• Sat. Nov 23rd, 2024

ਸਿਹਤ ਮੰਤਰੀ ਵੱਲੋਂ ਮੋਗਾ ਵਿਖੇ ਵਿਧਾਇਕਾਂ, ਪ੍ਰਸ਼ਾਸ਼ਨਿਕ ਅਧਿਕਾਰੀਆਂ ਅਤੇ ਲੋਕਾਂ ਨਾਲ ਮੀਟਿੰਗ

ByJagraj Gill

Jan 20, 2023

ਸੂਬੇ ਦੇ ਲੋਕਾਂ ਨੂੰ ‘ਹੋਲਿਸਟਿਕ ਹੈਲਥ ਕੇਅਰ’ ਸਹੂਲਤ ਮੁਹਈਆ ਕਾਰਵਾਈ ਜਾਵੇਗੀ – ਡਾਕਟਰ ਬਲਬੀਰ ਸਿੰਘ

– 26 ਜਨਵਰੀ ਤੱਕ 500 ਆਮ ਆਦਮੀ ਕਲੀਨਿਕ ਹੋਣਗੇ ਚਾਲੂ

ਅਪੀਲ! ਸੜਕ ਹਾਦਸਿਆਂ ਵਿੱਚ ਮੌਤ ਦੀਆਂ ਘਟਨਾਵਾਂ ਨੂੰ ਘਟਾਉਣ ਲਈ ਹਰੇਕ ਵਿਅਕਤੀ ਰੱਖੇ ਆਪਣੇ ਵਾਹਨ ਵਿੱਚ ਮੁੱਢਲੀ ਸਹਾਇਤਾ ਕਿੱਟ

ਮੋਗਾ, 20 ਜਨਵਰੀ (ਜਗਰਾਜ ਸਿੰਘ ਗਿੱਲ) – ਪੰਜਾਬ ਦੇ ਸਿਹਤ ਮੰਤਰੀ ਅਤੇ ਮੈਡੀਕਲ ਸਿੱਖਿਆ ਬਾਰੇ ਵਿਭਾਗਾਂ ਦੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਸੂਬੇ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹਈਆ ਕਰਵਾਉਣ ਦੇ ਟੀਚੇ ਤਹਿਤ ‘ਹੋਲਿਸਟਿਕ ਹੈਲਥ ਕੇਅਰ’ ਪ੍ਰੋਜੈਕਟ ਜਲਦ ਸ਼ੁਰੂ ਕੀਤਾ ਜਾਵੇਗਾ। ਉਹ ਅੱਜ ਮੋਗਾ ਵਿਖੇ ਜ਼ਿਲ੍ਹਾ ਦੇ ਵਿਧਾਇਕਾਂ, ਪ੍ਰਸ਼ਾਸ਼ਨਿਕ ਅਧਿਕਾਰੀਆਂ ਅਤੇ ਆਮ ਲੋਕਾਂ ਨਾਲ ਸਿਹਤ ਖੇਤਰ ਵਿਚ ਹਾਂ ਪੱਖੀ ਬਦਲਾਅ ਲਿਆਉਣ ਲਈ ਵਿਚਾਰ ਕਰਨ ਲਈ ਵਿਸ਼ੇਸ਼ ਤੌਰ ਉੱਤੇ ਪਹੁੰਚੇ ਸਨ।

 

ਮੀਟਿੰਗ ਦੌਰਾਨ ਉਹਨਾਂ ਦੱਸਿਆ ਕਿ ‘ਹੋਲਿਸਟਿਕ ਹੈਲਥ ਕੇਅਰ’ ਪ੍ਰੋਜੈਕਟ ਦੇ ਪਹਿਲੇ ਗੇੜ ਵਿੱਚ ਹਰੇਕ ਵਿਧਾਨ ਸਭਾ ਹਲਕੇ ਵਿਚ ਇਕ ਇਕ ਅਜਿਹਾ ਸੈਂਟਰ ਖੋਲ੍ਹਿਆ ਜਾਵੇਗਾ ਜਿਥੇ ਕਿ ਲੋਕਾਂ ਨੂੰ ਹਾਈਪਰਟੈਂਸ਼ਨ ਅਤੇ ਸ਼ੂਗਰ ਵਰਗੀਆਂ ਆਮ ਬਿਮਾਰੀਆਂ ਤੋਂ ਬਚਾਅ, ਚੰਗੀ ਸਿਹਤ ਜੀਵਨ ਦੀ ਪ੍ਰਮੋਸ਼ਨ ਅਤੇ ਮੁੜ ਵਸੇਵੇ ਦੀ ਜਾਂਚ ਸਿਖਾਈ ਜਾਇਆ ਕਰੇਗੀ। ਉਹਨਾਂ ਕਿਹਾ ਅੱਧੀਆਂ ਬਿਮਾਰੀਆਂ ਦੀ ਜੜ੍ਹ ਤਾਂ ਉਕਤ ਦੋਵੇਂ ਬਿਮਾਰੀਆਂ ਹੀ ਹਨ। ਜੇਕਰ ਇਹਨਾਂ ਉੱਤੇ ਕਾਬੂ ਪਾ ਲਿਆ ਜਾਵੇ ਤਾਂ ਵੱਡੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।

ਉਹਨਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਉੱਚ ਪੱਧਰ ਦੀਆਂ ਸਿਹਤ ਸਹੂਲਤਾਂ ਉਹਨਾਂ ਦੇ ਘਰਾਂ ਦੇ ਨੇੜੇ ਦੇਣ ਲਈ ਤਤਪਰ ਹੈ। ਸੂਬੇ ਵਿਚ 26 ਜਨਵਰੀ ਤੱਕ ਆਮ ਆਦਮੀ ਕਲੀਨਿਕਾਂ ਦੀ ਗਿਣਤੀ 500 ਕਰ ਦਿੱਤੀ ਜਾਵੇਗੀ। ਜਿਸ ਨਾਲ ਲੋਕਾਂ ਖਾਸ ਕਰਕੇ ਲੋੜਵੰਦ ਲੋਕਾਂ ਨੂੰ ਬਹੁਤ ਲਾਭ ਹੋਵੇਗਾ। ਉਹਨਾਂ ਕਿਹਾ ਕਿ ਹੁਣ ਤੱਕ 10 ਲੱਖ ਤੋਂ ਵੱਧ ਲੋਕਾਂ ਨੇ 100 ਆਮ ਆਦਮੀ ਕਲੀਨਿਕਾਂ ਦਾ ਲਾਭ ਲਿਆ ਹੈ। ਉਹਨਾਂ ਕਿਹਾ ਕਿ ਸੂਬੇ ਵਿਚ ਸਿਹਤ ਸਹੂਲਤਾਂ ਨੂੰ ਹੋਰ ਮਜ਼ਬੂਤ ਕਰਨ ਲਈ 271 ਮਾਹਿਰ ਡਾਕਟਰਾਂ ਦੀ ਭਰਤੀ ਕੀਤੀ ਗਈ ਹੈ ਜਿਸ ਨਾਲ ਸੂਬਾ ਮਾਹਿਰ ਡਾਕਟਰਾਂ ਦੀ ਸਹੂਲਤ ਦੀ ਸ਼੍ਰੇਣੀ ਵਿੱਚ ਉਤਰੀ ਭਾਰਤ ਦਾ ਸਰਬੋਤਮ ਸੂਬਾ ਬਣ ਗਿਆ ਹੈ।

ਉਹਨਾਂ ਵਿਧਾਇਕਾਂ, ਪ੍ਰਸ਼ਾਸ਼ਨਿਕ ਅਧਿਕਾਰੀਆਂ ਅਤੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਾਹਨਾਂ ਵਿਚ ਮੁੱਢਲੀ ਸਹਾਇਤਾ ਕਿੱਟ ਰੱਖਣੀ ਯਕੀਨੀ ਬਣਾਉਣ ਤਾਂ ਜੌ ਰਸਤੇ ਵਿੱਚ ਸੜਕ ਹਾਦਸੇ ਦੇ ਸ਼ਿਕਾਰ ਲੋਕਾਂ ਦੀ ਸਹਾਇਤਾ ਕੀਤੀ ਜਾ ਸਕੇ।

ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਲਦ ਹੀ ‘ਫ਼ਰਿਸ਼ਤੇ ਯੋਜਨਾ’ ਲਿਆਂਦੀ ਜਾ ਰਹੀ ਹੈ ਜਿਸ ਤਹਿਤ ਸੜਕ ਹਾਦਸੇ ਪੀੜਤ ਵਿਅਕਤੀ ਨੂੰ ਹਸਪਤਾਲ ਪੁਚਾਉਣ ਵਾਲੇ ਵਿਅਕਤੀ ਨੂੰ ਦੋ ਹਜ਼ਾਰ ਰੁਪਏ ਉਤਸ਼ਾਹੀ ਰਾਸ਼ੀ ਨਾਲ ਸਨਮਾਨ ਕੀਤਾ ਜਾਵੇਗਾ ਅਤੇ ਉਸਨੂੰ ਕਿਸੇ ਕੇਸ ਵਿੱਚ ਉਲਝਾਇਆ ਨਹੀਂ ਜਾਇਆ ਕਰੇਗਾ।

ਉਹਨਾਂ ਕਿਹਾ ਕਿ ਜਲਦ ਹੀ ਸੂਬੇ ਦੇ ਸਾਰੇ ਨਰਸਿੰਗ ਹੋਮਾਂ, ਟੋਲ ਪਲਾਜ਼ਾ ਅਤੇ ਗੈਰ ਸਰਕਾਰੀ ਸੰਸਥਾਵਾਂ ਦੀਆਂ ਐਂਬੂਲੈਂਸ ਸਹੂਲਤਾਂ ਨੂੰ ਕਲੱਬ ਕਰਕੇ ਇਕ ਪੂਲ ਬਣਾਇਆ ਜਾਵੇਗਾ। ਇਹਨਾਂ ਦਾ ਇਕ ਹੈਲਪ ਲਾਈਨ ਨੰਬਰ ਜਾਰੀ ਕੀਤਾ ਜਾਵੇਗਾ। ਹੰਗਾਮੀ ਹਾਲਤ ਵਿੱਚ ਲੋੜਵੰਦ ਵਿਅਕਤੀ ਇਸ ਸਹੂਲਤ ਦਾ ਲਾਭ ਲੈ ਸਕਣਗੇ। ਇਸ ਤੋਂ ਇਲਾਵਾ ਲੋੜ ਪੈਣ ਉੱਤੇ ਸਰਕਾਰੀ ਹਸਪਤਾਲ ਨਿੱਜੀ ਹਸਪਤਾਲਾਂ ਦੇ ਡਾਕਟਰਾਂ ਦੀ ਸਹਾਇਤਾ ਵੀ ਲੈ ਸਕਣਗੇ। ਇਸ ਸਭ ਦੀ ਅਦਾਇਗੀ ਸਰਕਾਰ ਵੱਲੋਂ ਕੀਤੀ ਜਾਏਗੀ। ਸਿਹਤ ਸੰਸਥਾਵਾਂ ਵਿੱਚ ਟੈਲੀਮੈਡੀਸਿਨ ਵਿਧੀ ਨੂੰ ਵੀ ਉਤਸ਼ਾਹਿਤ ਕੀਤਾ ਜਾਵੇਗਾ।

ਉਹਨਾਂ ਲਵਾਰਿਸ ਲਾਸ਼ਾਂ ਦਾ ਸਸਕਾਰ ਕਰਨ ਵਾਲੀਆਂ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਲਾਸ਼ਾਂ ਦਾ ਸਸਕਾਰ ਕਰਨ ਦੀ ਬਿਜਾਏ ਢੁਕਵੀਂ ਪ੍ਰਣਾਲੀ ਅਪਣਾ ਕੇ ਮੈਡੀਕਲ ਖੋਜਾਂ ਲਈ ਸਪੁਰਦ ਕਰਿਆ ਕਰਨ ਤਾਂ ਜੌ ਮੈਡੀਕਲ ਖੋਜ ਕਾਰਜਾਂ ਵਿੱਚ ਤੇਜ਼ੀ ਅਤੇ ਨਵਾਂਪਣ ਲਿਆਂਦਾ ਜਾ ਸਕੇ।

ਉਹਨਾਂ ਕਿਹਾ ਕਿ ਪੰਜਾਬ ਦੇ ਸਾਰੇ ਆਯੁਰਵੈਦਿਕ ਕਾਲਜਾਂ ਨੂੰ ਮੈਡੀਕਲ ਟੂਰਿਜ਼ਮ ਵੱਲ ਖਾਸ ਤਵੱਜੋਂ ਦੇਣ ਬਾਰੇ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਆਯੁਰਵੇਦ ਸਰੀਰਕ ਤੇ ਮਾਨਸਿਕ ਇਲਾਜ ਦੀ ਸਭ ਤੋਂ ਪੁਰਾਣੀ ਵਿਧੀ ਹੈ ਅਤੇ ਮੌਜੂਦਾ ਸਮੇਂ ਇਸ ਦੀ ਮਹੱਤਤਾ ਹੋਰ ਜ਼ਿਆਦਾ ਵੱਧ ਗਈ ਹੈ ਜਦੋਂ ਬਹੁਤ ਸਾਰੇ ਲੋਕ ਜੀਵਨ ਸ਼ੈਲੀ ‘ਚ ਆਏ ਬਦਲਾਅ ਕਾਰਣ ਕਈ ਮਾਨਸਿਕ ਤੇ ਸਰੀਰਕ ਬਿਮਾਰੀਆਂ ਨਾਲ ਜੂਝ ਰਹੇ ਹਨ।

ਉਨ੍ਹਾਂ ਕਿਹਾ ਕਿ ਬਲੱਡ ਪ੍ਰੈਸ਼ਰ, ਡਿਪਰੈਸ਼ਨ, ਸ਼ੂਗਰ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਲਈ ਕੁਦਰਤੀ ਜੜੀਆਂ-ਬੂਟੀਆਂ ਤੋਂ ਬਣੀਆਂ ਦਵਾਈਆਂ, ਮੈਡੀਟੇਸ਼ਨ, ਯੋਗ ਅਤੇ ਸਾਦਾ ਭੋਜਨ ਬਹੁਤ ਜ਼ਿਆਦਾ ਲਾਹੇਵੰਦ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਕੁਦਰਤੀ ਇਲਾਜ ਪ੍ਰਣਾਲੀਆਂ ਤਹਿਤ ਬਿਮਾਰੀਆਂ ਦੀ ਰੋਕਥਾਮ ਲਈ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਸਭਨਾਂ ਨੂੰ ਮਿਲ ਕੇ ਸਾਰਥਕ ਤੇ ਠੋਸ ਕਦਮ ਉਠਾਉਣੇ ਚਾਹੀਦੇ ਹਨ।

ਸਿਹਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਕੁਦਰਤੀ ਇਲਾਜ ਪ੍ਰਣਾਲੀਆਂ ਨੂੰ ਪ੍ਰਫੁੱਲਿਤ ਕਰਨ ਵੱਲ ਖਾਸ ਧਿਆਨ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਭੈੜੀ ਅਲਾਮਤ ਤੋਂ ਨੌਜਵਾਨੀ ਨੂੰ ਨਿਜਾਤ ਦਿਵਾਉਣ ਲਈ ਵੀ ਆਯੁਰਵੈਦਿਕ ਇਲਾਜ ਵਿਧੀਆਂ ਲਾਭਕਾਰੀ ਸਿੱਧ ਹੋ ਸਕਦੀਆਂ ਹਨ।

ਮੀਟਿੰਗ ਵਿੱਚ ਡਾਕਟਰ ਅਮਨਦੀਪ ਕੌਰ ਅਰੋੜਾ, ਸ੍ਰ ਮਨਜੀਤ ਸਿੰਘ ਬਿਲਾਸਪੁਰ, ਸ੍ਰ ਦਵਿੰਦਰਜੀਤ ਸਿੰਘ ਲਾਡੀ ਢੋਂਸ, ਸ੍ਰ ਅੰਮ੍ਰਿਤਪਾਲ ਸਿੰਘ ਸੁਖਾਨੰਦ (ਚਾਰੇ ਵਿਧਾਇਕ), ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ, ਜ਼ਿਲ੍ਹਾ ਪੁਲਿਸ ਮੁਖੀ ਸ੍ਰ ਗੁਲਨੀਤ ਸਿੰਘ ਖੁਰਾਣਾ, ਜ਼ਿਲ੍ਹਾ ਯੋਜਨਾ ਬੋਰਡ ਚੇਅਰਮੈਨ ਸ੍ਰ ਹਰਮਨਦੀਪ ਸਿੰਘ ਬਰਾੜ, ਨਗਰ ਸੁਧਾਰ ਟਰੱਸਟ ਮੋਗਾ ਦੇ ਚੇਅਰਮੈਨ ਸ੍ਰੀ ਦੀਪਕ ਅਰੋੜਾ ਅਤੇ ਹੋਰ ਹਾਜ਼ਰ ਸਨ। ਇਸ ਤੋਂ ਪਹਿਲਾਂ ਸਿਹਤ ਮੰਤਰੀ ਨੂੰ ਜ਼ਿਲ੍ਹਾ ਪੁਲਿਸ ਵੱਲੋਂ ਗਾਰਡ ਆਫ ਆਨਰ ਦਿੱਤਾ ਗਿਆ।

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *