ਇਹ ਵੈਨ ਇੱਕ ਦਿਨ ਵਿੱਚ 50 ਵਾਰਡਾਂ ਨੂੰ ਕਰੇਗੀ ਓਮੀਕਰੋਨ ਬਾਰੇ ਜਾਗਰੂਕ-ਡਿਪਟੀ ਕਮਿਸ਼ਨਰ
ਜਾਗਰੂਕਤਾ ਵੈਨ ਨਾਲ ਸੈਲਫ਼ੀ ਖਿੱਚਣ ਵਾਲੇ ਉਮੀਦਵਾਰਾਂ ਨੂੰ ਡਰਾਅ ਰਾਹੀਂ ਦਿੱਤੇ ਜਾਣਗੇ ਦਿਲਖਿੱਚ ਇਨਾਮ-ਰਜਿੰਦਰ ਛਾਬੜਾ
ਮੋਗਾ, 1 ਜਨਵਰੀ (ਜਗਰਾਜ ਸਿੰਘ ਗਿੱਲ)
ਅੱਜ ਡਿਪਟੀ ਕਮਿਸ਼ਨਰ ਮੋਗਾ ਵੱਲੋਂ ਇੱਕ ਪਹਿਲ ਇੱਕ ਕਦਮ ਵੈਲਫੇਅਰ ਸੋਸਾਇਟੀ ਦੀ ਕਰੋਨਾ ਵੈਕਸੀਨੇਸ਼ਨ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਵੈਨ ਓਮੀਕ੍ਰੋਨ ਵਾਈਰਸ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰੇਗੀ।
ਇਸ ਮੌਕੇ ਉਨਾਂ ਨਾਲ ਸੰਸਥਾਪਕ ਰਜਿੰਦਰ ਛਾਬੜਾ, ਸਰਪ੍ਰਸਤ ਰਾਕੇਸ਼ ਸਿਤਾਰਾ, ਪ੍ਰਧਾਨ ਐਮ.ਆਰ. ਗੋਇਲ ਵੀ ਹਾਜ਼ਰ ਸਨ। ਉਨਾਂ ਦੱਸਿਆ ਕਿ ਓਮੀਕ੍ਰੋਨ ਦੇ ਖਤਰੇ ਨੂੰ ਦੇਖਦੇ ਹੋਏ ਜਨਤਾ ਨੂੰ ਵੈਕਸੀਨ ਪ੍ਰਤੀ ਜਾਗਰੂਕ ਕਰਨ ਲਈ ਇਸ ਮੁਹਿੰਮ ਤਹਿਤ ਵੈਨ ਨੂੰ ਮੋਗਾ ਦੇ 50 ਵਾਰਡਾਂ ਵਿੱਚ ਚਲਾਇਆ ਜਾਵੇਗਾ ਅਤੇ ਜਨਤਾ ਨੂੰ ਅਪੀਲ ਕੀਤੀ ਜਾਵੇਗੀ ਕਿ ਉਹ ਆਪਣੀ ਵੈਕਸੀਨੇਸ਼ਨ 15 ਜਨਵਰੀ ਤੋਂ ਪਹਿਲਾਂ ਪਹਿਲਾਂ ਲਗਵਾਉਣ ਨੂੰ ਯਕੀਨੀ ਬਣਾਉਣ। ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ 15 ਜਨਵਰੀ ਤੋਂ ਬਾਅਦ ਵੈਕਸੀਨੇਸ਼ਨ ਨਾ ਲਗਵਾਉਣ ਵਾਲੇ ਵਿਅਕਤੀਆਂ ਦੀ ਜਨਤਕ ਥਾਵਾਂ ਤੇ ਐਂਟਰੀ ਬੰਦ ਕਰ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਹਰੀਸ਼ ਨਈਅਰ ਨੇ ਇੱਕ ਪਹਿਲ ਇੱਕ ਕਦਮ ਸੰਸਥਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਆਮ ਜਨਤਾ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਵੈਕਸੀਨੇਸ਼ਨ ਜਰੂਰੀ ਕਰਵਾਉਣੀ ਚਾਹੀਦੀ ਹੈ।
ਸੰਸਥਾਪਕ ਰਜਿੰਦਰ ਛਾਬੜਾ ਨੇ ਦੱਸਿਆ ਕਿ ਇਸ ਜਾਗਰੂਕਤਾ ਵੈਨ ਨਾਲ ਸੈਲਫ਼ੀ ਖਿੱਚ ਕੇ ਫੇਸਬੁੱਕ ਤੇ ਅਪਲੋਡ ਕਰਕੇ ਅਤੇ ਇਸਦਾ ਸਕਰੀਨ ਸ਼ਾਟ ਸੰਸਥਾ ਦੇ ਹੈਲਪਲਾਈਨ ਨੰਬਰ 91699-00041 ਤੇ ਪਾਉਣ ਵਾਲੇ ਵਿਅਕਤੀਆਂ ਨੂੰ ਹਰ ਐਤਵਾਰ ਨੂੰ ਦਿਲਕਸ਼ ਇਨਾਮ ਵੀ ਡਰਾਅ ਰਾਹੀਂ ਦਿੱਤੇ ਜਾਣਗੇ। ਇਸ ਮੌਕੇ ਤੇ ਰਮੇਸ਼ ਨਾਰੰਗ, ਕਰਨ ਛਾਬੜਾ, ਭਵ ਜੁਨੇਜਾ, ਰਾਜਾ ਸਿੰਘ, ਜੱਗਾ ਸਿੰਘ ਆਦਿ ਹਾਜ਼ਰ ਸਨ।