ਮੋਗਾ, 1 ਅਕਤੂਬਰ
(ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ)
ਚੋਣ ਕਮਿਸ਼ਨ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਧਿਆਪਕ ਦਿਵਸ ਦੇ ਸਬੰਧ ਵਿੱਚ ਕਰਵਾਏ ਗਏ ਲੇਖ ਮੁਕਾਬਲਿਆਂ ਵਿੱਚ ਅੱਜ ਪਹਿਲਾ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਨੂੰ ਮੁੱਖ ਚੋਣ ਦਫ਼ਤਰ ਵੱਲੋ ਭੇਜੇ ਗਏ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਇਨ੍ਹਾਂ ਲੇਖ ਮੁਕਾਬਲਿਆਂ ਵਿੱਚ ਜ਼ਿਲ੍ਹਾ ਪੱਧਰ ਤੇ ਅਧਿਆਪਕ ਮੈਡਮ ਏਕਤਾ ਸਰਕਾਰੀ ਪ੍ਰਾਇਮਰੀ ਸਕੂਲ ਧੂੜਕੋਟ ਕਲਾਂ ਨੇ ਪਹਿਲਾ, ਸ. ਨਿਰਮਲ ਸਿੰਘ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਡਰੋਲੀ ਭਾਈ ਨੇ ਦੂਸਰਾ ਅਤੇ ਮੈਡਮ ਕਰਮਜੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਰੋ ਨੇ ਤੀਸਰਾ ਸਥਾਨ ਹਾਸਲ ਕੀਤਾ।ਇਨ੍ਹਾਂ ਅਧਿਆਪਕਾਂ ਨੂੰ ਅੱਜ ਜ਼ਿਲ੍ਹਾ ਚੋਣ ਦਫ਼ਤਰ ਵੱਲੋ ਸਨਮਾਨਿਤ ਕੀਤਾ ਗਿਆ।
ਜ਼ਿਲ੍ਹਾ ਸਹਾਇਕ ਨੋਡਲ ਅਫ਼ਸਰ ਗੁਰਪ੍ਰੀਤ ਸਿੰਘ ਘਾਲੀ ਨੇ ਦੱਸਿਆ ਕਿ ਪੰਜਾਬ ਭਰ ਦੇ ਵਿੱਚ ਅਧਿਆਪਕ ਦਿਵਸ ਸਮੇ ਵੋਟਾਂ ਦੌਰਾਨ ਇਮਾਨਦਾਰੀ ਨਾਲ ਡਿਊਟੀ ਨਿਭਾਉਣ ਵਾਲੇ ਅਧਿਆਪਕਾਂ ਦਾ ਲੇਖ ਲਿਖਣ ਮੁਕਾਬਲਾ ਕਰਵਾਇਆ ਗਿਆ ਸੀ। ਇਸ ਲੇਖ ਮੁਕਾਬਲੇ ਵਿੱਚ ਜ਼ਿਲ੍ਹਾ ਮੋਗਾ ਵਿੱਚੋ 44 ਅਧਿਆਪਕਾਂ ਨੇ ਹਿੱਸਾ ਲਿਆ, ਜਿੰਨ੍ਹਾਂ ਵਿੱਚੋ ਤਿੰਨ ਅਧਿਆਪਕਾਂ ਦੁਆਰਾ ਲਿਖੇ ਗਏ ਵਧੀਆ ਲੇਖਾਂ ਨੂੰ ਪਹਿਲਾ, ਦੂਜਾ, ਅਤੇ ਤੀਸਰਾ ਸਥਾਨ ਪ੍ਰਾਪਤ ਹੋਇਆ। ਇਨ੍ਹਾਂ ਵਿੱਚੋ ਪਹਿਲੇ ਸਥਾਨ ਤੇ ਆਉਣ ਵਾਲੇ ਅਧਿਆਪਕਾ ਮੈਡਮ ਏਕਤਾ ਸਿੰਘ ਨੂੰ ਅਧਿਆਪਕ ਦਿਵਸ ਵਾਲੇ ਦਿਨ ਆਨਲਾਈਨ ਸਮਾਰੋਹ ਵਿੱਚ ਸ਼ਿਰਕਤ ਕਰਨ ਦਾ ਮੌਕਾ ਵੀ ਮਿਲਿਆ। ਜਿਸ ਵਿੱਚ ਮੁੱਖ ਚੋਣ ਅਫ਼ਸਰ ਡਾ. ਐਸ ਕਰੁਣਾ ਰਾਜੂ ਅਤੇ ਅਡੀਸ਼ਨਲ ਮੁੱਖ ਚੋਣ ਅਫ਼ਸਰ ਮੈਡਮ ਮਾਧਵੀ ਕਟਾਰੀਆ ਵੱਲੋ ਪੰਜਾਬ ਭਰ ਵਿੱਚੋ ਪਹਿਲੇ ਸਥਾਨ ਤੇ ਆਉਣ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕਰਨ ਲਈ ਸ਼ਿਰਕਤ ਕੀਤੀ।
ਉਨ੍ਹਾਂ ਕਿਹਾ ਕਿ ਅਧਿਆਪਕਾਂ ਤੋ ਬਿਨ੍ਹਾਂ ਚੋਣਾਂ ਕਰਵਾਉਣਾ ਮੁਸ਼ਕਿਲ ਹੀ ਨਹੀ ਬਲਕਿ ਨਾ ਮੁਮਕਿੰਨ ਹੈ ਅਤੇ ਅਧਿਆਪਕ ਇਸ ਕੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਦੇ ਹਨ। ਉਨ੍ਹਾਂ ਸਾਰੇ ਹੀ ਅਧਿਆਪਕਾਂ ਦਾ ਚੋਣ ਕਮਿਸ਼ਨ ਦੀ ਮੱਦਦ ਕਰਨ ਤੇ ਧੰਨਵਾਦ ਕੀਤਾ।
ਜ਼ਿਲ੍ਹਾ ਮੋਗਾ ਚੋਣ ਦਫ਼ਤਰ ਵੱਲੋ ਅੱਜ ਕੀਤੇ ਗਏ ਸਨਮਾਨ ਸਮਾਰੋਹ ਵਿੱਚ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਸ. ਬਲਵਿੰਦਰ ਸਿੰਘ ਦੌਲਤਪੁਰਾ, ਸਹਾਇਕ ਨੋਡਲ ਅਫ਼ਸਰ ਗੁਰਪ੍ਰੀਤ ਸਿੰਘ ਘਾਲੀ ਅਤੇ ਸਮੂਹ ਜ਼ਿਲ੍ਹਾ ਚੋਣ ਦਫ਼ਤਰ ਦੇ ਕਰਮਚਾਰੀ ਹਾਜ਼ਰ ਸਨ।