ਅਸੀਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਸਾਡਾ ਆਪਣਾ ਘਰ ਹੋਵੇਗਾ ਤੇ ਸਾਡੇ ਘਰ ਗੁਰੂ ਮਹਾਰਾਜ ਦੇ ਚਰਨ ਪੈਣਗੇ -ਕਿਰਨ, ਪ੍ਰਿੰਸ ।

ਜ਼ਿਲ੍ਹਾ ਐਨ ਜੀ ਓ ਕੋਆਰਡੀਨੇਸ਼ਨ ਕਮੇਟੀ ਮੋਗਾ ਨੇ ਲੋੜਵੰਦ ਪਰਿਵਾਰ ਨੂੰ ਲੈ ਕੇ ਦਿੱਤਾ ਘਰ ।

ਮੋਗਾ 16 ਅਪ੍ਰੈਲ ( ਜਗਰਾਜ ਸਿੰਘ ਗਿੱਲ ) ਅਸੀਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਸਾਡਾ ਵੀ ਕਦੇ ਆਪਣਾ ਘਰ ਹੋਵੇਗਾ ਤੇ ਸਾਡੇ ਘਰ ਗੁਰੂ ਮਹਾਰਾਜ ਦੇ ਚਰਨ ਪੈਣਗੇ ਤੇ ਲੋਕ ਸਾਨੂੰ ਵਧਾਈਆਂ ਦੇਣਗੇ । ਅੱਖਾਂ ਵਿੱਚ ਹੰਝੂ ਭਰ ਕੇ ਸਮਾਜ ਸੇਵੀ ਲੋਕਾਂ ਦਾ ਵਾਰ ਵਾਰ ਧੰਨਵਾਦ ਕਰਦੀ ਵਿਧਵਾ ਮਾਂ ਕਿਰਨ ਅਤੇ ਉਸਦਾ ਬੇਟਾ ਪ੍ਰਿੰਸ ਸਿਰ ਤੇ ਛੱਤ ਮਹਿਸੂਸ ਕਰਕੇ ਖੁਸ਼ੀ ਨਾਲ ਖੀਵੇ ਹੋ ਰਹੇ ਸਨ । ਜ਼ਿਕਰਯੋਗ ਹੈ ਕਿ ਅੱਜ ਤੋਂ ਚਾਰ ਮਹੀਨੇ ਪਹਿਲਾਂ ਅੱਤ ਦੀ ਸਰਦੀ ਵਿੱਚ ਨੰਗੇ ਪੈਰੀਂ ਟ੍ਰਾਈਸਾਈਕਲ ਤੇ ਜੁਰਾਬਾਂ ਵੇਚ ਰਹੇ ਮਾਂ ਪੁੱਤ ਦੀ ਖ਼ਬਰ ਵਾਇਰਲ ਹੋਈ ਸੀ, ਜਿਸ ਨੂੰ ਦੇਖ ਕੇ ਜ਼ਿਲ੍ਹਾ ਐਨ ਜੀ ਓ ਕੋਆਰਡੀਨੇਸ਼ਨ ਕਮੇਟੀ ਮੋਗਾ ਦੇ ਚੇਅਰਮੈਨ ਮਹਿੰਦਰ ਪਾਲ ਲੂੰਬਾ ਅਤੇ ਪ੍ਰਧਾਨ ਗੁਰਸੇਵਕ ਸਿੰਘ ਸੰਨਿਆਸੀ ਨੇ ਲਾਲ ਸਿੰਘ ਰੋਡ ਮੋਗਾ ਸਥਿਤ ਉਨ੍ਹਾਂ ਦੇ ਘਰ ਗਏ। ਉਨ੍ਹਾਂ ਦੇਖਿਆ ਕਿ ਛੋਟੇ ਜਿਹੇ ਕਮਰੇ ਦੀ ਛੱਤ ਜਗ੍ਹਾ ਜਗ੍ਹਾ ਤੋਂ ਚੋਅ  ਰਹੀ ਸੀ ਤੇ ਕਿਸੇ ਵੇਲੇ ਵੀ ਡਿੱਗ ਸਕਦੀ ਸੀ। ਉਹੀ ਕਮਰਾ ਉਨ੍ਹਾਂ ਵੱਲੋਂ ਬੈਡਰੂਮ,ਬਾਥਰੂਮ ਅਤੇ ਕਿਚਨ ਵਜੋਂ ਵਰਤਿਆ ਜਾ ਰਿਹਾ ਸੀ। ਇਨ੍ਹਾਂ ਮਾੜੇ ਹਾਲਾਤਾਂ ਨੂੰ ਵੇਖ ਕੇ ਸਮਾਜ ਸੇਵੀਆਂ ਨੇ ਇਨ੍ਹਾਂ ਨੂੰ ਇੱਕ ਛੋਟਾ ਜਿਹਾ ਮਕਾਨ ਲੈ ਕੇ ਦੇਣ ਦੀ ਸੇਵਾ ਵਿੱਢ ਦਿੱਤੀ ਅਤੇ ਇਸ ਸਬੰਧੀ ਸੋਸ਼ਲ ਮੀਡੀਆ ਤੇ ਪੋਸਟ ਪਾਈ, ਜਿਸ ਨੂੰ ਵੇਖ ਕੇ ਵਿੰਨੀਪੈਗ ਕੈਨੇਡਾ ਦੀ ਸੰਗਤ ਨੇ ਰਾਇ ਵਰਿੰਦਰ ਸਿੰਘ ਤੂਰ ਦੇ ਰਾਹੀਂ ਇੱਕ ਲੱਖ ਇਕਾਹਟ ਹਜ਼ਾਰ ਰੁਪਏ ਭੇਜੇ ਅਤੇ ਬਹੁਤ ਸਾਰੇ ਹੋਰ ਵੀ ਦੇਸ਼ ਵਿਦੇਸ਼ ਤੋਂ ਦਾਨੀ ਸੱਜਣਾਂ ਨੇ ਇਸ ਵਿੱਚ ਆਪਣਾ ਸਹਿਯੋਗ ਪਾਇਆ । ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸੰਸਥਾ ਨੇ ਕਰੀਬ ਸਾਢੇ ਤਿੰਨ ਲੱਖ ਰੁਪਏ ਦੀ ਲਾਗਤ ਨਾਲ ਇਸ ਪਰਿਵਾਰ ਨੂੰ ਦੋ ਮਰਲੇ ਦਾ ਬਣਿਆ ਬਣਾਇਆ ਮਕਾਨ ਲੈ ਦਿੱਤਾ,ਜਿਸ ਨੂੰ ਰੰਗ ਰੋਗਨ ਕਰਵਾ ਕੇ ਅੱਜ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਲੈਣ ਉਪਰੰਤ ਸੰਸਥਾ ਵੱਲੋਂ ਇਹ ਮਕਾਨ ਪਰਿਵਾਰ ਨੂੰ ਸੌਂਪ ਦਿੱਤਾ। ਪਤੀ ਦੀ ਦੋ ਸਾਲ ਪਹਿਲਾਂ ਬਿਮਾਰੀ ਕਾਰਨ ਮੌਤ ਹੋ ਜਾਣ ਕਾਰਨ ਇਹ ਅੰਗਹੀਣ ਮਾਂ ਪੁੱਤ ਬੇਸਹਾਰਾ ਹੋ ਗਏ ਸਨ ਤੇ ਆਮਦਨ ਬੰਦ ਹੋਣ ਕਾਰਨ ਘਰ ਦਾ ਗੁਜਾਰਾ ਮੁਸ਼ਕਿਲ ਹੋ ਗਿਆ ਸੀ, ਜਿਸ ਕਰਕੇ ਉਨ੍ਹਾਂ ਨੂੰ ਜੁਰਾਬਾਂ ਵੇਚ ਕੇ ਗੁਜਾਰਾ ਕਰਨਾ ਪਿਆ। ਸੁਖਮਨੀ ਸਾਹਿਬ ਦੇ ਪਾਠਾਂ ਦੇ ਭੋਗ ਉਪਰੰਤ ਬੋਲਦਿਆਂ ਚੇਅਰਮੈਨ ਮਹਿੰਦਰ ਪਾਲ ਲੂੰਬਾ ਨੇ ਇਸ ਅਸੰਭਵ ਕੰਮ ਨੂੰ ਸੰਭਵ ਕਰਨ ਲਈ ਸਭ ਦਾਨੀ ਅਤੇ ਸਹਿਯੋਗੀ ਸੱਜਣਾਂ ਦਾ ਧੰਨਵਾਦ ਕੀਤਾ ਅਤੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਦਿੱਤੀਆਂ। ਉਹਨਾਂ ਪ੍ਰਿੰਸ ਨੂੰ ਆਪਣੀ ਪੜ੍ਹਾਈ ਜਾਰੀ ਰੱਖਣ ਅਤੇ ਪਰਿਵਾਰ ਦੀ ਆਮਦਨ ਲਈ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਣ ਲਈ ਪ੍ਰੇਰਿਤ ਕਰਦਿਆਂ ਕਿਹਾ ਸਰੀਰਕ ਦੁਸ਼ਵਾਰੀਆਂ ਸਿਰਫ ਉਨ੍ਹਾਂ ਲੋਕਾਂ ਨੂੰ ਪ੍ਰੇਸ਼ਾਨ ਕਰਦੀਆਂ ਹਨ ਜੋ ਸਰੀਰ ਦੇ ਨਾਲ ਮਾਨਸਿਕ ਤੌਰ ਤੇ ਵੀ ਅਪਾਹਜ ਹੋ ਜਾਂਦੇ ਹਨ। ਉਨ੍ਹਾਂ ਆਪਣੇ ਵੱਲੋਂ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ । ਇਸ ਮੌਕੇ ਪ੍ਰਧਾਨ ਗੁਰਸੇਵਕ ਸਿੰਘ ਸੰਨਿਆਸੀ ਅਤੇ ਜਨਰਲ ਸਕੱਤਰ ਅਮਰਜੀਤ ਸਿੰਘ ਜੱਸਲ ਨੇ ਵੀ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਅਤੇ ਪਰਿਵਾਰ ਨੂੰ ਵਧਾਈ ਦਿੱਤੀ। ਇਸ ਮੌਕੇ ਜਨਰਲ ਸਕੱਤਰ ਅਮਰਜੀਤ ਸਿੰਘ ਜੱਸਲ, ਕੈਸ਼ੀਅਰ ਕ੍ਰਿਸ਼ਨ ਸੂਦ, ਮਹਿਲਾ ਵਿੰਗ ਕੋਆਰਡੀਨੇਟਰ ਮੈਡਮ ਪ੍ਰੋਮਿਲਾ, ਪੇਂਡੂ ਕਲੱਬਾਂ ਕੋਆਰਡੀਨੇਟਰ ਸੁਖਦੇਵ ਸਿੰਘ ਬਰਾੜ, ਹਰਜਿੰਦਰ ਸਿੰਘ ਚੁਗਾਵਾਂ, ਡਾ ਰਵੀਨੰਦਨ ਸਿੰਘ, ਅਵਤਾਰ ਸਿੰਘ ਜੇ ਈ, ਹਰਭਜਨ ਸਿੰਘ ਬਹੋਨਾ,ਗੁਰਨਾਮ ਸਿੰਘ ਲਵਲੀ, ਪ੍ਰਿਆਵਰਤ ਗੁਪਤਾ, ਅਵਤਾਰ ਸਿੰਘ ਜੇ ਈ, ਕਰਮਜੀਤ ਕੌਰ, ਨਰਜੀਤ ਕੌਰ, ਜਸਵੀਰ ਕੌਰ, ਪ੍ਰਿਤਪਾਲ ਸਿੰਘ, ਪ੍ਰੇਮ ਕੁਮਾਰ, ਲੱਕੀ ਗਿੱਲ, ਸੁਖਵਿੰਦਰ ਮੜੀਆ, ਦਲੀਪ ਕੁਮਾਰ, ਜਸਵੀਰ ਸਿੰਘ, ਕੇਵਲ ਸਿੰਘ, ਸੱਤਪਾਲ, ਤਰੁਣ, ਹਰਜਿੰਦਰ ਕੌਰ, ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੁਹੱਲਾ ਨਿਵਾਸੀ ਹਾਜ਼ਰ ਸਨ।

Leave a Reply

Your email address will not be published. Required fields are marked *