ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਉਤੇ ਖਾਲਿਸਤਾਨ ਦਾ ਝੰਡਾ ਲਗਾਉਣ ਦੇ ਮਾਮਲੇ ਵਿੱਚ ਤਿੰਨਾਂ ਉਤੇ ਮਾਮਲਾ ਦਰਜ, 1 ਗ੍ਰਿਫ਼ਤਾਰ

 

ਮੋਗਾ (ਜਗਰਾਜ ਸਿੰਘ ਗਿੱਲ, ਮਿੰਟੂ ਖੁਰਮੀ)
ਲੰਘੀ 14 ਅਗਸਤ ਨੂੰ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਥਿਤ ਤੌਰ ਉੱਤੇ ਖਾਲਿਸਤਾਨ ਦਾ ਝੰਡਾ ਲਗਾਉਣ ਦੇ ਮਾਮਲੇ ਵਿੱਚ ਜ਼ਿਲ੍ਹਾ ਪੁਲਿਸ ਮੋਗਾ ਨੇ ਤਿੰਨ ਦੋਸ਼ੀਆਂ ਨੂੰ ਨਾਮਜ਼ਦ ਕਰਕੇ ਮਾਮਲਾ ਦਰਜ ਕੀਤਾ ਹੈ, ਜਿਹਨਾਂ ਵਿੱਚੋਂ ਇੱਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸ੍ਰ ਹਰਮਨਦੀਪ ਸਿੰਘ ਗਿੱਲ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਦੇ ਪਿੰਡ ਸਾਧੂਵਾਲਾ ਵਾਸੀ ਅਕਾਸ਼ਦੀਪ ਸਿੰਘ ਉਰਫ਼ ਮੁੰਨਾ (19) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਦਕਿ ਹੋਰ ਦੋ ਦੋਸ਼ੀਆਂ ਵਿੱਚ ਜਿਲ੍ਹਾ ਮੋਗਾ ਦੇ ਪਿੰਡ ਰੌਲੀ ਵਾਸੀ ਜਸਪਾਲ ਸਿੰਘ ਉਰਫ਼ ਅੰਪਾ ਅਤੇ ਇੰਦਰਜੀਤ ਸਿੰਘ ਗਿੱਲ ਸ਼ਾਮਿਲ ਹਨ।
ਸ੍ਰ ਗਿੱਲ ਨੇ ਦੱਸਿਆ ਕਿ ਦੋਸ਼ੀਆਂ ਨੇ ਖਾਲਿਸਤਾਨ ਪੱਖੀ ਜੱਥੇਬੰਦੀ ਸਿੱਖਸ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂੰ ਦੇ ਉਸ ਬਿਆਨ ਤੋਂ ਬਾਅਦ ਇਹ ਕਾਰਾ ਕਰਨ ਦਾ ਮਨ ਬਣਾਇਆ ਜਿਸ ਵਿਚ ਉਸਨੇ ਸਰਕਾਰੀ ਇਮਾਰਤ ਉਤੇ ਝੰਡਾ ਲਗਾਉਣ ਉੱਤੇ 2500 ਡਾਲਰ ਇਨਾਮ ਦੇਣ ਦਾ ਐਲਾਨ ਕੀਤਾ ਸੀ। ਇਸ ਤੋਂ ਪਹਿਲਾਂ ਦੋਸ਼ੀਆਂ ਜਸਪਾਲ ਸਿੰਘ ਅਤੇ ਇੰਦਰਜੀਤ ਸਿੰਘ ਵੱਲੋਂ 13 ਅਗਸਤ ਨੂੰ ਦੁਪਹਿਰ 1:30 ਵਜੇ ਇਸ ਜਗ੍ਹਾ ਦੀ ਰੇਕੀ ਕੀਤੀ ਗਈ ਸੀ। ਸ਼ਾਮ ਨੂੰ ਜਸਪਾਲ ਅਤੇ ਇੰਦਰਜੀਤ ਨੇ ਵਟਸਐੱਪ ਕਾਲ ਰਾਹੀਂ ਅਕਾਸ਼ਦੀਪ ਨੂੰ ਇਸ ਸਾਜਿਸ਼ ਬਾਰੇ ਦੱਸਿਆ ਸੀ।
14 ਅਗਸਤ ਨੂੰ ਇਹ ਤਿੰਨੇ ਸਵੇਰੇ 8:00 ਵਜੇ ਮੋਟਰਸਾਈਕਲਾਂ ਉਤੇ ਸਵਾਰ ਹੋ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪਹੁੰਚੇ। ਜਸਪਾਲ ਅਤੇ ਇੰਦਰਜੀਤ ਨੇ ਨੈਸਲੇ ਦੇ ਗੇਟ ਉੱਤੇ ਅਕਾਸ਼ਦੀਪ ਨੂੰ ਉਤਾਰ ਕੇ ਉਸਨੂੰ ਝੰਡਾ ਲਗਾਉਣ ਦੀ ਵੀਡੀਉ ਰਿਕਾਰਡਿੰਗ ਕਰਨ ਲਈ ਕਿਹਾ।
ਸ੍ਰ ਗਿੱਲ ਨੇ ਦੱਸਿਆ ਕਿ ਜਸਪਾਲ ਅਤੇ ਇੰਦਰਜੀਤ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਉਪਰ ਜਾ ਕੇ ਝੰਡਾ ਲਗਾ ਦਿੱਤਾ ਅਤੇ ਵਾਪਸੀ ਵੇਲੇ ਪਹਿਲਾਂ ਹੀ ਝੁੱਲ ਰਹੇ ਰਾਸ਼ਟਰੀ ਤਿਰੰਗੇ ਨੂੰ ਨੁਕਸਾਨ ਪਹੁੰਚਾਇਆ ਅਤੇ ਨਾਲ ਹੀ ਪਿੰਡ ਰੌਲੀ ਵੱਲ ਨੂੰ ਲੈ ਗਏ। ਤਿੰਨੋਂ ਜਣੇ ਪਿੰਡ ਰੌਲੀ ਵਿਖੇ ਇਕੱਠੇ ਹੋਏ, ਜਿਸ ਉਪਰੰਤ ਅਕਾਸ਼ਦੀਪ ਨੇ ਵੀਡੀਉ ਜਸਪਾਲ ਨੂੰ ਭੇਜ ਦਿੱਤੀ। ਉਪਰੰਤ ਜਸਪਾਲ ਨੇ ਉਸ ਵੀਡੀਉ ਨੂੰ ਗੁਰਪਤਵੰਤ ਸਿੰਘ ਪੰਨੂੰ ਵੱਲੋਂ ਵੀਡੀਉ ਵਿੱਚ ਦੱਸੇ ਨੰਬਰ ਉਤੇ ਭੇਜ ਦਿੱਤਾ।
ਸ੍ਰ ਗਿੱਲ ਨੇ ਦੱਸਿਆ ਕਿ ਸੂਹ ਮਿਲਣ ਉਤੇ ਪੁਲਿਸ ਨੇ ਅਕਾਸ਼ਦੀਪ ਨੂੰ ਬਠਿੰਡਾ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਪੁੱਛਗਿੱਛ ਦੌਰਾਨ ਅਕਾਸ਼ਦੀਪ ਨੇ ਮੰਨਿਆ ਕਿ ਉਹ ਯੂ ਟਿਊਬ ਉਤੇ ਸਿੱਖਸ ਫਾਰ ਜਸਟਿਸ ਵੱਲੋਂ ਪਾਈਆਂ ਵੀਡੀਉਜ਼ ਤੋਂ ਪ੍ਰਭਾਵਿਤ ਹੋ ਕੇ ਰਾਤੋ ਰਾਤ ਅਮੀਰ ਹੋਣ ਲਈ ਗੁੰਮਰਾਹ ਹੋ ਗਏ ਸਨ। ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਬਾਕੀ ਦੋ ਦੋਸ਼ੀਆਂ ਨੂੰ ਵੀ ਕਾਬੂ ਕਰਨ ਲਈ ਛਾਪੇਮਾਰੀ ਜਾਰੀ ਹੈ, ਜਿਹਨਾਂ ਨੂੰ ਵੀ ਜਲਦੀ ਹੀ ਸਲਾਖਾਂ ਪਿੱਛੇ ਸੁੱਟ ਦਿੱਤਾ ਜਾਵੇਗਾ।
ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਪਰਵੇਂਸ਼ਨ ਆਫ ਇੰਸਲਟ ਤੋਂ ਨੈਸ਼ਨਲ ਆਨਰ ਐਕਟ ਦੀਆਂ ਧਾਰਾਵਾਂ 115, 121, 121ਂ, 124 ਏ, 153ਏ, 153ਬੀ, 506 ਅਦ 2, ਆਈ ਟੀ ਐਕਟ ਦੀ ਧਾਰਾ 66 ਐੱਫ ਅਤੇ ਯੂ ਏ ਪੀ ਏ ਐਕਟ ਦੀ ਧਾਰਾ 10,11 ਅਤੇ 13 ਤਹਿਤ ਸਿਟੀ ਪੁਲਿਸ ਸਟੇਸ਼ਨ ਮੋਗਾ ਵਿਖੇ ਦਰਜ ਕੀਤਾ ਗਿਆ ਹੈ।

Leave a Reply

Your email address will not be published. Required fields are marked *