ਹੁਣ ਤੱਕ 80 ਹਜ਼ਾਰ 234 ਲੋਕਾਂ ਨੇ ਲਈਆਂ ਆਮ ਆਦਮੀ ਕਲੀਨਿਆਂ ਦੀਆਂ ਮੈਡੀਕਲ ਸੇਵਾਵਾਂ,12456 ਲੈਬ ਟੈਸਟ ਵੀ ਹੋਏ ਮੁਫ਼ਤ

ਕਲੀਨਿਕਾਂ ਦੀਆਂ ਮੁਫ਼ਤ ਸੇਵਾਵਾਂ ਨਾਲ ਆਮ ਲੋਕਾਂ ਉਪਰ ਪੈਣ ਵਾਲਾ ਆਰਥਿਕ ਬੋਝ ਘਟਿਆ-ਵਿਧਾਇਕ ਅਮਨਦੀਪ ਕੌਰ ਅਰੋੜਾ

ਮੋਗਾ, 2 ਮਈ(ਜਗਰਾਜ ਸਿੰਘ ਗਿੱਲ)

ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਉੱਚ ਦਰਜੇ ਦੀਆਂ ਸਿਹਤ ਸਹੂਲਤਾਂ ਉਨ੍ਹਾਂ ਦੇ ਘਰਾਂ ਦੇ ਨੇੜੇ ਮੁਹੱਈਆ ਕਰਵਾਉਣ ਦੇ ਮਕਸਦ ਵਜੋਂ ਸੂਬੇ ਭਰ ਵਿੱਚ ਖੋਲੇ ਗਏ ਆਮ ਆਦਮੀ ਕਲੀਨਿਕ ਸਫ਼ਲਤਾਪੂਰਵਕ ਚੱਲ ਰਹੇ ਹਨ। ਜ਼ਿਲਾ ਮੋਗਾ ਵਿੱਚ ਆਮ ਆਦਮੀ  ਕਲੀਨਿਕਾਂ ਦੀ ਗਿਣਤੀ 12 ਹੈ, ਜਿੰਨ੍ਹਾਂ ਦਾ ਮੋਗਾ ਵਾਸੀਆਂ ਵੱਲੋਂ ਭਰਪੂਰ ਲਾਹਾ ਲਿਆ ਜਾ ਰਿਹਾ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਵਿਧਾਇਕ ਮੋਗਾ ਡਾ. ਅਮਨਦੀਪ ਕੌਰ ਅਰੋੜਾ ਨੇ ਕਰਦਿਆਂ ਦੱਸਿਆ ਕਿ ਇਹ ਕਲੀਨਿਕ ਪਿੰਡ ਬੁੱਟਰ, ਚੜਿੱਕ, ਮੱਲੀਆਂਵਾਲਾ, ਬਿਲਾਸਪੁਰ, ਲੰਡੇ, ਰਾਜਿਆਣਾ, ਧਰਮਕੋਟ, ਹਿੰਮਤਪੁਰਾ, ਘੋਲੀਆ ਖੁਰਦ, ਲੰਡੇਕੇ ਫਤਹਿਗੜ ਪੰਜਤੂਰ ਅਤੇ ਦੁੱਨੇਕੇ ਵਿਖੇ ਸਫ਼ਲਤਾਪੂਰਵਕ ਚੱਲ ਰਹੇ ਹਨ। ਇਨ੍ਹਾਂ 12 ਆਮ ਆਦਮੀ ਕਲੀਨਿਕਾਂ ਜਰੀਏ ਹੁਣ ਤੱਕ 80234 ਲੋਕਾਂ ਨੇ ਮੁਫ਼ਤ ਮੈਡੀਕਲ ਸੇਵਾਵਾਂ ਪ੍ਰਾਪਤ ਕੀਤੀਆਂ ਹਨ ਅਤੇ ਵੱਖ ਵੱਖ ਤਰ੍ਹਾਂ ਦੇ 12456 ਲੈਬ ਟੈਸਟ ਵੀ ਹੁਣ ਤੱਕ ਇਨ੍ਹਾਂ ਜਰੀਏ ਮੁਫ਼ਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਨਾਲ ਆਮ ਲੋਕਾਂ ਦੀ ਜੇਬ ਉੱਪਰ ਪੈਣ ਵਾਲਾ ਆਰਥਿਕ ਬੋਝ ਬਹੁਤ ਹੱਦ ਤੱਕ ਘੱਟ ਹੋਇਆ ਹੈ।
ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਦੇ ਸਿਹਤ ਅਤੇ ਸਿੱਖਿਆ ਖੇਤਰ ਵਿੱਚ ਮਿਸਾਲੀ ਤਬਦੀਲੀਆਂ ਲਿਆਉਣ ਲਈ ਲਗਾਤਾਰ ਯਤਨਸ਼ੀਲ ਹੈ। ਆਮ ਆਦਮੀ ਕਲੀਨਿਕ ਸਿਹਤ ਖੇਤਰ ਵਿੱਚ ਇੱਕ ਵੱਡੀ ਕ੍ਰਾਂਤੀ ਸਾਬਿਤ ਹੋਏ ਹਨ। ਇਨ੍ਹਾਂ ਕਲੀਨਿਕਾਂ ਵਿੱਚ ਵੱਖ-ਵੱਖ ਤਰਾਂ ਦੇ 45 ਟੈਸਟ ਅਤੇ 75 ਤਰਾਂ ਦੀਆਂ ਦਵਾਈਆਂ ਬਿਲਕੁਲ ਮੁਫ਼ਤ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਕਲੀਨਿਕਾਂ ਦੇ ਖੁੱਲਣ ਨਾਲ ਆਮ ਲੋਕਾਂ ਨੂੰ ਉਨਾਂ ਦੇ ਘਰਾਂ ਦੇ ਨੇੜੇ ਹੀ ਉੱਚ ਪੱਧਰ ਦੀਆਂ ਸਿਹਤ ਸਹੂਲਤਾਂ ਮਿਲਣ ਲੱਗੀਆਂ ਹਨ।
ਵਿਧਾਇਕ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਦੀ ਗਿਣਤੀ ਵਿੱਚ ਹੋਰ ਵੀ ਵਾਧਾ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਤਾਂ ਕਿ ਵੱਧ ਤੋਂ ਵੱਧ ਲੋਕ ਇਨ੍ਹਾਂ ਦਾ ਲਾਹਾ ਚੁੱਕ ਸਕਣ।

Leave a Reply

Your email address will not be published. Required fields are marked *