ਮੋਗਾ 30 ਅਪ੍ਰੈਲ (ਜਗਰਾਜ ਗਿੱਲ)
ਕਰੋਨਾ ਦੇ ਪ੍ਰਭਾਵ ਨੂੰ ਰੋਕਣ ਅਤੇ ਇਸਦੀ ਚੇਨ ਨੂੰ ਤੋੜਨ ਲਈ ਜ਼ਿਲ੍ਹਾ ਮੈਜਿਸਟ੍ਰੇਟ ਮੋਗਾ ਵੱਲੋ ਜ਼ਿਲ੍ਹੇ ਦੀ ਹਦੂਦ ਅੰਦਰ ਕਰਫਿਊ ਲਗਾਇਆ ਗਿਆ ਸੀ ਤਾਂ ਕਿ ਇਸ ਸਥਿਤੀ ਨਾਲ ਨਜਿੱਠਿਆ ਜਾ ਸਕੇ। ਪੰਜਾਬ ਸਰਕਾਰ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਮੈਜਿਸਟ੍ਰੇਟ ਮੋਗਾ ਸ੍ਰੀ ਸੰਦੀਪ ਹੰਸ ਵੱਲੋ ਜ਼ਿਲ੍ਹਾ ਮੋਗਾ ਦੀ ਹਦੂਦ ਅੰਦਰ ਕਰਫਿਊ ਤੇ ਚਲਦਿਆਂ ਹੋਇਆਂ ਸਵੇਰੇ 7 ਵਜੇ ਤੋ 11 ਵਜੇ ਤੱਕ ਕਰਫਿਊ ਵਿੱਚ ਛੋਟ ਦਿੰਦੇ ਹੋਏ ਰੋਸਟਰ ਅਨੁਸਾਰ ਦੁਕਾਨਾਂ ਖੋਲ੍ਹਣ ਦੀ ਮਨਜੂਰੀ ਦਿੱਤੀ ਗਈ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਵਾਈਆਂ, ਫਲ, ਸਬਜ਼ੀਆਂ, ਹਰਾ ਚਾਰਾ, ਪੀਣ ਵਾਲਾ ਪਾਣੀ, ਮੀਟ ਸ਼ਾਪ, ਆਂਡੇ ਦੀਆਂ ਦੁਕਾਨਾਂ, ਸੋਮਵਾਰ ਤੋ ਸ਼ਨੀਵਾਰ ਦੁਪਹਿਰ 2 ਵਜੇ ਤੋ ਸ਼ਾਮ 5 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ। ਇਹ ਦੁਕਾਨਾਂ ਪਹਿਲਾਂ ਜਾਰੀ ਕੀਤੇ ਹੁਕਮਾਂ ਅਨੁਸਾਰ ਹੀ ਹੋਮ ਡਿਲੀਵਰੀ ਕਰਨਗੀਆਂ। ਫਲਾਂ ਅਤੇ ਸਬਜੀਆਂ ਦੀ ਸਵੇਰੇ 5 ਵਜੇ ਦੁਪਹਿਰ 12 ਵਜੇ ਤੱਕ ਟੈਪੂਆਂ ਰਾਹੀ ਹੋਮ ਡਿਲੀਵਰੀ ਵੀ ਕੀਤੀ ਂਜਾ ਸਕੇਗੀ।
ਕਰਿਆਨਾ ਦੀਆਂ ਦੁਕਾਨਾਂ ਸੋਮਵਾਰ, ਬੁੱਧਵਾਰ ਅਤੇ ਸੁੱਕਰਵਾਰ ਨੂੰ 2 ਵਜੇ ਤੋ 5 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ। ਇਹ ਦੁਕਾਨਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋ ਪਹਿਲਾਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਵੰਡੇ ਹੋਏ ਦਿਨਾਂ ਦੇ ਹਿਸਾਬ ਨਾਲ ਹੀ ਖੁੱਲ੍ਹਣਗੀਆਂ।
ਇਸ ਤੋ ਇਲਾਵਾ ਮਨਿਆਰੀ ਦੀਆਂ ਦੁਕਾਨਾਂ ਸੋਮਵਾਰ ਨੂੰ ਖੁੱਲ੍ਹੀਆਂ ਰਹਿਣਗੀਆਂ। ਬੂਟ, ਜੁੱਤੀਆਂ, ਡਰਾਈ ਕਲੀਨ, ਕੱਪੜਾ, ਰੈਡੀਮੇਟ ਕੱਪੜਾ, ਕੱਪੜਾ ਡਾਈ ਦੀਆਂ ਦੁਕਾਨਾਂ ਮੰਗਲਵਾਰ ਨੂੰ ਖੁੱਲ੍ਹੀਆਂ ਰਹਿਣਗੀਆਂ।
ਇਲੈਕਟ੍ਰੋਨਿਕਸ, ਇਲੈਕਟ੍ਰੀਕਲ/ਕੰਪਿਊਟਰ ਦੇ ਨਵੇ ਸਮਾਨ/ਰਿਪੇਅਰ ਵਾਲੀਆਂ ਦੁਕਾਨਾਂ, ਟੈਲੀਕਾਮ ਆਪ੍ਰੇਟਰ ਏਜੰਸੀਆਂ, ਮੋਬਾਇਲ ਰਿਪੇਅਰ ਅਤੇ ਰੀਚਾਰਜ ਦੀਆਂ ਦੁਕਾਨਾਂ ਬੁੱਧਵਾਰ ਨੂੰ ਖੁੱਲ੍ਹੀਆਂ ਰਹਿਣਗੀਆਂ।
ਮੈਟਸ, ਚਾਦਰਾਂ, ਫਰਨੀਚਰ (ਲੱਕੜ, ਲੋਹਾ, ਪਲਾਸਟਿਕ), ਪ੍ਰਿੰਟਿੰਗ ਪ੍ਰੈਸ ਦੀਆਂ ਦੁਕਾਨਾਂ ਵੀਰਵਾਰ ਨੂੰ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਗਏ ਹਨ। ਆਟਾ ਚੱਕੀਆਂ, ਲੱਕੜ ਚੀਰਨ ਵਾਲੇ ਆਰੇ, ਸ਼ਨੀਵਾਰ ਨੂੰ ਖੁੱਲ੍ਹੇ ਰਹਿਣਗੇ।
ਰੇਤਾ, ਬੱਜਰੀ, ਸੀਮੇਟ, ਸਰੀਆ, ਹਾਰਡਵੇਅਰ, ਸਾਈਕਲ, ਦੋਪਹੀਆ ਵਾਹਨਾਂ ਦੀ ਰਿਪੇਅਰ ਦੀਆਂ ਦੁਕਾਨਾਂ ਐਤਵਾਰ ਨੂੰ ਖੁੱਲ੍ਹੀਆਂ ਰਹਿਣਗੀਆਂ। ਉਸਾਰੀ ਦੇ ਸਰਕਾਰੀ, ਗੈਰ ਸਰਕਾਰੀ ਕੰਮ ਇਸ ਦਫ਼ਤਰ ਦੀ ਮਨਜੂਰੀ ਨਾਲ ਕੀਤੇ ਜਾ ਸਕਣਗੇ।
ਕਿਤਾਬਾਂ, ਸਟੇਸ਼ਨਰੀਆਂ ਦੀਆਂ ਦੁਕਾਨਾਂ ਸੋਮਵਾਰ ਤੋ ਸ਼ਨੀਵਾਰ ਦੁਪਹਿਰ 2 ਤੋ ਸ਼ਾਮ 5 ਵਜੇ ਤੱਕ ਹੋਮ ਡਿਲੀਵਰੀ ਕਰਨਗੀਆਂ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਨਿਗਮ ਅਤੇ ਨਗਰ ਕੌਸਲਾਂ ਦੀ ਹਦੂਦ ਵਿੱਚ ਮਾਰਕਿਟ ਕੰਪਲੈਕਸ ਭਾਵ ਸ਼ਾਪਿੰਗ ਮਾਲਜ਼ ਅਗਲੇ ਹੁਕਮਾਂ ਤੱਕ ਬੰਦੇ ਰਹਿਣਗੇ। ਸੇਵਾਵਾਂ ਦੀਆਂ ਦੁਕਾਨਾਂ ਸੈਲੂਨ, ਹੇਅਰ ਕਟਿੰਗ, ਬਿਊਟੀ ਪਾਰਲਰ, ਸ਼ਰਾਬ ਦੀ ਵਿਕਰੀ ਦੀਆਂ ਦੁਕਾਨਾਂ ਆਦਿ ਬੰਦ ਰਹਿਣਗੀਆਂ।
ਉਨ੍ਹਾਂ ਦੱਸਿਆ ਕਿ ਇਸ ਤੋ ਇਲਾਵਾ ਰੇਹੜ੍ਹੀਆਂ ਅਤੇ ਫੜ੍ਹੀਆਂ ਤੇ ਵੀ ਪਾਬੰਦੀ ਹੈ। ਲੋੜਵੰਦ ਵਿਅਕਤੀ ਬਾਜ਼ਾਰ ਜਾਣ ਸਮੇ ਮਾਸਕ ਦੀ ਵਰਤੋ ਕਰਦੇ ਹੋਏ ਪੈਦਲ ਸਾਈਕਲ ਮੋਟਰਸਾਈਕਲ ਤੇ ਵੱਧ ਤੋ ਵੱਧ 2 ਸਵਾਰੀਆਂ ਸਮੇਤ ਜਾਣਗੇ। ਇਨ੍ਹਾਂ ਵਿਅਕਤੀਆਂ ਕੋਲ ਆਧਾਰ ਕਾਰਡ, ਸ਼ਨਾਖਤੀ ਕਾਰਡ ਸਬੂਤ ਦੇ ਤੌਰ ਤੇ ਹੋਣਾ ਲਾਜ਼ਮੀ ਹੈ।
ਚਾਰਪਹੀਆ ਵਾਹਨਾਂ ਤੇ ਸਵੇਰੇ 7 ਵਜੇ ਤੋ 11 ਵਜੇ ਤੱਕ ਬਾਜ਼ਾਰ ਵਿੱਚ ਜਾਣ ਤੇ ਪੂਰਨ ਤੌਰ ਤੇ ਪਾਬਦੀ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਦੁਕਾਨਦਾਰਾਂ ਨੂੰ ਹਦਾਇਤ ਕਰਦਿਆਂ ਕਿ ਉਨ੍ਹਾਂ ਦੀ ਜਿੰਮੇਵਾਰੀ ਹੋਵੇਗੀ ਕਿ ਉਹ ਬਿਨ੍ਹਾਂ ਮਾਸਕ ਤੋ ਆਪਣੀ ਦੁਕਾਨ ਵਿੱਚ ਕਿਸੇ ਵੀ ਗ੍ਰਾਹਕ ਨੂੰ ਦਾਖਲ ਨਹੀ ਹੋਣ ਦੇਣਗੇ। ਉਨਾਂ ਦੇ ਹੱਥਾਂ ਨੂੰ ਸੈਨੇਟਾਈਜਰ ਨਾਲ ਸਾਫ ਕਰਕੇ ਹੀ ਦੁਕਾਨ ਵਿੱਚ ਦਾਖਲ ਕਰਨਗੇ। ਗ੍ਰਾਹਕਾਂ ਵਿੱਚ ਸਮਾਜਿਕ ਦੂਰੀ ਯਕੀਨੀ ਬਣਾਉਣ ਲਈ ਹਰੇਕ ਦੁਕਾਨਦਾਰ ਗ੍ਰਾਾਹਕਾਂ ਦੇ ਖੜ੍ਹਨ ਲਈ 1 ਮੀਟਰ ਦੀ ਦੂਰੀ ਦੇ ਹਿਸਾਬ ਨਾਲ ਗੋਲੇ ਬਣਾਵੇਗਾ। ਇਸਦੇ ਨਾਲ ਹੀ ਛੋਟੀ ਦੁਕਾਨ ਤੇ 2 ਗ੍ਰਾਹਕਾਂ ਅਤੇ ਵੱਡੀ ਦੁਕਾਨ ਤੇ 4 ਗ੍ਰਾਹਕਾਂ ਦੇ ਦੁਕਾਨ ਦੇ ਅੰਦਰ ਦਾਖਲ ਹੋਣ ਹੀ ਆਗਿਆ ਹੋਵੇਗੀ। ਇਸਦੇ ਨਾਲ ਹੀ ਬਜ਼ਾਰੀ ਲਿਫਾਫਿਆਂ ਦੀ ਵਰਤੋ ਤੇ ਵੀ ਪਾਬੰਦੀ ਹੋਵੇਗੀ।
ਉਨ੍ਹਾਂ ਦੱਸਿਆ ਕਿ ਕਰੰਸੀ ਨੋਟਾਂ ਦੇ ਨਾਲ ਵੀ ਕਰੋਨਾ ਦੇ ਫੇੈਲਣ ਦਾ ਖਦਸ਼ਾ ਹੈ ਇਸ ਲਈ ਜਿੱਥੋ ਤੱਕ ਸੰਭਵ ਹੋ ਸਕੇ ਗ੍ਰਾਹਕ ਈ ਪੇਮੈਟ, ਜਿਵੇ ਕਿ ਡੈਬਿਟ/ਕ੍ਰੈਡਿਟ ਕਾਰਡ, ਪੇਟੀਐਮ.,ਰਾਹੀ ਭੁਗਤਾਨ ਕਰਨ ਨੂੰ ਤਰਜੀਹ ਦੇਣ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਬਜੁਰਗ ਅਤੇ ਬੱਚੇ ਇਸ ਕਰਫਿਊ ਦੀ ਢਿੱਲ ਦੌਰਾਨ ਬਾਹਰ ਆਉਣ ਤੋ ਗੁਰੇਜ਼ ਕਰਨਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮੋਗਾ ਦੇ ਵਾਸੀਆਂ ਲਈ ਕਰੋਨਾ ਵਾਈਰਸ ਦੇ ਕਾਰਣ ਪੈਦਾ ਹੋਈ ਮੁਸ਼ਕਿਲ ਨੂੰ ਮੁੱਖ ਰੱਖਦੇ ਹੋਏ ਉਕਤ ਹੁਕਮ ਜਾਰੀ ਕੀਤਾ ਗਿਆ ਹੈ। ਉਨ੍ਹਾਂ ਮੋਗਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿ ਲੋੜਪੈਣ ਤੇ ਹੀ ਉਕਤ ਹੁਕਮ ਅਨੁਸਾਰ ਆਪਣੀ ਜਰੂਰਤ ਪੂਰੀ ਕਰਨ ਲਈ ਮੂਵਮੈਟ ਕੀਤੀ ਜਾਵੇ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਹਦਾਇਤ ਕੀਤੀ ਕਿ ਉਕਤ ਕੰਮ ਕਰਦੇ ਹੋਏ ਸਾਬਣ, ਹੈਡ ਸੈਨੇਟਾਈਜਰ, ਮਾਸਕ, ਗਲਵਜ ਦੀ ਵਰਤੋ ਕਰਨਾ ਅਤੇ ਸਮਾਜਿਕ ਦੂਰੀ ਕਾਇਮ ਰੱਖਣ ਨੂੰ ਯਕੀਨੀ ਬਣਾਇਆ ਜਾਵੇ। ਜੇਕਰ ਕੋਈ ਵਿਅਕਤੀ ਬਿਨ੍ਹਾਂ ਮਾਸਕ ਤੋ ਮੂਵਮੈਟ ਕਰਦਾ ਹੋਇਆ ਫੜ੍ਹਿਆ ਗਿਆ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।