ਨਿਹਾਲ ਸਿੰਘ ਵਾਲਾ 24 ਫਰਵਰੀ(ਮਿੰਟੂ ਖੁਰਮੀ ਕੁਲਦੀਪ ਸਿੰਘ)-ਨਾਗਰਿਕਤਾ ਸੋਧ ਕਾਨੂੰਨ, ਕੌਮੀ ਨਾਗਰਿਕਤਾ ਰਜਿਸਟਰ, ਕੌਮੀ ਜਨਸੰਖਿਆ ਰਜਿਸਟਰ ਵਰਗੇ ਕਾਲੇ ਕਾਨੂੰਨ ਰੱਦ ਕਰਾਏ ਜਾਣ,ਅਤੇ ਤਰੱਕੀਆਂ ਵਿੱਚ ਦਲਿਤਾਂ, ਪੱਛੜਿਆਂ ਦਾ ਰਾਖਵਾਂਕਰਨ ਖਤਮ ਕਰਨ ਦੇ ਸੁਪਰੀਮ ਕੋਰਟ ਦੇ ਦਲਿਤ -ਪੱਛੜਿਆਂ ਦੇ ਵਿਰੋਧੀ ਫੈਸਲੇ ਖਿਲਾਫ ਸੰਵਿਧਾਨਕ ਹੱਕਾਂ ਦੀ ਰਾਖੀ ਆਦਿ ਮਸਲਿਆਂ ਨੂੰ ਲੈ ਕੇ ਇੰਨਕਲਾਬੀ ਨੌਜਵਾਨ ਸਭਾ ਵੱਲੋਂ ਰਣਸੀਂਹ ਕਲਾਂ ਵਿਖੇ ਨੌਜਵਾਨਾਂ ਦੀ ਨੁੱਕੜ ਰੈਲੀ ਕੀਤੀ ਗਈ।ਇਸ ਮੌਕੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਇਨਕਲਾਬੀ ਨੌਜਵਾਨ ਸਭਾ ਦੇ ਆਗੂ ਹਰਮਨਦੀਪ ਸਿੰਘ ਹਿੰਮਤਪੁਰਾ ਅਤੇ ਨੌਜਵਾਨ ਆਗੂ ਨਿਰਮਲ ਸਿੰਘ ਰਣਸੀਂਹ ਕਲਾਂ ਨੇ ਕਿਹਾ ਕਿ ਮੋਦੀ ਸਰਕਾਰ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਦੇ ਉਲਟ ਜਿੱਥੇ ਭੇਦਭਾਵ ਪੈਦਾ ਕਰਨ ਵਾਲੇ ਕਾਲੇ ਕਾਨੂੰਨ ਲਾਗੂ ਕਰ ਰਹੀ ਹੈ ਉੱਥੇ ਹੀ ਦੇਸ਼ ਭਰ ਦੇ ਬੇਜ਼ਮੀਨੇ, ਬੇਘਰੇ ਅਤੇ ਅਨਪੜ੍ਹਤਾ ਦਾ ਸ਼ਿਕਾਰ ਲੋਕਾਂ ਤੋਂ ਨਾਗਰਿਕਤਾ ਦੇ ਤੇ ਹੱਕ ਡਾਕਾ ਮਾਰਨ ਦੀ ਤਿਆਰੀ ਕਰ ਰਹੀ ਹੈ।ਸਰਕਾਰ ਆਪਣੇ ਹੀ ਦੇਸ਼ ਦੇ ਲੋਕਾਂ ਨੂੰ ਘੁਸਪੈਠੀਏ ਸਾਬਤ ਕਰਨ ਤੇ ਤੁਲੀ ਹੋਈ ਹੈ।ਇਸ ਤੋਂ ਇਲਾਵਾ ਸੁਪਰੀਮ ਕੋਰਟ ਦੇ ਦਲਿਤ ਵਿਰੋਧੀ ਫੈਸਲੇ ਕਰਨ ਕਰਕੇ ਰਾਖਵਾਂਕਰਨ ਮਹਿਜ ਸੂਬਾ ਸਰਕਾਰਾਂ ਦੇ ਰਹਿਮੋਂ ਕਰਮ ਤੇ ਰਹਿ ਜਾਵੇਗਾ।ਦੇਸ਼ ਦੇ ਜਾਗਰੂਕ ਲੋਕ ਇਸ ਤਾਨਾਸ਼ਾਹੀ ਰਵੱਈਏ ਨੂੰ ਸਹਿਣ ਨਹੀਂ ਕਰਨਗੇ ਉਨ੍ਹਾਂ ਕਿਹਾ ਉੱਕਤ ਕਾਲੇ ਕਾਨੂੰਨਾਂ ਖਿਲਾਫ ਦੇਸ਼ ਭਰ ਦੇ ਵਿਦਿਆਰਥੀ ਨੌਜਵਾਨ 3 ਮਾਰਚ ਨੂੰ ਦਿੱਲੀ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ ਕਰਨਗੇ।ਇਸ ਮੌਕੇ ਹਰਪ੍ਰੀਤ ਸਿੰਘ, ਪ੍ਰਭਜੋਤ ਸਿੰਘ, ਅਕਾਸ਼ਦੀਪ ਸਿੰਘ, ਗੁਰਦੀਪ ਸਿੰਘ, ਹਰਦੀਪ ਸਿੰਘ, ਖੁਸ਼ਕਰਨ ਸਿੰਘ, ਮਹਿਕਦੀਪ ਸਿੰਘ ਅਤੇ ਅਵਤਾਰ ਸਿੰਘ ਆਦਿ ਹਾਜਰ ਸਨ।