ਜ਼ਿਲ੍ਹਾ ਰੋਜ਼ਗਾਰ ਦਫ਼ਤਰ ਮੋਗਾ ਵਿਖੇ 23 ਜੂਨ ਨੂੰ ਲੱਗੇਗਾ ਸਵੈ ਰੋਜ਼ਗਾਰ ਜਾਗਰੂਕਤਾ ਕੈਂਪ

 

           ਆਜ਼ਾਦੀ ਕਾ ਅੰਮ੍ਰਿਤ ਮਹੋਤਸਵ

ਮੋਗਾ, 22 ਜੂਨ ਜਗਰਾਜ ਸਿੰਘ ਗਿੱਲ

ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮੋਗਾ ਵਿਖੇ ਇੱਕ ਸਵੈ-ਰੋਜ਼ਗਾਰ ਕੈਂਪ ਮਿਤੀ 23 ਜੂਨ, 2022 ਨੂੰ ਲਗਾਇਆ ਜਾ ਰਿਹਾ ਹੈ। ਇਹ ਕੈਂਪ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਥੀਮ ਤਹਿਤ ਲਗਾਇਆ ਜਾ ਰਿਹਾ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਮੋਗਾ ਸ੍ਰੀਮਤੀ ਪਰਮਿੰਦਰ ਕੌਰ ਨੇ ਦੱਸਿਆ ਕਿ ਇਸ ਸਵੈ ਰੋਜ਼ਗਾਰ ਕੈਂਪ ਵਿੱਚ ਉਦਯੋਗਿਕ ਵਿਭਾਗ, ਅਨੁਸੂਚਿਤ ਜਾਤੀਆਂ ਭੌਂ ਅਤੇ ਵਿੱਤੀ ਕਾਰਪੋਰੇਸ਼ਨ, ਪਛੜੀਆਂ ਸ੍ਰੇਣੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ, ਡੇਅਰੀ ਵਿਕਾਸ ਵਿਭਾਗ ਤੋਂ ਇਲਾਵਾ ਹੋਰ ਵੀ ਕਈ ਵਿਭਾਗ ਭਾਗ ਲੈਣਗੇ ਅਤੇ ਪ੍ਰਾਰਥੀਆਂ ਨੂੰ ਸਵੈ ਰੋਜ਼ਗਾਰ ਸਕੀਮਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਮੁਹੱਈਆ ਕਰਵਾਉਣਗੇ। ਇਸ ਕੈਂਪ ਵਿੱਚ ਲੀਡ ਬੈਂਕ ਮੈਨੇਜਰ ਵੱਲੋਂ ਸਵੈ ਰੋਜ਼ਗਾਰ ਸਕੀਮਾਂ ਤਹਿਤ ਮਿਲਣ ਵਾਲੇ ਕਰਜਿਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਮੋਗਾ ਸ੍ਰੀ ਸੁਖਮਿੰਦਰ ਸਿੰਘ ਰੇਖੀ ਵੀ ਵਿਸ਼ੇਸ਼ ਤੌਰ ਤੇ ਇਸ ਕੈਂਪ ਵਿੱਚ ਸ਼ਿਰਕਤ ਕਰਕੇ ਅਹਿਮ ਜਾਣਕਾਰੀ ਸਾਂਝੀ ਕਰਨਗੇ।

ਰੋਜ਼ਗਾਰ ਅਫ਼ਸਰ ਨੇ ਦੱਸਿਆ ਕਿ ਇਹ ਕੈਂਪ ਉਪਰੋਕਤ ਸਥਾਨ ਉਪਰ ਸਵੇਰੇ ਠੀਕ 9 ਵਜੇ ਆਯੋਜਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਵੈ ਰੋਜ਼ਗਾਰ ਸਥਾਪਿਤ ਕਰਨ ਦੇ ਚਾਹਵਾਨ ਪ੍ਰਾਰਥੀਆਂ ਲਈ ਇਹ ਕੈਂਪ ਵਰਦਾਨ ਸਾਬਿਤ ਹੋਵੇਗਾ ਕਿਉਂਕਿ ਇਸ ਕੈਂਪ ਵਿੱਚ ਇਨ੍ਹਾਂ ਪ੍ਰਾਰਥੀਆਂ ਦੇ ਹਰ ਸਵਾਲ ਦੇ ਜਵਾਬ ਦਿੱਤੇ ਜਾਣਗੇ ਅਤੇ ਸਰਕਾਰੀ ਸਕੀਮਾਂ ਸਵੈ ਰੋਜ਼ਗਾਰ ਸਥਾਪਿਤ ਕਰਨ ਲਈ ਕਿਵੇਂ ਸਹਾਈ ਹੁੰਦੀਆਂ ਹਨ ਬਾਰੇ ਵੀ ਬਰੀਕੀ ਨਾਲ ਸਮਝਾਇਆ ਜਾਵੇਗਾ।

ਪਰਮਿੰਦਰ ਕੌਰ ਨੇ ਜ਼ਿਲ੍ਹਾ ਮੋਗਾ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਕੈਂਪ ਦਾ ਵੱਧ ਤੋਂ ਵੱਧ ਲਾਹਾ ਲੈਣ ਨੂੰ ਯਕੀਨੀ ਬਣਾਉਣ।

 

Leave a Reply

Your email address will not be published. Required fields are marked *