ਮੋਗਾ, 9 ਅਗਸਤ (ਜਗਰਾਜ ਲੋਹਾਰਾ) – ਪੰਜਾਬ ਸਰਕਾਰ ਵੱਲੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ ਪੰਜਾਬ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਪਿੰਡਾਂ ਵਿੱਚ ਪਹਿਲ ਦੇ ਅਧਾਰ ਉਤੇ ਵਿਕਾਸ ਦੇ ਕੰਮ ਕਰਨ ਲਈ ਫੈਸਲਾ ਲਿਆ ਗਿਆ ਸੀ। ਜਿਸ ਤਹਿਤ ਜ਼ਿਲ੍ਹਾ ਮੋਗਾ ਵਿੱਚ ਬਲਾਕ ਮੋਗਾ-1 ਦੀ ਗਰਾਮ ਪੰਚਾਇਤ ਦੌਧਰ ਗਰਬੀ ਅਤੇ ਦੌਧਰ ਸ਼ਰਕੀ, ਬਲਾਕ ਨਿਹਾਲ ਸਿੰਘ ਵਾਲਾ ਦੀ ਗਰਾਮ ਪੰਚਾਇਤ ਤਖ਼ਤਪੂਰਾ ਅਤੇ ਪੱਤੋ ਹੀਰਾ ਸਿੰਘ, ਬਲਾਕ ਕੋਟ ਈਸੇ ਖਾਂ ਦੀ ਗਰਾਮ ਪੰਚਾਇਤ ਫਤਹਿਗੜ੍ਹ ਕੋਰੋਟਾਣਾ ਵਿੱਚ ਪਹਿਲ ਦੇ ਅਧਾਰ ਉੱਤੇ ਵਿਕਾਸ ਦੇ ਕੰਮ ਕਰਨ ਲਈ 5 ਗਰਾਮ ਪੰਚਾਇਤਾਂ ਲਈ 5 ਕਰੋੜ ਦੀ ਰਾਸ਼ੀ ਮਨਜੂਰ ਕੀਤੀ ਗਈ ਸੀ। ਇਸ ਰਾਸ਼ੀ ਨਾਲ ਗਰਾਮ ਪੰਚਾਇਤ ਦੌਧਰ ਸ਼ਰਕੀ ਵਿੱਚ 11, ਦੌਧਰ ਗਰਬੀ ਵਿੱਚ 9 ਕੰਮ, ਪੱਤੋ ਹੀਰਾ ਸਿੰਘ ਵਿੱਚ 8 ਕੰਮ, ਤਖ਼ਤਪੂਰਾ ਵਿੱਚ 8 ਕੰਮ ਅਤੇ ਫਤਹਿਗੜ੍ਹ ਕੋਰੌਟਾਣਾ ਵਿੱਚ 8 ਵਿਕਾਸ ਦੇ ਕੰਮ ਕਰਵਾਏ ਜਾਣੇ ਸਨ। ਇਨ੍ਹਾਂ ਕੁੱਲ 44 ਵਿਕਾਸ ਕਾਰਜਾਂ ਵਿੱਚੋ 22 ਕੰਮ ਮੁਕੰਮਲ ਹੋ ਚੁੱਕੇ ਹਨ ਅਤੇ 22 ਕੰਮ ਪ੍ਰਗਤੀ ਅਧੀਨ ਹਨ।
ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਸ੍ਰ ਜਗਜੀਤ ਸਿੰਘ ਬੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਪਿੰਡਾਂ ਵਿੱਚ ਇਸੇ ਲੜੀ ਅਧੀਨ ਵੱਖ-2 ਵਿਕਾਸ ਦੇ ਕੰਮ ਕੀਤੇ ਗਏ ਹਨ, ਜਿਵੇ ਕਿ ਗਰਾਮ ਪੰਚਾਇਤ ਦੌਧਰ ਸ਼ਰਕੀ ਵਿਖੇ ਵੱਖ-2 ਗਲੀਆਂ ਨਾਲੀਆਂ ਦਾ ਕੰਮ ਕਰਵਾਇਆ ਗਿਆ, ਸਟਰੀਟ ਲਾਈਟਾਂ ਲਗਾਈਆਂ ਗਈਆਂ, ਐਸ.ਸੀ ਧਰਮਸ਼ਾਲਾ ਦੀ ਉਸਾਰੀ ਕੀਤੀ ਗਈ। ਗਰਾਮ ਪੰਚਾਇਤ ਦੌਧਰ ਗਰਬੀ ਵਿੱਚ ਗੰਦੇ ਪਾਣੀ ਦਾ ਨਿਕਾਸ ਦਾ ਕੰਮ ਕੀਤਾ ਗਿਆ, ਸਟਰੀਟ ਲਾਈਟਾਂ ਲਗਾਈਆਂ ਗਈਆਂ, ਗਲੀਆ ਨਾਲੀਆਂ ਦੀ ਉਸਾਰੀ ਕੀਤੀ ਗਈ। ਗਰਾਮ ਪੰਚਾਇਤ ਪੱਤੋ ਹੀਰਾ ਸਿੰਘ ਵਿੱਚ ਗਲੀਆਂ ਨਾਲੀਆਂ ਦੀ ਉਸਾਰੀ ਇੰਟਰਲਾਕ ਟਾਇਲਾਂ ਨਾਲ ਕੀਤੀ ਗਈ, ਸਟਰੀਟ ਲਾਈਟਾਂ ਲਗਾਈਆਂ ਗਈਆਂ, ਲਾਇਬਰੇਰੀ ਕੰਮ ਕੀਤਾ ਗਿਆ, ਸਕੂਲ ਦੇ ਕਮਰਿਆਂ ਦੀ ਅਪਗ੍ਰੇਡੇਸ਼ਨ ਦਾ ਕੰਮ ਕਰਵਾਇਆ ਗਿਆ।
ਇਸੇ ਤਰ੍ਹਾਂ ਗਰਾਮ ਪੰਚਾਇਤ ਫਤਹਿਗੜ੍ਹ ਕੋਰੋਟਾਣਾ ਵਿੱਚ ਗੰਦੇ ਪਾਣੀ ਦਾ ਨਿਕਾਸ ਕਰਨ ਦਾ ਕੰਮ, ਗਲੀਆਂ ਨਾਲੀਆਂ ਦਾ ਕੰਮ ਅਤੇ ਐਲ.ਈ.ਡੀ ਲਾਈਟਾਂ ਲਗਾਉਣ ਦਾ ਕੰਮ ਪ੍ਰਗਤੀ ਅਧੀਨ ਹਨ। ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੂਰਬ ਨੂੰ ਮੁੱਖ ਰੱਖਦੇ ਹੋਏ ਉਕਤ ਪਿੰਡਾਂ ਨੂੰ ਜਾਰੀ ਕੀਤੀ ਗਈ ਵਿਸ਼ੇਸ਼ ਗਰਾਂਟ ਕਾਰਨ ਪਿੰਡਾਂ ਵਿੱਚ ਬੁਨਿਆਦੀ ਲੋੜਾਂ ਅਤੇ ਮੁੱਖ ਸਹੂਲਤਾਂ ਆਮ ਲੋਕਾਂ ਤੱਕ ਪਹੁੰਚਾਈਆਂ ਗਈਆਂ ਹਨ।
ਸ੍ਰ ਬੱਲ ਨੇ ਦੱਸਿਆ ਕਿ ਇਹਨਾਂ ਪਿੰਡਾਂ ਵਿੱਚ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ਉੱਤੇ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਬਾਕੀ ਪਿੰਡਾਂ ਦੇ ਵਿਕਾਸ ਵਿੱਚ ਵੀ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।