ਮੋਗਾ 29 ਅਪ੍ਰੈਲ (ਜਗਰਾਜ ਗਿੱਲ) ਅੱਜ ਦੇਰ ਸ਼ਾਮ ਮੋਗਾ ਦੇ ਪਿੰਡ ਜਲਾਲਾਬਾਦ ਪੂਰਬੀ ਸਥਿਤ ਐੱਸ ਐੱਫ ਸੀ ਕਾਨਵੈਂਟ ਸਕੂਲ ਅਤੇ ਐੱਸ ਐੱਫ ਸੀ ਨਰਸਿੰਗ ਕਾਲਜ ਵਿਖੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਰਾਹੀਂ ਸ਼੍ਰੀ ਹਜ਼ੂਰ ਸਾਹਿਬ ਤੋਂ 114 ਹੋਰ ਸ਼ਰਧਾਲੂ ਪਹੁੰਚੇ ,ਜਿਹਨਾਂ ਦੀ ਸ਼ਨਾਖਤ ਕਰਨ ਉਪਰੰਤ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਇਕਾਂਤਵਾਸ ਵਿਚ ਰਹਿਣ ਦੀ ਹਦਾਇਤ ਕੀਤੀ ਗਈ । ਮੋਗਾ ਵਿਚ ਸ਼੍ਰੀ ਹਜ਼ੂਰ ਸਾਹਿਬ ਤੋਂ ਪਹੁੰਚਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਤਕਰੀਬਨ 200 ਹੋ ਚੁੱਕੀ ਹੈ ਅਤੇ ਇਹਨਾਂ ਵਿਚੋਂ ਹੁਣ ਤੱਕ 85 ਸ਼ਰਧਾਲੂਆਂ ਦੇ ਸੈਂਪਲ ਲੈ ਕੇ ਫਰੀਦਕੋਟ ਭੇਜੇ ਜਾ ਚੁੱਕੇ ਹਨ ਜਿਸ ਦੀ ਰਿਪੋਰਟ ਕੱਲ ਸਵੇਰ ਤੋਂ ਆਉਣੀ ਸ਼ੁਰੂ ਹੋ ਜਾਵੇਗੀ। ਅੱਜ ਸ਼ਾਮ ਪੁੱਜੇ ਸ਼ਰਧਾਲੂਆਂ ਦੇ ਸੈਂਪਲ ਵੀ ਕੱਲ ਸਵੇਰੇ ਲਏ ਜਾਣ ਦੀ ਸੰਭਾਵਨਾ ਹੈ। ਪਹੁੰਚੇ ਸ਼ਰਧਾਲੂ ਹਾਲੇ ਤਾਂ ਬਿਲਕੁੱਲ ਤੰਦਰੁਸਤ ਦਿਖਾਈ ਦੇ ਰਹੇ ਹਨ ਪਰ ਕੱਲ ਤੋਂ ਇਹਨਾਂ ਦੇ ਸੈਂਪਲ ਲੈ ਕੇ ਫਰੀਦਕੋਟ ਟੈਸਟਿੰਗ ਲਈ ਭੇਜੇ ਜਾਣਗੇ। ਐੱਸ ਐੱਫ ਸੀ ਕਾਨਵੈਂਟ ਸਕੂਲ ਅਤੇ ਐੱਸ ਐੱਫ ਸੀ ਨਰਸਿੰਗ ਕਾਲਜ ਵਿਚ ਆਏ ਇਹਨਾਂ ਸ਼ਰਧਾਲੂਆਂ ਲਈ ਪ੍ਰਸ਼ਾਸਨ ਵੱਲੋਂ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ।