10 ਘਰਾਂ ਵਿੱਚੋਂ ਮਿਲੇ ਲਾਰਵੇ ਨੂੰ ਮੌਕੇ ਤੇ ਕਰਵਾਇਆ ਨਸ਼ਟ-ਰਾਜ ਦਵਿੰਦਰ ਸਿੰਘ
ਮੋਗਾ (ਕੋਟ ਈਸੇ ਖਾਂ)
1 ਜੁਲਾਈ ਜਗਰਾਜ ਸਿੰਘ ਗਿੱਲ
ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਅਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜ਼ਿਲ੍ਹਾ ਮੋਗਾ ਵਿੱਚ ਡੇਂਗੂ ਦੇ ਪ੍ਰਕੋਪ ਤੋਂ ਜ਼ਿਲ੍ਹਾ ਵਾਸੀਆਂ ਨੂੰ ਬਚਾਉਣ ਲਈ ਸਿਹਤ ਵਿਭਾਗ ਮੋਗਾ ਵੱਲੋਂ ਵੱਖ ਵੱਖ ਬਲਾਕਾਂ ਵਿੱਚ ਟੀਮਾਂ ਦਾ ਗਠਨ ਕੀਤਾ ਗਿਆ ਹੈ ਜਿੰਨਾਂ ਵੱਲੋਂ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਡੇਗੂ ਦੇ ਲਾਰਵੇ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਇਸ ਨੂੰ ਮੌਕੇ ਤੇ ਹੀ ਨਸ਼ਟ ਕੀਤਾ ਜਾ ਰਿਹਾ ਹੈ। ਇਸ ਬਾਰੇ ਲੋਕਾਂ ਨੂੰ ਇਨ੍ਹਾਂ ਟੀਮਾਂ ਵੱਲੋਂ ਜਾਗਰੂਕ ਵੀ ਕੀਤਾ ਜਾ ਰਿਹਾ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਪੀ.ਐੱਚ.ਸੀ. ਕੋਟ ਈਸੇ ਖਾਂ ਡਾ ਰਾਕੇਸ਼ ਕੁਮਾਰ ਬਾਲੀ ਨੇ ਦੱਸਿਆ ਕਿ ਅੱਜ ਸਿਹਤ ਵਿਭਾਗ ਦੀ ਟੀਮ ਵੱਲੋਂ ਪਿੰਡ ਕਿਲੀ ਗਾਂਧਰਾ ਵਿਖੇ ਘਰ ਘਰ ਜਾ ਕੇ ਲੋਕਾਂ ਨੂੰ ਡੇਂਗੂ ਮਲੇਰੀਆ ਅਤੇ ਚਿਕਨਗੁਨੀਆ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਇਸਦੇ ਲਾਰਵੇ ਦੀ ਚੈਕਿੰਗ ਕਰਕੇ ਮੌਕੇ ਤੇ ਹੀ ਇਸ ਨੂੰ ਨਸ਼ਟ ਕਰਵਾਇਆ ਗਿਆ।
ਨੋਡਲ ਅਫਸਰ ਆਈ.ਡੀ.ਐੱਸ.ਪੀ., ਪੀ ਐੱਚ ਸੀ ਕੋਟ ਈਸੇ ਖਾਂ ਰਾਜ ਦਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਡੇਂਗੂ ਨੂੰ ਜੜ੍ਹ ਤੋਂ ਪੁੱਟਣ ਵਾਸਤੇ ਬਲਾਕ ਕੋਟ ਈਸੇ ਖਾਂ ਦੇ ਪਿੰਡਾਂ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਘਰ ਘਰ ਜਾ ਕੇ ਲੋਕਾਂ ਨੂੰ ਡੇਂਗੂ ਮਲੇਰੀਆ ਅਤੇ ਚਿਕਨਗੁਨੀਆ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਭਾਰੀ ਮਾਤਰਾ ਵਿੱਚ ਲਾਰਵੇ ਨੂੰ ਖਤਮ ਕੀਤਾ ਜਾ ਰਿਹਾ ਹੈ। ਟੀਮ ਵਿੱਚ ਉਨ੍ਹਾਂ ਨਾਲ ਆਈ ਡੀ ਐੱਸ ਪੀ ਜਗਮੀਤ ਸਿੰਘ ਵੜੈਚ, ਮਲਟੀਪਰਪਜ਼ ਹੈਲਥ ਵਰਕਰ ਰਾਜੇਸ਼ ਕੁਮਾਰ ਗਾਬਾ, ਕੰਵਲਜੀਤ ਸਿੰਘ, ਅਤੇ ਰਾਜੂ ਬਰੀਡ ਚੈਕਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਅੱਜ ਦੀ ਚੈਕਿੰਗ ਜਿਹੜੀ ਕਿ ਪਿੰਡ ਕਿਲੀ ਗਾਂਧਰਾ ਵਿਖੇ ਕੀਤੀ ਗਈ ਸੀ ਤਹਿਤ 50 ਦੇ ਕਰੀਬ ਘਰਾਂ ਦੀ ਚੈਕਿੰਗ ਕੀਤੀ ਜਿੰਨ੍ਹਾਂ ਵਿੱਚੋਂ ਤਕਰੀਬਨ 10 ਘਰਾਂ ਵਿੱਚ ਡੇਂਗੂ ਦਾ ਲਾਰਵਾ ਪਾਇਆ ਗਿਆ ਜਿਸਨੂੰ ਨਸ਼ਟ ਕਰ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਪਿੰਡ ਦੇ ਲੋਕਾਂ ਵਿੱਚ ਜਾਗਰੂਕਤਾ ਵੀ ਫੈਲਾਈ ਗਈ ਕਿ ਇਹ ਲਾਰਵਾ ਕਿਉਂ ਬਣਦਾ ਹੈ ਅਤੇ ਕਿਵੇਂ ਬਣਦਾ ਹੈ ਅਤੇ ਇਸ ਤੋਂ ਕਿਵੇਂ ਬਚਾਅ ਕਰਨਾ ਹੈ। ਇਸ ਤਰ੍ਹਾਂ ਸਾਰੇ ਪਿੰਡ ਵਿਚ ਨਾਲੀਆਂ ਚ ਅਤੇ ਖੜ੍ਹੇ ਪਾਣੀ ਵਿਚ ਸਪਰੇਅ ਕੀਤੀ ਗਈ। ਉਨ੍ਹਾਂ ਦੱਸਿਆ ਕਿ ਲੋਕਾਂ ਦੇ ਘਰਾਂ ਵਿੱਚ ਪੁੱਟੇ ਕੱਚੇ ਟੋਏ ਜਿੱਥੇ ਕਿ ਆਮ ਤੌਰ ਤੇ ਪਾਣੀ ਖੜ੍ਹਾ ਹੋ ਜਾਂਦਾ ਹੈ ਉੱਥੇ ਵੀ ਸਪਰੇਅ ਕਰਕੇ ਲਾਰਵਾ ਖਤਮ ਕੀਤਾ ਗਿਆ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਦੱਸਿਆ ਗਿਆ ਕਿ ਕੱਚੇ ਟੋਇਆਂ ਵਿੱਚ ਖੜ੍ਹੇ ਪਾਣੀ ਤੇ ਕਾਲਾ ਸੜਿਆ ਤੇਲ ਪਾਇਆ ਜਾਵੇ ਤਾਂ ਇਹ ਲਾਰਵਾ ਨਾਲ ਦੀ ਨਾਲ ਹੀ ਖ਼ਤਮ ਹੋ ਜਾਂਦਾ ਹੈ।