ਮੋਗਾ, 16 ਦਸੰਬਰ (ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ)
ਜ਼ਿਲ੍ਹਾ ਮੈਜਿਸਟ੍ਰੇਟ ਮੋਗਾ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਪਿਛਲੇ ਦਿਨੀਂ ਗਾਂਧੀ ਰੋਡ ਨੇੜੇ ਮੋਗਾ ਵਿਖੇ ਵਾਪਰੇ ਸੜਕ ਹਾਦਸੇ ਕਾਰਣ ਫੌਜ਼ਦਾਰੀ ਜ਼ਾਬਤਾ ਦੀ ਧਾਰਾ 144 ਤਹਿਤ ਗਾਂਧੀ ਰੋਡ ਤੇ ਭਾਰ ਵਾਲੇ ਵਹੀਕਲਾਂ ਦੀ ਐਂਟਰੀ ਤੇ ਸਵੇਰੇ 8 ਵਜੇ ਤੋਂ ਰਾਤ 9 ਵਜੇ ਤੱਕ ਪੂਰਨ ਤੌਰ ਤੇ ਪਾਬੰਦੀ ਲਗਾਈ ਗਈ ਸੀ, ਇਹ ਪਾਬੰਦੀ ਸਥਾਈ ਤੌਰ ਤੇ ਨਹੀਂ ਲਗਾਈ ਜਾ ਸਕਦੀ ਸੀ ਕਿਉਂਕਿ ਗਾਂਧੀ ਰੋਡ ਤੋਂ ਫੂਡ ਗਰੇਨ ਦੀ ਲੋਡਿੰਗ/ਅਣ ਲੋਡਿੰਗ ਹੁੰਦੀ ਹੈ ਅਤੇ ਸਮੇਂ ਸਿਰ ਲੋਡਿੰਗ/ਅਣ ਲੋਡਿੰਗ ਨਾ ਹੋਣ ਦੀ ਸੂਰਤ ਵਿੱਚ ਐਫ.ਸੀ.ਆਈ. ਨੂੰ ਡੈਮਰੇਜ ਪੈਂਦੀ ਹੈ।
ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਗਾਂਧੀ ਰੋਡ ਤੇ ਟ੍ਰੇੈਫਿਕ ਦੀ ਆਵਾਜਾਈ ਦਾ ਸੁਚੱਜੇ ਢੰਗ ਨਾਲ ਬੰਦੋਬਸਤ ਕਰਨ ਦੇ ਮਕਸਦ ਵਜੋਂ ਕੁਝ ਅਹਿਮ ਕਦਮ ਚੁੱਕਣੇ ਲੋੜੀਂਦੇ ਹਨ ਜਿੰਨ੍ਹਾਂ ਤੋਂ ਬਾਅਦ ਇੱਥੇ ਟ੍ਰੈਫਿਕ ਦੀ ਸਮੱਸਿਆ ਵੀ ਘੱਟ ਹੋਵੇਗੀ ਅਤੇ ਟ੍ਰੈਫਿਕ ਨਾਲ ਇੱਥੇ ਹੋਣ ਵਾਲੀਆਂ ਦੁਰਘਟਨਾਵਾਂ ਵੀ ਬੰਦ ਹੋਣਗੀਆਂ।
ਉਨ੍ਹਾਂ ਦੱਸਿਆ ਕਿ ਗਾਂਧੀ ਰੋਡ ਤੇ ਹੁੰਦੀਆਂ ਦੁਰਘਟਨਾਵਾਂ ਨੂੰ ਰੋਕਣ ਅਤੇ ਟ੍ਰੈਫਿਕ ਦੀ ਸਮੱਸਿਆ ਨਾਲ ਨਿਪਟਣ ਲਈ ਗਾਂਧੀ ਰੋਡ ਤੋਂ 3 ਸਥਾਨਾਂ ਤੇ ਭਾਵ ਐਸ.ਡੀ. ਸਕੂਲ ਤੋਂ ਪਹਿਲਾਂ, ਸ਼ਮਸ਼ਾਨ ਘਾਟ ਤੋ ਪਹਿਲਾਂ, ਰੇਲ ਲਾਈਨ ਤੋਂ ਪਹਿਲਾਂ ਰੰਬਲ ਸਟਰਿੱਪਸ (ਚੇਤਾਵਨੀ ਪੱਟੀਆਂ) ਬਣਾਂਈਆਂ ਜਾਣਗੀਆਂ, ਜਿਹੜੀਆਂ ਕਿ ਵਾਹਨ ਚਾਲਕਾਂ ਨੂੰ ਸੁਚੇਤ ਕਰਨਗੀਆਂ। ਇਸ ਤੋਂ ਇਲਾਵਾ ਉੱਚਿਤ ਸਥਾਨਾਂ ਤੇ 30 ਕਿੱਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਲਿਮਟ ਦਰਸਾਉਣ ਵਾਲੇ ਸਾਈਨ ਬੋਰਡ ਵੀ ਲਗਾਏ ਜਾਣਗੇ।
ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਗਾਂਧੀ ਰੋਡ ਉੱਪਰ ਟ੍ਰੈਫਿਕ ਪੁਲਿਸ ਤਾਇਨਾਤ ਕਰਦੇ ਹੋਏ ਸਪੈਸ਼ਲ ਲੰਘਣ ਵਾਲੇ ਦਿਨ ਖਾਸ ਤੌਰ ਤੇ ਟ੍ਰੈਫਿਕ ਦਾ ਪ੍ਰਬੰਧ ਕਰਵਾਉਣਾ ਯਕੀਨੀ ਬਣਾਇਆ ਜਾਵੇਗਾ। ਟ੍ਰੈਫਿਕ ਪੁਲਿਸ ਫਰੈਂਡਜ਼ ਕਲੋਨੀ ਅਤੇ ਮੇਖਾਂ ਵਾਲੀ ਗਲੀ ਤੋਂ ਗਾਧੀ ਰੋਡ ਤੇ ਨਿਕਲਣ ਵਾਲੇ ਟ੍ਰੈਫਿਕ ਨੂੰ ਡਾਈਵਰਟ ਕਰੇਗੀ। ਇਸ ਤੋਂ ਇਲਾਵਾ ਪੁਲਿਸ ਭਾਰ ਵਾਲੇ ਵਹੀਕਲਾਂ ਦੀ ਸਪੀਡ 30 ਕਿਲੋਮੀਟਰ ਪ੍ਰਤੀ ਘੰਟਾ ਤੋ ਜਿਆਦਾ ਹੋਣ ਤੇ ਓਵਰ ਸਪੀਡ ਦਾ ਚਲਾਨ ਕਰਨ ਨੂੰ ਯਕੀਨੀ ਬਣਾਵੇਗੀ ਤਾਂ ਕਿ ਇਨ੍ਹਾਂ ਹੁਕਮਾਂ ਦੀ ਪਾਲਣਾ ਵਿੱਚ ਕੋਈ ਵੀ ਕੁਤਾਹੀ ਨਾ ਕਰੇ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਐਫ.ਸੀ.ਆਈ. ਮੋਗਾ ਦੇ ਜ਼ਿਲ੍ਹਾ ਮੈਨੇਜਰ ਸਪੈਸ਼ਲ ਲੰਘਣ ਤੋਂ 1 ਦਿਨ ਪਹਿਲਾਂ ਡਿਪਟੀ ਕਮਿਸ਼ਨਰ, ਸੀਨੀਅਰ ਕਪਤਾਨ ਪੁਲਿਸ ਮੋਗਾ ਅਤੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮੋਗਾ ਦੇ ਦਫ਼ਤਰ ਨੂੰ ਸੂਚਿਤ ਕਰਨਗੇ।