ਚਾਰੋ ਤਹਿਸੀਲਾਂ ਵਿੱਚ ਤਾਇਨਾਤ ਹੋਣਗੇ ਫਾਇਰ ਟੈਂਡਰ
45 ਹਾਟ ਸਪਾਟ ਉੱਤੇ ਰਹੇਗੀ ਤਿੱਖੀ ਨਜ਼ਰ
ਡਿਪਟੀ ਕਮਿਸ਼ਨਰ ਵੱਲੋਂ ਅੱਗ ਲੱਗਣ ਵਾਲੇ ਹਰੇਕ ਸਪਾਟ ਦਾ ਦੌਰਾ ਕਰਨ ਦੀ ਹਦਾਇਤ
ਮੋਗਾ, 31 ਅਕਤੂਬਰ (ਜਗਰਾਜ ਸਿੰਘ ਗਿੱਲ)
ਜ਼ਿਲ੍ਹਾ ਮੋਗਾ ਵਿੱਚ ਹੁਣ ਤੋਂ ਬਾਅਦ ਲੱਗਣ ਵਾਲੀਆਂ ਪਰਾਲੀ ਦੀਆਂ ਅੱਗਾਂ ਨੂੰ ਫਾਇਰ ਬ੍ਰਿਗੇਡ ਗੱਡੀਆਂ ਨਾਲ ਬੁਝਾਇਆ ਜਾਵੇਗਾ। ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਇਹ ਸਖ਼ਤ ਕਦਮ ਦਿਨੋਂ ਦਿਨ ਵਧ ਰਹੀਆਂ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਲਿਆ ਗਿਆ ਹੈ।
ਅੱਜ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਨਾਲ ਵੀਡਿਓ ਕਾਨਫਰੰਸ ਕਰਨ ਉਪਰੰਤ ਸਬੰਧਤ ਜ਼ਿਲ੍ਹਾ ਪੱਧਰੀ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਮੋਗਾ ਵਿੱਚ ਮਿਤੀ 30 ਨਵੰਬਰ ਤੱਕ 341 ਅੱਗਾਂ ਲੱਗਣ ਦੀ ਰਿਪੋਰਟ ਪ੍ਰਾਪਤ ਹੋਈ ਹੈ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ ਭਾਵੇਂਕਿ ਘੱਟ ਹੈ ਪਰ ਇਸ ਵਿੱਚ ਅਗਲੇ ਦਿਨਾਂ ਦੌਰਾਨ ਤੇਜ਼ੀ ਆਉਣ ਦਾ ਖ਼ਦਸ਼ਾ ਹੈ। ਪਿਛਲੇ ਸਾਲ ਇਸ ਸਮੇਂ ਤੱਕ 390 ਤੋਂ ਵਧੇਰੇ ਅੱਗਾਂ ਲਾਈਆਂ ਗਈਆਂ ਸਨ।
ਉਹਨਾਂ ਕਿਹਾ ਕਿ ਜ਼ਿਲ੍ਹਾ ਮੋਗਾ ਵਿੱਚ ਇਸ ਵੇਲੇ ਚਾਰ ਫਾਇਰ ਟੈਂਡਰ ਮੌਜੂਦ ਹਨ, ਜਿਹਨਾਂ ਨੂੰ ਚਾਰੋ ਤਹਿਸੀਲਾਂ ਵਿੱਚ ਤਾਇਨਾਤ ਕੀਤਾ ਜਾਵੇਗਾ। ਜਿੱਥੇ ਕਿਤੇ ਪਰਾਲੀ ਨੂੰ ਅੱਗ ਲਾਉਣ ਦੀ ਘਟਨਾ ਦਾ ਪਤਾ ਲੱਗੇਗਾ ਤਾਂ ਇਹ ਉਥੇ ਜਾ ਕੇ ਤੁਰੰਤ ਅੱਗ ਬੁਝਾਉਣਗੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਮੋਗਾ ਵਿੱਚ 45 ਦੇ ਕਰੀਬ ਹਾਟ ਸਪਾਟ ਹਨ, ਜਿਹਨਾਂ ਉੱਤੇ ਤਿੱਖੀ ਨਜ਼ਰ ਰੱਖੀ ਜਾਵੇਗੀ। ਉਹਨਾਂ ਸਪੱਸ਼ਟ ਕੀਤਾ ਕਿ ਜਿਸ ਖੇਤ ਵਿੱਚ ਫਾਇਰ ਟੈਂਡਰ ਵੱਲੋਂ ਅੱਗ ਬੁਝਾਈ ਜਾਵੇਗੀ ਉਸ ਖੇਤ ਦਾ ਜਲਦੀ ਸੁੱਕਣਾ ਸੰਭਵ ਨਹੀਂ ਹੋਵੇਗਾ। ਇਸ ਕਰਕੇ ਉਸ ਖੇਤ ਵਿੱਚ ਅਗਲੀ ਫਸਲ ਦੀ ਬਿਜਾਈ ਵੀ ਦੇਰੀ ਨਾਲ ਸੰਭਵ ਹੋ ਸਕੇਗੀ। ਕਿਸਾਨਾਂ ਨੂੰ ਇਸ ਦਾ ਖਿਆਲ ਰੱਖਣਾ ਚਾਹੀਦਾ ਹੈ ਅਤੇ ਆਪਣੇ ਖੇਤਾਂ ਨੂੰ ਅੱਗ ਨਹੀਂ ਲਗਾਉਣੀ ਚਾਹੀਦੀ ਹੈ।
ਉਹਨਾਂ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਯਕੀਨੀ ਬਣਾਉਣ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਤੱਕ ਬਿਲਕੁਲ ਸਹੀ ਡਾਟਾ ਆਉਣਾ ਚਾਹੀਦਾ ਹੈ। ਉਹਨਾਂ ਨੋਡਲ ਅਫ਼ਸਰਾਂ ਅਤੇ ਕਲੱਸਟਰ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਜਿਹੜੇ ਖੇਤ ਵਿੱਚ ਅੱਗ ਲੱਗਦੀ ਹੈ ਤਾਂ ਇਹ ਯਕੀਨੀ ਬਣਾਇਆ ਜਾਵੇ ਕਿ ਅਗਲੇ 48 ਘੰਟੇ ਵਿੱਚ ਉਥੇ ਦਾ ਮੌਕਾ ਜ਼ਰੂਰ ਦੇਖਿਆ ਜਾਵੇ। ਅੱਗ ਲੱਗਣ ਦੀ ਘਟਨਾ ਸਹੀ ਪਾਈ ਜਾਣ ਉੱਤੇ ਸਬੰਧਤ ਕਿਸਾਨ ਦੇ ਮਾਲ ਰਿਕਾਰਡ ਵਿੱਚ ਰੈੱਡ ਐਂਟਰੀ ਅਤੇ ਜੁਰਮਾਨਾ ਪਾਉਣ ਵਾਲਾ ਕੰਮ ਤੁਰੰਤ ਕੀਤਾ ਜਾਵੇ।
ਉਹਨਾਂ ਐਸ ਡੀ ਐਮਜ਼ ਨੂੰ ਕਿਹਾ ਕਿ ਨੋਡਲ ਅਫ਼ਸਰਾਂ ਅਤੇ ਕਲੱਸਟਰ ਅਫ਼ਸਰਾਂ ਨਾਲ ਲਗਾਤਾਰ ਮੀਟਿੰਗ ਕਰਕੇ ਰੀਵਿਊ ਕੀਤਾ ਜਾਵੇ।