ਮੁਫ਼ਤ ਸੀਜ਼ੇਰੀਅਨ ਕੇਸਾਂ ਤੋਂ ਇਲਾਵਾ ਡਿਲੀਵਰੀ ਦੌਰਾਨ ਬਲੱਡ ਬੈਂਕ ਦੀ ਵੀ ਦਿੱਤੀ ਜਾ ਰਹੀ ਸਹੂਲਤ-ਸਿਵਲ ਸਰਜਨ
ਮੋਗਾ 29 ਜੁਲਾਈ
(ਜਗਰਾਜ ਸਿੰਘ ਗਿੱਲ ਗੁਰਪ੍ਰਸਾਦ ਸਿੱਧੂ)
ਸਿਵਲ ਹਸਪਤਾਲ ਮੋਗਾ ਦਾ ਜੱਚਾ-ਬੱਚਾ ਵਾਰਡ ਗਰਭਵਤੀ ਔਰਤਾਂ ਅਤੇ ਲੋੜਵੰਦਾਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ। ਵਾਰਡ ਵਿੱਚ ਔਰਤ ਦੇ ਗਰਭਵਤੀ ਹੋਣ ਤੋ ਬਾਅਦ ਡਿਲੀਵਰੀ ਹੋਣ ਤੱਕ ਜੱਚਾ ਤੇ ਬੱਚਾ ਦੀ ਸੰਭਾਲ ਕਰਨ ਵਿੱਚ ਡਾ ਮਥਰਾ ਦਾਸ ਸਿਵਲ ਹਸਪਤਾਲ ਮੋਗਾ ਦਾ ਜੱਚਾ ਬੱਚਾ ਵਾਰਡ ਦੀ ਸਰਵਿਸ ਪੰਜਾਬ ਵਿੱਚ ਪਹਿਲੇ ਦਰਜੇ ਦਾ ਰਿਕਾਰਡ ਦਰਜ ਕਰਵਾ ਚੁੱਕੀ ਹੈ, ਜਿਸ ਵਿੱਚ ਆਪਣੀ ਸਮਰੱਥਾ ਤੋ ਵੀ ਵੱਧ ਡਲਿਵਰੀਆਂ ਸਫ਼ਲਤਾਪੂਰਵਕ ਕੀਤੀਆਂ ਜਾ ਰਹੀਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਮੋਗਾ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਦੱਸਿਆ ਕਿ ਇਸ ਸਰਕਾਰੀ ਹਸਪਤਾਲ ਵਿੱਚ ਮਹੀਨੇ ਦੀਆਂ 400 ਤੋ 500 ਦੇ ਕਰੀਬ ਡਲਿਵਰੀਆ ਸਫ਼ਲਤਾਪੂਰਵਕ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸਹੂਲਤਾਂ ਦੇ ਪੱਖ ਤੋ ਵੀ ਗਰਭਵਤੀ ਔਰਤਾਂ ਪੂਰੀ ਤਰ੍ਹਾਂ ਸੰਤੁਸ਼ਟ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਹੂਲਤਾਂ ਵਿੱਚ ਮੁਫ਼ਤ ਓ.ਪੀ.ਡੀ., ਗਰਭਵਤੀ ਔਰਤ ਦੀ ਦੇਖਭਾਲ, ਗਰਭਵਤੀ ਔਰਤ/ਬੱਚਾ ਦਾ ਟੀਕਾਕਰਨ, ਜਨਨੀ ਸ਼ਿਸ਼ੂ ਸਰੱਖਿਆ ਯੋਜਨਾ ਅਧੀਨ ਗਰਭਵਤੀ ਔਰਤ ਦੀ ਡਿਲੀਵਰੀ ਦੌਰਾਨ ਮੁਫ਼ਤ ਖੁਰਾਕ ਅਤੇ ਵਿੱਤੀ ਸਹਾਇਤਾ ਆਦਿ ਸ਼ਾਮਿਲ ਹਨ।
ਸਿਵਲ ਸਰਜਨ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਨਿਯੁਕਤ ਕੀਤੇ ਕੌਂਸਲਰਾਂ ਅਤੇ ਔਰਤ ਰੋਗਾਂ ਦੇ ਮਾਹਿਰ ਡਾਕਟਰਾਂ ਵੱਲੋ ਮੁਫ਼ਤ ਸਲਾਹ ਦਿਤੀ ਜਾਂਦੀ ਹੈ, ਜਿਸ ਦਾ ਲਾਹਾ ਲੈ ਕੇ ਔਰਤਾਂ ਤਸੱਲੀ ਪ੍ਰਗਟਾ ਰਹੀਆਂ ਹਨ। ਸਿਵਲ ਹਸਪਤਾਲ ਮੋਗਾ ਦੇ ਵਿੱਚ ਸੀਜ਼ੇਰੀਅਨ ਕੇਸ ਵੀ ਬਿਲਕੁਲ ਮੁਫ਼ਤ ਕੀਤੇ ਜਾਂਦੇ ਹਨ ਅਤੇ ਗਰਭਵਤੀ ਔਰਤਾਂ ਦੇ ਲਈ ਡਿਲੀਵਰੀ ਦੌਰਾਨ ਬਲੱਡ ਬੈਂਕ ਦੀ ਸਹੂਲਤ ਵੀ ਹੈ। ਇਸ ਤੋਂ ਇਲਾਵਾ ਨਵਜਾਤ ਸ਼ਿਸ਼ੂ ਸੰਭਾਲ ਯੂਨਿਟ ਵੀ ਇੱਥੇ ਸਥਾਪਤ ਹੈ ਜਿਸ ਵਿੱਚ ਟਰੇਡ ਸਟਾਫ਼ ਦੀ ਭਰਤੀ ਕੀਤੀ ਗਈ ਹੈ। ਜੱਚਾ ਬੱਚਾ ਵਾਰਡ ਵਿੱਚ ਤਾਇਨਾਤ ਸਟਾਫ਼ ਨੂੰ ਸਮੇਂ ਸਮੇਂ ਤੇ ਸਿਹਤ ਮਾਹਿਰਾਂ ਵੱਲੋ ਟ੍ਰੇਨਿੰਗ ਦਿਤੀ ਜਾ ਰਹੀ ਹੈ, ਇਸ ਲਈ ਜੱਚਾ ਬੱਚਾ ਵਾਰਡ ਵਿੱਚ ਆਪਣੀ ਸੇਵਾਵਾ ਨਿਭਾ ਰਿਹਾ ਸਟਾਫ ਪੂਰੀ ਤਰ੍ਹਾਂ ਟਰੇਂਡ ਹੈ। ਇਸ ਵਾਰਡ ਵਿੱਚ ਬਿਜਲੀ , ਪਾਣੀ ਅਤੇ ਆਕਸੀਜਨ ਸਪਲਾਈ ਦੇ ਵੀ ਪੂਰੇ ਪ੍ਰਬੰਧ ਕੀਤੇ ਹਨ।
ਸਿਵਲ ਸਰਜਨ ਮੋਗਾ ਨੇ ਕਿਹਾ ਕਿ ਜੱਚਾ ਵਾਰਡ ਵਿਚ ਔਰਤ ਰੋਗਾਂ ਦੇ ਮਾਹਿਰ ਅਤੇ ਨਵਜੰਮੇ ਬੱਚੇ ਦੇ ਮਾਹਿਰ ਡਾਕਟਰ ਵਲੋਂ ਹਰ ਸਮੇਂ ਆਪਣੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ ਅਤੇ ਨਵਜਾਤ ਸ਼ਿਸੂ ਦੇਖਭਾਲ ਯੂਨਿਟ ਵੀ ਵਰਦਾਨ ਸਾਬਿਤ ਹੋ ਰਿਹਾ ਹੈ।