ਨਿਹਾਲ ਸਿੰਘ ਵਾਲਾ( ਮਿੰਟੂ ਖੁਰਮੀ)ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਦੇ ਦਿਸ਼ਾਂ-ਨਿਰਦੇਸ਼ਾਂ ਤਹਿਤ ਖੇਤੀਬਾੜੀ ਵਿਭਾਗ ਮੋਗਾ ਵੱਲੋ ਪਾਣੀ, ਖਾਦ ਅਤੇ ਕੀਟਨਾਸ਼ਕ ਦਵਾਈਆਂ ਦਾ ਘੱਟ ਤੋ ਘੱਟ ਪ੍ਰਯੋਗ ਕਰਕੇ ਝੋਨੇ ਦੀ ਫਸਲ ਤੋ ਚੰਗੀ ਪੈਦਾਵਾਰ ਲੈਣ ਦੇ ਮਕਸਦ ਨਾਲ ਪੰਜਾਬ ਦੇ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਦੀਆਂ ਵੱਧ ਤੋ ਵੱਧ ਨਵੀਆਂ ਤਕਨੀਕਾਂ ਨਾਲ ਜੋੜਨ ਦੇ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਇਹ ਵਿਚਾਰ ਬਲਾਕ ਖੇਤੀਬਾੜੀ ਅਫਸਰ ਡਾ ਹਰਨੇਕ ਸਿੰਘ, ਰੋਡੇ ਮੋਗਾ-2 ਨੇ ਪਿੰਡ ਘੱਲ ਕਲਾਂ ਵਿਖੇ ਅਗਾਂਹਵਧੂ ਕਿਸਨ ਜਗਜੀਤ ਸਿੰਘ ਗਿੱਲ ਦੇ ਫਾਰਮ ਤੇ ਖੇਤੀਬਾੜੀ ਵਿਭਾਗ ਦੀ ਸਿਫ਼ਾਰਿਸ਼ ਤੇ ਵੱਟਾ ਉੱਪਰ ਲਗਾਏ ਗਏ ਝੋਨੇ ਦੀ ਫਸਲ ਦੇ ਝਾੜ ਦਾ ਅਨੁਮਾਨ ਲਗਾਉਣ ਲਈ ਫਸਲ ਦੀ ਕਟਾਈ ਦੇ ਤਜਰਬੇ ਸਮੇਂ ਪ੍ਰਗਟ ਕੀਤੇ। ਡਾ ਦਲੇਰ ਸਿੰਘ ਸਾਬਕਾ ਖੇਤੀਬਾੜੀ ਅਫਸਰ ਲੁਧਿਆਣਾ ਨੇ ਵੀ ਇਸ ਸਮੇ ਮੌਜੂਦ ਸਨ।
ਬਲਾਕ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਪੰਜਾਬ ਦੇ ਕਿਸਾਨ ਖੇਤੀ ਵਿਗਿਆਨੀਆ ਵੱਲੋ ਵਿਕਸਤ ਕੀਤੀਆਂ ਜਾ ਰਹੀਆ ਨਵੀਆ ਤਕਨੀਕਾਂ ਨੂੰ ਅਪਨਾਉਣ ਦੀ ਮੁਹਾਰਤ ਰੱਖਦੇ ਹਨ, ਜਿਸ ਨਾਲ ਘੱਟ ਖਰਚਾ, ਘੱਟ ਮਿਹਨਤ ਅਤੇ ਕੁਦਰਤੀ ਸੋਮਿਆ ਦੀ ਬੱਚਤ ਕਰਕੇ ਵਧੇਰੇ ਆਮਦਨ ਪ੍ਰਾਪਤ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਘੱਲ ਕਲਾਂ ਬਲਾਕ ਮੋਗਾ-2 ਦੇ ਅਗਾਂਹਵਧੂ ਕਿਸਾਨ ਜਗਜੀਤ ਸਿੰਘ ਗਿੱਲ ਨੇ ਖੇਤੀਬਾੜੀ ਵਿਭਾਗ ਦੀ ਟੀਮ ਵੱਲੋ ਸ਼ਿਫਾਰਿਸ਼ ਤੇ ਆਪਣੇ ਫਾਰਮ ਤੇ ਝੋਨੇ ਦੀ 20 ਦਿਨਾਂ ਦੀ ਪਨੀਰੀ ਵੱਟਾਂ ਦੇ ਦੋਨੀ ਪਾਸੀ ਅੱਧ ਵਿਚਕਾਰ ਲਗਾ ਕੇ ਰਿਕਾਰਡ ਤੋੜ ਪੈਦਾਵਾਰ ਕੀਤੀ ਹੈ। ਡਾ ਰੋਡੇ ਨੇ ਦੱਸਿਆ ਕਿ ਜਗਜੀਤ ਸਿੰਘ ਦੇ ਖੇਤ ਵਿੱਚ ਝੋਨੇ ਦੀ ਪੀ.ਆਰ. 114 ਕਿਸਮ ਦੀ ਕੇਵਲ 20 ਦਿਨਾਂ ਦੀ ਪਨੀਰੀ 9 ਜੂਨ 2019 ਨੂੰ ਵੱਟਾਂ ਦੇ ਦੋਨੀ ਪਾਸੀ ਅੱਧ ਵਿਚਕਾਰ ਲਗਾਈ ਗਈ ਸੀ, ਜਿਸ ਵਿੱਚ ਪ੍ਰਤੀ ਏਕੜ 90 ਕਿਲੋਂ ਯੂਰੀਆ ਅਤੇ 10 ਕਿਲੋਂ ਜਿੰਕ ਸਲਫੇਟ (21′) ਫਸਲ ਨੂੰ ਪਾਈ ਗਈ। ਉਹਨਾ ਕਿਹਾ ਕਿ ਨਦੀਨਾਂ ਨੂੰ ਰੋਕਣ ਲਈ ਬੂਟਾਕਲੋਰ ਅਤੇ ਸਾਥੀ ਦਵਾਈ ਦਾ ਛਿੜਕਾਅ ਕੀਤਾ ਗਿਆ। ਇਸੇ ਤਰ੍ਹਾਂ ਹੀ ਉੱਲੀ ਨਾਸ਼ਕ ਦਾ ਇੱਕ ਛਿੜਕਾਅ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਝੋਨੇ ਨੂੰ ਪੱਕਣ ਤੱਕ ਸਿਰਫ 19 ਪਾਣੀ ਲਗਾਏ ਗਏ ਅਤੇ 120 ਦਿਨਾਂ ਵਿੱਚ ਫਸਲ ਪੱਕ ਕੇ ਤਿਆਰ ਹੋ ਗਈ ਅਤੇ ਫਸਲ ਦਾ ਅਨੁਮਾਨ ਲਗਾਉਣ ਲਈ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਵੱਲੋ ਕਿਸਾਨਾਂ ਦੀ ਹਾਜਰੀ ਵਿੱਚ 11 ਅਕਤੂਬਰ 2019 ਨੂੰ ਇੱਕ ਮਰਲੇ ਵਿੱਚੋ ਫਸਲ ਕਟਾਈ ਦਾ ਤਜਰਬਾ ਕੀਤਾ ਗਿਆ, ਜਿਸ ਦਾ ਵਜਨ ਇੱਕ ਮਰਲੇ ਵਿੱਚੋ 23 ਕਿਲੋਂ 500 ਗ੍ਰਾਮ ਸੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਇਸ ਕਿਸਮ ਦੇ ਔਸਤਨ ਝਾੜ ਸਾਢੇ 27 ਕੁਇੰਟਲ ਪ੍ਰਤੀ ਏਕੜ ਦੇ ਮੁਕਾਬਲੇ 37 ਕੁਇੰਟਲ 60 ਕਿਲੋ ਪ੍ਰਾਪਤ ਹੋਇਆ ਹੈ ਜੋ ਕਿ ਇੱਕ ਰਿਕਾਰਡ ਹੈ।
ਡਾ. ਰੋਡੇ ਨੇ ਅੱਗੇ ਦੱਸਦਿਆਂ ਕਿਹਾ ਕਿ ਇਸੇ ਤਰ੍ਹਾਂ ਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਝੋਨੇ ਦੀ ਵਿਕਸਤ ਪੀ.ਆਰ. 126 ਕਿਸਮ ਮਿਤੀ 1 ਜੁਲਾਈ 2019 ਨੂੰ 18 ਦਿਨਾਂ ਦੀ ਪਨੀਰੀ ਵੱਟਾਂ ਦੇ ਦੋਨੀ ਪਾਂਸੀ ਅੱਧ ਵਿਚਕਾਰ ਲਗਾਈ ਗਈ ਅਤੇ ਨਦੀਨਾਂ ਨੂੰ ਮਾਰਨ ਲਈ ਸਾਥੀ ਦਵਾਈ ਦਾ ਦੁਸਰੇ ਦਿਨ ਹੀ ਖਾਲੀਆਂ ਵਿੱਚ ਖੜੇ ਪਾਣੀ ਤੇ 100 ਲੀਟਰ ਪਾਣੀ ਵਿੱਚ ਪਾ ਕੇ ਛਿੜਕਾਅ ਕੀਤਾ ਗਿਆ। ਉਹਨਾਂ ਦੱਸਿਆ ਕਿ ਇਸ ਫਸਲ ਨੂੰ 100 ਦਿਨਾਂ ਵਿੱਚ ਸਿਰਫ 14 ਪਾਣੀ ਹੀ ਲਗਾਏ ਗਏ। ਇਸ ਕਿਸਮ ਤੇ ਉੱਲੀਨਾਸਕ ਦੀਆ ਦੋ ਸਪਰੇਆਂ ਕੀਤੀਆ ਗਈਆਂ। ਇਹ ਕਿਸਮ 100 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਗਈ। ਇਸ ਦਾ ਵੀ ਫਸਲ ਕਟਾਈ ਦਾ ਤਜਰਬਾ ਇੱਕ ਮਰਲੇ ਵਿੱਚ ਕੀਤਾ ਗਿਆ ਜਿਸ ਦਾ ਵਜਨ 25 ਕਿਲੋ 200 ਗ੍ਰਾਮ ਨਿੱਕਲਿਆ। ਇਸ ਤਰ੍ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੀ ਝੋਨੇ ਦੀ ਪੀਆਰ 126 ਦੇ ਔਸਤਨ 30 ਕੁਇੰਟਲ ਪ੍ਰਤੀ ਏਕੜ ਝਾੜ ਦੇ ਮੁਕਾਬਲੇ ਇਸ ਦਾ ਝਾੜ 40 ਕੁਇੰਟਲ 32 ਕਿਲੋ ਪ੍ਰਾਪਤ ਹੋਇਆ ਹੈ, ਜੋ ਕਿ ਘੱਟ ਖਰਚਾ ਕਰਕੇ ਇੱਕ ਰਿਕਾਰਡ ਤੋੜ ਝਾੜ ਹੈ। ਖੇਤੀਬਾੜੀ ਵਿਭਾਗ ਬਲਾਕ ਮੋਗਾ-2 ਦੀ ਖੇਤੀ ਮਾਹਿਰਾਂ ਦੀ ਟੀਮ ਡਾ ਬਲਜਿੰਦਰ ਸਿੰਘ, ਯਾਦਵਿੰਦਰ ਸਿੰਘ, ਡਾ ਸਤਵਿੰਦਰ ਸਿੰਘ, ਪਰਮਜੀਤ ਸਿੰਘ ਖੇਤੀਬਾੜੀ ਉੱਪ-ਨਿਰੀਖਕ, ਲਵਦੀਪ ਸਿੰਘ ਖੇਤੀਬਾੜੀ ਉੱਪ-ਨਿਰੀਖਕ ਵੱਲੋਂ ਸਮੇਂ-ਸਮੇ ਤੇ ਫਸਲ ਦਾ ਨਿਰੀਖਣ ਕੀਤਾ ਅਤੇ ਇਲਾਕੇ ਦੇ ਹੋਰਨਾਂ ਕਿਸਾਨਾਂ ਨੂੰ ਇਸ ਵਿਧੀ ਰਾਹੀ ਝੋਨੇ ਦੀ ਕਾਸਤ ਕਰਨ ਲਈ ਪ੍ਰੇਰਿਆ ਗਿਆ ।
ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਇਸ ਤਕਨੀਕ ਨੂੰ ਅਪਣਾਉਣ ਦੀ ਅਪੀਲ ਕੀਤੀ ਅਤੇ ਕੁਦਰਤੀ ਸੋਮਿਆ ਦੀ ਘੱਟ ਵਰਤੋਂ ਕਰਕੇ ਵਧੇਰੇ ਪੈਦਾਵਾਰ ਪ੍ਰਾਪਤ ਨੂੰ ਤਰਜੀਹ ਦੇਣ ਲਈ ਕਿਹਾ। ਡਾ. ਰੋਡੇ ਨੇ ਕਿਹਾ ਕਿ ਸਾਡੀ ਖੇਤੀਬਾੜੀ ਵਿਭਾਗ ਦੀ ਟੀਮ ਨੂੰ ਅਜਿਹੇ ਅਗਾਂਹਵਧੂ ਕਿਸਾਨਾਂ ਤੋਂ ਆਸ ਹੈ ਕਿ ਇਹ ਇਲਾਕੇ ਦੇ ਹੋਰਨਾਂ ਕਿਸਾਨਾਂ ਲਈ ਪ੍ਰੇਰਨਾ ਸਰੋਤ ਬਣਨਗੇ।