਨਾ ਲੱਗੇ।
ਇਹ ਜਾਣਕਾਰੀ ਸ੍ਰ. ਸੰਦੀਪ ਸਿੰਘ ਸਕੱਤਰ ਮਾਰਕੀਟ ਕਮੇਟੀ ਮੋਗਾ ਨੇ ਅੱਜ ਇਥੇ ਦਿੱਤੀ। ਉਹਨਾਂ ਦੱਸਿਆ ਕਿ ਜ਼ਿਲ੍ਹਾ ਮੋਗਾ ਅਧੀਨ ਸਾਰੀਆਂ ਮੰਡੀਆਂ ਵਿੱਚ ਸਫਾਈ, ਰੋਸ਼ਨੀ, ਪੀਣ ਵਾਲਾ ਪਾਣੀ, ਪਖਾਨੇ ਅਤੇ ਹੋਰ ਸਹੂਲਤਾਂ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ ਕਿਸਾਨਾਂ ਦੀ ਫਸਲ ਢੱਕਣ ਲਈ ਤਰਪਾਲਾ, ਸੈਂਡ ਅਤੇ ਹੋਰ ਵਿਵਸਥਾ ਵੀ ਕੀਤੀ ਗਈ ਹੈ।
ਉਹਨਾਂ ਦੱਸਿਆ ਕਿ ਹਰ ਕਿਸਾਨ ਨੂੰ ਆਪਣੀ ਫਸਲ ਲੇੈ ਕੇ ਆਉਣ ਤੋਂ 72 ਘੰਟੇ ਪਹਿਲਾਂ ਪਾਸ ਜਾਰੀ ਕੀਤਾ ਜਾਵੇਗਾ। ਕਿਸਾਨ ਜਦੋਂ ਮੰਡੀਆਂ ਵਿੱਚ ਆਪਣੀ ਫਸਲ ਲੈ ਕੇ ਆਉਣਗੇ ਤਾਂ ਉਥੇ 30-30 ਫੁੱਟ ਦੇ ਬਾਕਸ ਉਹਨਾਂ ਨੂੰ ਆਪਣੀ ਫਸਲ ਰੱਖਣ ਲਈ ਦਿੱਤੇ ਜਾਣਗੇ, ਜਿਹਨਾਂ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਉਹਨਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਮੋਗਾ ਦੀ ਮੁੱਖ ਅਨਾਜ ਮੰਡੀ ਨੂੰ ਸੈਨੇਟਾਈਜ ਕੀਤਾ ਜਾਵੇਗਾ ਅਤੇ ਇਸ ਅਨਾਜ ਮੰਡੀ ਨੂੰ ਨਿਰੰਤਰ ਰੋਗਾਣੂਮੁਕਤ ਰੱਖਿਆ ਜਾਵੇਗਾ।
ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਫਸਲ ਮੰਡੀਆਂ ਵਿੱਚ ਲੈ ਕੇ ਆਉਣ ਤੋਂ ਪਹਿਲਾਂ ਸਿਹਤ ਵਿਭਾਗ ਵੱਲੋਂ ਜਾਰੀ ਸਾਰੀਆਂ ਜਰੂਰੀ ਹਦਾਇਤਾਂ ਦੀ ਪਾਲਣਾ ਕਰਨ ਤਾਂ ਕਿ ਕਿਸਾਨਾਂ/ਮਜਦੂਰਾਂ ਨੂੰ ਬੇਲੋੜੀ ਖੱਜਲ ਖੁਆਰੀ ਅਤੇ ਕਰੋਨਾ ਦੀ ਮਹਾਂਮਾਰੀ ਤੋਂ ਵੀ ਬਚਾਇਆ ਜਾ ਸਕੇ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਫਸਲ ਦਾ ਦਾਣਾ ਦਾਣਾ ਚੁੱਕਣ ਦਾ ਵਾਅਦਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਵੱਲੋਂ ਵੀ ਇਲਾਕੇ ਵਿੱਚ ਕਣਕ ਦੀ ਖਰੀਦ ਲਈ ਕੀਤੇ ਢੁਕਵੇਂ ਪ੍ਰਬੰਧਾਂ ਉੱਤੇ ਨਜਰਸਾਨੀ ਕੀਤੀ ਜਾ ਰਹੀ ਹੈ। ਉਹਨਾਂ ਵਲੋਂ ਵੀ ਕਿਸਾਨਾਂ ਨੂੰ ਲੋੜੀਦੀਆਂ ਸਹੂਲਤਾਂ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ।
ਉਹਨਾਂ ਦੱਸਿਆ ਕਿ ਸਾਰੀਆਂ ਅਨਾਜ ਮੰਡੀਆਂ ਨੂੰ 10 ਅ੍ਰਪ੍ਰੈਲ ਤੋਂ ਪਹਿਲਾਂ ਕਿਸਾਨਾਂ ਦੀ ਫਸਲ ਦੀ ਆਮਦ ਲਈ ਤਿਆਰ ਕਰ ਲਿਆ ਜਾਵੇਗਾ। ਉਹਨਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ। ਕਿਸਾਨਾਂ ਨੂੰ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।ਉਨ੍ਹਾਂ ਨੇ ਕਿਸਾਨਾਂ, ਆੜਤੀਆਂ, ਮਜਦੂਰਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ ਵਿਚ ਮਾਸਕ ਪਾ ਕੇ ਆਉਣ, ਆਪਸੀ ਵਿੱਥ ਰੱਖਣ ਅਤੇ ਵਾਰ ਵਾਰ ਹੱਥ ਧੋਣ ਦੇ ਨਾਲ ਨਾਲ ਸੈਨੇਟਾਈਜਰ ਦੀ ਵਰਤੋ ਕਰਨ। ਉਹਨਾਂ ਕਿਸਾਨਾਂ ਨੂੰ ਕਿਹਾ ਕਿ ਜੇਕਰ ਤੁਸੀ ਆਪ ਸੁਰੱਖਿਅਤ ਹੋ ਤਾਂ ਹੀ ਦੂਜਾ ਸੁਰੱਖਿਅਤ ਹੈ।
ਇਸ ਮੌਕੇ ਹਾਜ਼ਰ ਸ਼੍ਰੀ ਦੀਪਕ ਤਾਇਲ ਸਕੱਤਰ ਆੜਤੀਆ ਐਸੋਸੀਏਸ਼ਨ ਮੋਗਾ ਨੇ ਖਰੀਦ ਕਾਰਜਾਂ ਸਬੰਧੀ ਪੰਜਾਬ ਸਰਕਾਰ ਵੱਲੋਂ ਕੀਤੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ ਅਤੇ ਭਰੋਸਾ ਦਿੱਤਾ ਕਿ ਹੈ ਸਾਲ ਦੀ ਤਰ੍ਹਾਂ ਇਸ ਸਾਲ ਵੀ ਖਰੀਦ ਸੁਚਾਰੂ ਤਰੀਕੇ ਨਾਲ ਸਿਰੇ ਚਾੜੀ ਜਾਵੇਗੀ।