ਮੁੱਲਾਂਪੁਰ ਦਾਖਾ (ਜਸਵੀਰ ਪੁੜੈਣ)
ਪੰਜਾਬ ਅਵਾਰਾ ਜਾਨਵਰਾਂ ਦੀ ਸਮੱਸਿਆ ਦਾ ਸ਼ਿਕਾਰ ਹੈ । ਜਿਸ ਲਈ ਪ੍ਰਸ਼ਾਸਨ ਅਜੇ ਤੱਕ ਢੁਕਵਾਂ ਹੱਲ ਕਰਨ ਤੋਂ ਅਸਮਰਥ ਹੈ । ਬਹੁਤ ਸਾਰੇ ਕੁੱਤੇ ਜਿੱਥੇ ਹਾਦਸਿਆਂ ਦਾ ਕਾਰਨ ਬਣਦੇ ਹਨ, ਉਥੇ ਆਪ ਵੀ ਇਨ੍ਹਾਂ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ । ਸੋ, ਬੇਸਾਹਾਰਾ ਕੁੱਤਿਆਂ ਦੀ ਗਿਣਤੀ ਘਟਾਉਣ ਲਈ, ਲੋੜ ਅਨੁਸਾਰ ਉਨ੍ਹਾਂ ਦੇ ਨਸਬੰਦੀ ਅਪਰੇਸ਼ਨ ਕਰਨ ਤੇ ਅਤੇ ਅਪਾਹਜ ਅਤੇ ਬਿਮਾਰ ਅਵਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਤੇ ਉਨ੍ਹਾਂ ਦੀ ਸਾਂਭ-ਸੰਭਾਲ ਲਈ ਹੁਣ ਆਮ ਲੋਕਾਂ ਵਿੱਚੋਂ ਹੀ ਕੁੱਝ ਕੁ ਲੋਕ ਅੱਗੇ ਆਏ ਹਨ । ਜ਼ਿਲ੍ਹਾ ਲੁਧਿਆਣਾ ਦੇ ਕਸਬੇ ਮੁੱਲਾਂਪੁਰ ਦੇ ਨਜ਼ਦੀਕ ਜਾਂਗਪੁਰ ਰੋਡ ਨੇੜੇ ਕੁਝ ਸਮਾਜ-ਸੇਵੀ ਅਤੇ ਜਾਨਵਰਾਂ ਦੇ ਹਮਦਰਦਾਂ ਵੱਲੋਂ ਆਪਣੇ ਬਲਬੂਤੇ ਇੱਕ ਮਦਦ ਘਰ ਭਾਵ ਸ਼ੈਲਟਰ ਹੋਮ ਬਣਾਇਆ ਜਾ ਰਿਹਾ ਹੈ । ਜਿਸ ਵਿਚ ਮੁਫਤ ਅਪ੍ਰੇਸ਼ਨ, ਇਲਾਜ ਅਤੇ ਰੱਖ-ਰਖਾਵ ਕੀਤਾ ਜਾਵੇਗਾ | ਇਨ੍ਹਾਂ ਵਿਚ ਕੁਝ ਇਕ ਦੁਕਾਨਦਾਰ, ਅਧਿਆਪਕਾਵਾਂ, ਡਾਕਟਰ,ਪੁਲਿਸ ਅਧਿਕਾਰੀ , ਮਿਸਤਰੀ ਅਤੇ ਮਜ਼ਦੂਰ ਸਭ ਰਲ ਮਿਲ ਕੇ ਇਮਾਰਤ ਦੀ ਉਸਾਰੀ ਵਿਚ ਆਪਣੀ ਵਾਹ ਲਾ ਰਹੇ ਹਨ ।ਇਸ ਨੇਕ ਕੰਮ ਲਈ ਜ਼ਿਮੀਦਾਰ ਹਰਨੇਕ ਸਿੰਘ ਵੱਲੋਂ ਘੱਟ ਰੇਟ ਉਪਰ ਆਪਣੀ ਜ਼ਮੀਨ ਦਿੱਤੀ ਗਈ ਹੈ । ਜਿੱਥੇ ਇਮਾਰਤ ਦੀ ਉਸਾਰੀ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਹੋ ਗਿਆ ਹੈ ਪਰ ਇਸ ਨੂੰ ਅੱਗੇ ਵਧਾਉਣ ਲਈ ਅਤੇ ਨੇਪਰੇ ਚੜ੍ਹਾਉਣ ਲਈ ਦਾਨੀ ਸੱਜਣਾਂ ਦੇ ਸਹਿਯੋਗ ਦੀ ਬਹੁਤ ਜ਼ਰੂਰਤ ਹੈ | ਅੱਜ ਪੰਜਾਬ ਨੂੰ ਜ਼ਰੂਰਤ ਹੈ ਕਿ ਜੋ ਲੋਕ ਸਰਕਾਰਾਂ ਵੱਲ ਹੱਥ ਅੱਡ ਕੇ ਵੇਖਣ ਦੀ ਬਜਾਏ ਆਪ ਉੱਦਮ ਕਰ ਰਹੇ ਹਨ, ਉਨ੍ਹਾਂ ਨੂੰ ਸਹਾਰਾ ਦਿੱਤਾ ਜਾਵੇ | ਐਨ. ਆਰ. ਆਈ. ਵੀਰਾਂ ਭੈਣਾਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਉਹ ਵੀ ਭਾਵੇਂ ਪੰਜਾਬ ਤੋਂ ਦੂਰ ਵੱਸਦੇ ਹਨ ਪਰ ਆਪਣੇ ਰਾਜ ਦੀ ਖੁਸ਼ਹਾਲੀ ਲਈ ਉਨ੍ਹਾਂ ਦੀ ਬਾਂਹ ਫੜਨ | ਇਸ ਸਬੰਧੀ ਇਨ੍ਹਾਂ ਲੋਕਾਂ ਦੀ ਐਨ.ਜੀ.ਓ Live And Let Live ‘ ਦਰਵੇਸ਼ ਦਿਆ ‘ ਜੋ ਬਹੁਤ ਜਲਦ ਰਜਿਸਟਰਡ ਹੋਣ ਜਾ ਰਹੀ ਹੈ ਦੇ ਕੁਝ ਮੈਂਬਰਾਂ ਨੇ ਆਪਣਾ ਸਾਂਝੇ ਰੂਪ ਵਿੱਚ ਖਾਤਾ ਨੰਬਰ ਜਾਰੀ ਕਰਦੇ ਹੋਏ ਰਾਸ਼ੀ ਭੇਟ ਕਰਨ ਦੀ ਅਪੀਲ ਕੀਤੀ ।