ਗੁਰੂ ਨਾਨਕ ਗੈਰ ਹਾਜ਼ਰ ਰਹਿਣਗੇ 550 ਵੇਂ ਸਮਾਗਮ ਸਬੰਧੀ,,,,,,,,,,,,
ਇਤਿਹਾਸਕ ਸਾਖੀ ਹੈ ਕਿ ਇਕ ਵਾਰ ਬਰਸਾਤ ਦੇ ਮੌਸਮ ਚ ਕਰਤਾਰਪੁਰ ਸਾਹਿਬ ਜਿੱਥੇ ਗੁਰੂ ਨਾਨਕ ਨਿਵਾਸ ਕਰਦੇ ਸਨ ਉਸ ਦੀ ਛੱਤ ਚੋਣ ਲੱਗ ਪਈ ਤਾਂ ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣਾ ਜੀ ਨੂੰ ਵਰ੍ਹਦੇ ਮੀਂਹ ਚ ਛੱਤ ਦੀ ਮੁਰੰਮਤ ਕਰਨ ਲਈ ਕਿਹਾ ਤਾਂ ਲਹਿਣਾ ਜੀ ਖਿੜੇ ਮੱਥੇ ਹੁਕਮਾਂ ਤੇ ਫੁੱਲ ਚੜ੍ਹਾਉਣ ਲੱਗ ਪਏ। ਇੱਥੇ ਸਵਾਲ ਖੜ੍ਹਾ ਹੁੰਦਾ ਹੈ ਕਿ, ਕੀ ਗੁਰੂ ਨਾਨਕ ਇੰਨੇ ਸਮਰੱਥ ਨਹੀਂ ਸਨ ਕਿ ਧਰਮਸ਼ਾਲਾ ਦੀ ਛੱਤ ਹੀ ਪੱਕੀ ਕਰਵਾ ਲੈਂਦੇ? ਕੀ ਉਸ ਵਖਤ ਤੱਕ ਕੋਈ ਸਿੱਖ ਵੀ ਏਨਾ ਸਮਰੱਥ ਨਹੀ ਸੀ ਜੋ ਗੁਰੂ ਨਾਨਕ ਦੀ ਧਰਮਸ਼ਾਲਾ ਨੂੰ ਵਧੀਆ ਬਣਾ ਦੇਂਦਾ ? ਜਵਾਬ ਇਹ ਹੈ ਕਿ ਗੁਰੂ ਕੋਲ਼ ਸਾਰਾ ਕੁਝ ਮੌਜੂਦ ਸੀ ਗੁਰੂ ਸਾਹਿਬ ਆਪਣੀ ਦਸਾਂ ਨੋਂਹਾਂ ਦੀ ਕਿਰਤ ਚੋਂ ਵੀ ਇਹ ਕੰਮ ਬੜੀ ਅਸਾਨੀ ਨਾਲ਼ ਕਰ ਸਕਦੇ ਸਨ ਅਤੇ ਉਸ ਸਮੇਂ ਵੀ ਬਹੁਤ ਸਾਰੇ ਸਿੱਖ ਸ਼ਰਧਾਲੂ ਅਜੇਹੀ ਹੈਸੀਅਤ ਰੱਖਦੇ ਸਨ ਕਿ ਗੁਰੂ ਨਾਨਕ ਲਈ ਇੱਕ ਸ਼ਾਨਦਾਰ ਇਮਾਰਤ ਬਣਵਾ ਸਕਦੇ ਸਨ ਪਰ ਗੁਰੂ ਨਾਨਕ ਨੇ ਇਮਾਰਤਾਂ ਪੱਕੀਆਂ ਕਰਨ ਨੂੰ ਤਰਜੀਹ ਦਿੱਤੀ ਹੀ ਨਹੀ ਸੀ ਉਨ੍ਹਾਂ ਦਾ ਮਕਸਦ ਹੀ ਇਨਸਾਨੀ ਜੀਵਨ ਨੂੰ ਉੱਚਾ ਚੁੱਕਣਾ ਸੀ ਅਤੇ ਮਰ ਰਹੀ ਇਨਸਾਨੀਅਤ ਨੂੰ ਤੰਦਰੁਸਤ ਕਰਨਾ ਸੀ।
ਅਫ਼ਸੋਸ ਕਿ ਅੱਜ ਗੁਰੂ ਨਾਨਕ ਦੇ ਨਾਮ ਤੇ ਕਰੋੜਾਂ ਰੁਪਏ ਬਰਬਾਦ ਹੋ ਰਹੇ ਹਨ 550ਵੇਂ ਸਮਾਗਮ ਮੌਕੇ ਕਈ ਕਰੋੜ ਦੀਆਂ ਸਿਰਫ਼਼ ਸਟੇਜਾਂ ਹੀ ਲਗਾਈਆਂ ਜਾਣ ਦੀਆਂ ਤਿਆਰੀਆਂ ਹੋ ਰਹੀਆਂ ਨੇ ਜਿਨ੍ਹਾਂ ਦਾ ਇਸਤੇਮਾਲ ਸਿਰਫ ਚੰਦ ਘੰਟਿਆਂ ਲਈ ਹੀ ਹੋਣਾ ਹੈ। ਜਿਹੜਾ ਗੁਰੂ ਧਰਮਸ਼ਾਲਾ ਪੱਕੀ ਨਹੀ ਬਣਵਾ ਰਿਹਾ, ਕੀ ਉਹ ਤੁਹਾਡੀਆਂ ਕਰੋੜਾਂ ਦੀਆਂ ਸਟੇਜਾਂ ਉੱਪਰ ਬੈਠੇਗਾ? ਹੋ ਹੀ ਨਹੀਂ ਸਕਦਾ ਗੁਰੂ ਨਾਨਕ ਅਜੇਹੇ ਅਡੰਬਰ ਦਾ ਵੱਡੇ ਪੱਧਰ ਤੇ ਬਾਈਕਾਟ ਕਰਦਾ ਤੇ ਮੋਢੇ ਤੇ ਸੁੱਟ ਕੇ ਪਰਨਾ, ਭਾਈ ਮਰਦਾਨੇ ਨੂੰ ਨਾਲ਼ ਲੈ ਕੇ ਤੁਰ ਪੈਂਦਾ ਭਾਈ ਲਾਲੋ ਦੇ ਘਰ ਵੱਲ ਨੂੰ ਪਾਟੀ ਹੋਈ ਦਰੀ ਤੇ ਆਸਣ ਲਗਾਉਣ ਲਈ ।
ਭਾਈ ਲਾਲੋ ਦੇ ਘਰ ਸੁੱਕੀਆਂ ਰੋਟੀਆਂ ਦਾ ਅਨੰਦ ਮਾਣਨ ਤੋਂ ਬਾਅਦ, ਭਾਈ ਮਰਦਾਨੇ ਦੀ ਰਬਾਬ ਦੀਆਂ ਮਿੱਠੀਆਂ ਤੰਦਾਂ ਦੀ ਤਰਜ਼ ਤੇ, ਸ਼ਬਦ ਗਾਇਣ ਕਰਨਾ ਸੀ ਗੁਰੂ ਨਾਨਕ ਨੇ
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ॥ (ਪੰਨਾ 15 ਗੁਰੂ ਗ੍ਰੰਥ ਸਾਹਿਬ)
ਗੁਰੂ ਨੇ ਸਪਸ਼ਟ ਕਰ ਦਿੱਤ ਕਿ ਉਹ ਤਾਂ ਗ਼ਰੀਬਾਂ ਦੀ ਸੇਵਾ ਕਰਕੇ ਖ਼ੁਸ਼ ਹੈ। ਤਾਂ ਫਿਰ ਗੁਰੂ ਨਾਨਕ ਦੇ ਨਾਮ ਤੇ ਇੰਨੇ ਵੱਡੇ ਸਰਮਾਏ ਦੀ ਬਰਬਾਦੀ ਕਿਉਂ? 550ਵੇਂ ਪ੍ਰਕਾਸ਼ ਪੁਰਬ ਸਬੰਧੀ ਜਿੰਨੇ ਵੀ ਚੌਧਰੀ ਬਣੇ ਹੋਏ ਨੇ ਇਨ੍ਹਾਂ ਸਾਰਿਆਂ ਚ ਮਲਕ ਭਾਗੋ ਦੀ ਰੂਹ ਨਿਵਾਸ ਕਰਦੀ ਹੈ ਤਕਰੀਬਨ ਸਾਰੇ ਹੀ ਚੌਧਰੀਆਂ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਕੇਸ ਦਰਜ਼ ਹਨ ਹੁਣ ਦੱਸੋ ਮਲਕ ਭਾਗੋ ਨਾਲ਼ ਗੁਰੂ ਨਾਨਕ ਦੀ ਕੀ ਸਾਂਝ ਹੋ ਸਕਦੀ ਹੈ?
ਇਹ ਸਾਰੇ ਚੌਧਰੀ ਇਕ ਹੋਰ ਗੱਲ ਤੇ ਜੁੱਤੀਓ-ਜੁੱਤੀ ਹੋ ਰਹੇ ਨੇ ਕਿ ਪਾਕਿਸਤਾਨ ਨੇ ਕਰਤਾਰਪੁਰ ਜਾਣ ਲਈ ਵੀਜ਼ਾ ਫ਼ੀਸ ਕਿਉਂ ਰੱਖੀ ਹੈ। ਦੁਨੀਆ ਦੇ ਤਕਰੀਬਨ ਸਾਰੇ ਦੇਸ਼ ਵੀਜ਼ਾ ਫ਼ੀਸ ਲੈਂਦੇ ਹਨ ਇੱਥੋਂ ਤੱਕ ਕਿ ਕੋਈ ਬਿਮਾਰ ਜ਼ਿੰਦਗੀ ਮੌਤ ਦੀ ਲੜ ਰਿਹਾ ਹੋਵੇ, ਇਲਾਜ ਲਈ ਕਿਸੇ ਹੋਰ ਦੇਸ਼ ਜਾਵੇ ਤਾਂ, ਉਸ ਤੋਂ ਵੀ ਵੀਜ਼ਾ ਫ਼ੀਸ ਲਈ ਜਾਂਦੀ ਹੈ। ਪੰਜਾਬ ਵਿੱਚ ਵੀ ਜੇ ਕੋਈ ਦਰਬਾਰ ਸਾਹਿਬ ਮੱਥਾ ਟੇਕਣ ਜਾਂਦਾ ਹੈ ਤਾਂ ਸਾਰੇ ਟੋਲ ਟੈਕਸ ਦੇ ਕੇ ਜਾਂਦਾ ਹੈ, ਕਦੇ ਚਵਾਨੀ ਘੱਟ ਨਹੀ ਕੀਤੀ ਸ਼ਰਧਾਲੂਆਂ ਲਈ, ਇੱਥੋਂ ਦੇ ਚੌਧਰੀਆਂ ਨੇ, ਏਦਾਂ ਹੀ ਮੁਸਲਮਾਨ ਤੇ ਹਿੰਦੂ ਵੀ ਆਪੋ-ਆਪਣੇ ਧਾਰਮਿਕ ਅਸਥਾਨਾ ਨੂੰ ਜਾਣ ਲੱਗਿਆਂ ਪੂਰਾ ਟੋਲ ਟੈਕਸ ਦੇ ਕੇ ਜਾਂਦੇ ਹਨ।
ਪਹਿਲਾਂ ਤੁਸੀਂ ਆਪਣੇ ਟੋਲ ਟੈਕਸ ਬੰਦ ਕਰੋ ਸ਼ਰਧਾਲੂਆਂ ਲਈ, ਫਿਰ ਪਾਕਿਸਤਾਨ ਨੂੰ ਗਾਲ੍ਹਾਂ ਕੱਢ ਲਿਓ।
ਮੁੱਕਦੀ ਗੱਲ ਇਹ ਹੈ ਕਿ ਗੁਰੂ ਨਾਨਕ ਦੇ ਨਾਮ ਤੇ ਮੌਜੂਦਾ ਢੰਗ ਨਾਲ਼ ਮਨਾਈ ਜਾ ਰਹੀ ਸ਼ਤਾਬਦੀ ਵਿੱਚੋਂ ਗੁਰੂ ਨਾਨਕ ਅਤੇ ਉਸ ਦੇ ਸਿਧਾਂਤ ਦੋਨੋਂ ਹੀ ਮਨਫ਼ੀ ਹਨ ਬਾਕੀ ਸਾਡੇ ਚੌਧਰੀਆਂ ਨੇ ਹੋਣਾ ਜੁੱਤੀਓ-ਜੁੱਤੀ ਹੈ, ਬੱਸ ਬਹਾਨਾ ਚਾਹੀਦਾ ਹੈ, ਤੇ ਬਹਾਨਾ ਇਨ੍ਹਾਂ ਨੂੰ ਮਿਲ਼ ਚੁੱਕਾ ਹੈ।