ਸੂਬੇ ਵਿਚ ਲਗਾਏ ਜਾ ਰਹੇ 1.20 ਕਰੋੜ ਬੂਟੇ – ਜੰਗਲਾਤ ਮੰਤਰੀ
ਕਿਹਾ ! ਨੀਲੇ ਕਾਰਡਾਂ ਦੀ ਹੋਵੇਗੀ ਪੜਤਾਲ
– ਨੇਚਰ ਪਾਰਕ ਦੀ ਕਾਇਆ ਕਲਪ ਕਰਨ ਦੇ ਆਦੇਸ਼
ਮੋਗਾ, 14 ਅਗਸਤ
(ਜਗਰਾਜ ਸਿੰਘ ਗਿੱਲ, ਮਨਪ੍ਰੀਤ ਸਿੰਘ)
– ਪੰਜਾਬ ਦੇ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਵਿਭਾਗ ਦੇ ਕੈਬਨਿਟ ਮੰਤਰੀ ਸ਼੍ਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਹੈ ਕਿ ਸੂਬੇ ਵਿਚ ਆਮ ਆਦਮੀ ਪਾਰਟੀ ਨੂੰ ਜਦੋਂ ਸੱਤਾ ਮਿਲੀ ਸੀ ਤਾਂ ਪੰਜਾਬ ਦੀ ਹਾਲਤ ਬਹੁਤ ਮਾੜੀ ਸੀ। ਹਰ ਪਾਸੇ ਤੋਂ ਕੰਗਾਲ ਹੋਏ ਸੂਬੇ ਨੂੰ ਮੁੜ ਤੋਂ ਪੈਰਾਂ ਸਿਰ ਕਰਨ ਲਈ ਹਲੇ ਸਮਾਂ ਲੱਗੇਗਾ। ਉਹਨਾਂ ਕਿਹਾ ਕਿ ਆਪ ਸਰਕਾਰ ਦਾ ਸੂਬੇ ਨੂੰ ‘ ਜਿਉਂਦਾ ਜਾਗਦਾ ਪੰਜਾਬ ‘ ਬਣਾਉਣ ਦਾ ਟੀਚਾ ਹੈ।
ਮੋਗਾ ਦੀ ਸਾਹਰਗ ਨੇਚਰ ਪਾਰਕ ਵਿਖੇ ਜੰਗਲਾਤ ਵਿਭਾਗ ਵੱਲੋਂ ਤ੍ਰਿਵੇਣੀ ਲਗਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੰਗਲਾਤ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਹਰਾ ਭਰਾ ਕਰਨ ਲਈ ਸੂਬੇ ਵਿਚ 1.20 ਕਰੋੜ ਬੂਟੇ ਲਗਾਏ ਜਾ ਰਹੇ ਹਨ। ਇਹ ਕੰਮ ਜੋਰਾਂ ਉੱਤੇ ਚੱਲ ਰਿਹਾ ਹੈ। ਇਹਨਾਂ ਵਿੱਚ 58 ਲੱਖ ਬੂਟੇ ਖੁੱਲ੍ਹੇ ਸਥਾਨਾਂ ਉੱਤੇ ਅਤੇ 52 ਲੱਖ ਬੂਟੇ ਜੰਗਲਾਤ ਖੇਤਰਾਂ ਵਿੱਚ ਲੱਗ ਰਹੇ ਹਨ। ਇਹ ਦੋਵੇਂ ਪ੍ਰੋਜੈਕਟ ਸ਼ਹੀਦ ਭਗਤ ਸਿੰਘ ਲਹਿਰ ਅਤੇ ਕੈਂਪਾਂ ਯੋਜਨਾ ਤਹਿਤ ਸਿਰੇ ਚੜ੍ਹਾਏ ਜਾਣਗੇ। ਪੰਜਾਬ ਦੇ ਵਿਰਸੇ ਨੂੰ ਮੁੜ ਜੀਵਤ ਕਰਨ ਲਈ ਤ੍ਰਿਵੈਣੀਆਂ ਲਗਾਈਆਂ ਜਾ ਰਹੀਆਂ ਹਨ। ਇਕੱਲੇ ਮੋਗਾ ਜ਼ਿਲੇ ਵਿਚ ਹੀ 400 ਤ੍ਰਿਵੈਣੀਆਂ ਲਗਾਈਆਂ ਜਾ ਰਹੀਆਂ ਹਨ।ਇਸ ਮੌਕੇ ਉਹਨਾਂ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨੇਚਰ ਪਾਰਕ ਨੂੰ ਪੂਰੀ ਤਰ੍ਹਾਂ ਅਪਗ੍ਰੇਡ ਕੀਤਾ ਜਾਵੇ ਤਾਂ ਜੌ ਸ਼ਹਿਰ ਦੇ ਲੋਕ ਇਸ ਦਾ ਪੂਰਾ ਲਾਹਾ ਲੈਂਦੇ ਰਹਿਣ।
ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਅਯੋਗ ਲੋਕਾਂ ਦੇ ਵੀ ਨੀਲੇ ਕਾਰਡ ਬਣਾਏ ਗਏ ਸਨ, ਜਿਹਨਾਂ ਦੀ ਵਿਭਾਗ ਵੱਲੋਂ ਪੜਤਾਲ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਸੂਬੇ ਨੂੰ ‘ ਜਿਉਂਦਾ ਜਾਗਦਾ ਪੰਜਾਬ ‘ ਬਣਾਉਣ ਵਿੱਚ ਲੋਕ ਸਹਿਯੋਗ ਕਰਨ। ਇਸ ਤੋਂ ਬਾਅਦ ਕੈਬਨਿਟ ਮੰਤਰੀ ਨੇ ਸ਼ਹੀਦ ਲਾਲਾ ਲਾਜਪਤ ਜੀ ਦੇ ਜਨਮ ਅਸਥਾਨ ਪਿੰਡ ਢੁੱਡੀਕੇ ਵਿਖੇ ਉਹਨਾਂ ਨੂੰ ਅਤੇ ਗ਼ਦਰੀ ਬਾਬਿਆਂ ਨੂੰ ਸਿਜਦਾ ਕੀਤਾ। ਇਸ ਮੌਕੇ ਉਹਨਾਂ ਨਾਲ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਸ੍ਰ ਮਨਜੀਤ ਸਿੰਘ ਬਿਲਾਸਪੁਰ, ਮੋਗਾ ਦੇ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ, ਬਾਘਾਪੁਰਾਣਾ ਦੇ ਵਿਧਾਇਕ ਸ੍ਰ ਅੰਮ੍ਰਿਤਪਾਲ ਸਿੰਘ ਸੁਖਾਨੰਦ, ਧਰਮਕੋਟ ਦੇ ਵਿਧਾਇਕ ਸ੍ਰ ਦਵਿੰਦਰਜੀਤ ਸਿੰਘ ਲਾਡੀ ਢੋਂਸ, ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ, ਜ਼ਿਲ੍ਹਾ ਪੁਲਿਸ ਮੁਖੀ ਸ੍ਰ ਗੁਲਨੀਤ ਸਿੰਘ ਖੁਰਾਣਾ, ਆਪ ਦੇ ਜ਼ਿਲ੍ਹਾ ਪ੍ਰਧਾਨ ਹਰਮਨਜੀਤ ਸਿੰਘ ਬਰਾੜ ਅਤੇ ਹੋਰ ਹਾਜ਼ਰ ਸਨ।