ਨਿਹਾਲ ਸਿੰਘ ਵਾਲਾ
( ਮਿੰਟੂ ਖੁਰਮੀ ਕੁਲਦੀਪ ਗੋਹਲ) ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਵੱਲੋਂ ਲੜੇ ਜਾ ਰਹੇ ਸੰਘਰਸ਼ ਦਾ ਘੇਰਾ ਆਏ ਦਿਨ ਵਧਦਾ ਹੀ ਜਾ ਰਿਹਾ ਹੈ। ਬਾਘਾਪੁਰਾਣਾ ਸ਼ਹਿਰ ਦੀਆਂ ਸ਼ਹਿਰੀ ਅਤੇ ਜਨਤਕ ਜਥੇਬੰਦੀਆਂ ਵੱਲੋਂ ਸਾਂਝਾਂ ਮਾਰਚ ਕਰਕੇ ਬਾਘਾਪੁਰਾਣਾ ਸ਼ਹਿਰ ਅੰਦਰ ਲੋਕਾਂ ਨੂੰ ਸੱਦਾ ਦਿੱਤਾ ਗਿਆ ਕਿ 25 ਅਕਤੂਬਰ 2020 ਨੂੰ ਜੈਨ ਮਾਡਲ ਸਕੂਲ ਬਾਘਾਪੁਰਾਣਾ ਦੇ ਮਗਰਲੇ ਪਾਸੇ ਖੁਲੇ ਥਾਂ ਵਿੱਚ ਮੋਦੀ ਅਤੇ ਸਰਮਾਏਦਾਰਾਂ ਦੇ ਆਦਮ ਕੱਦ ਬੁੱਤ ਨੂੰ ਫੂਕਕੇ ਦੁਸਹਿਰਾ ਮਨਾਇਆ ਜਾਵੇਗਾ, ਲੋਕਾਂ ਨੂੰ ਵੱਡੀ ਗਿਣਤੀ ਵਿੱਚ ਕਾਫ਼ਲੇ ਬੰਨਕੇ ਸ਼ਾਮਿਲ ਹੋਣ ਦਾ ਸੱਦਾ ਦਿੱਤਾ। ਮਾਰਚ ਨੂੰ ਸੰਬੋਧਨ ਕਰਦੇ ਹੋਏ ਸਹਿਯੋਗ ਕਮੇਟੀ ਦੇ ਕਨਵੀਨਰ ਬਲਵੰਤ ਸਿੰਘ ਬਾਘਾਪੁਰਾਣਾ ਨੇ ਦਸਿਆ, ਕਿ ਕਿਸਾਨਾਂ ਦੇ ਸਖ਼ਤ ਵਿਰੋਧ ਦੇ ਬਾਵਜੂਦ ਬਣਾਏ ਗਏ ਤਿੰਨੇ ਖੇਤੀ ਕਾਨੂੰਨ ਅਤੇ ਲਿਆਂਦੇ ਜਾ ਰਹੇ ਬਿਜਲੀ ਸੋਧ ਬਿੱਲ 2020 ਨਾਲ ਕਿਸਾਨਾਂ ਤੋਂ ਇਲਾਵਾ ਸਮੂਹ ਲੋਕਾਂ ‘ਤੇ ਮਾਰੂ ਅਸਰ ਪੈਣਗੇ,ਉਹਨਾਂ ਕਿਹਾ ਕਿ ਇਹਨਾਂ ਕਾਲੇ ਕਾਨੂੰਨਾਂ ਨਾਲ ਗ਼ਰੀਬੀ,ਬੇਰੁਜ਼ਗਾਰੀ,ਮਹਿੰਗਾਈ ਤੇ ਕਾਲਾਬਾਜ਼ਾਰੀ ਸਿਖਰਾਂ ਛੋਹੇਗੀ,ਪਹਿਲਾਂ ਤੋਂ ਹੀ ਮੋਦੀ ਸਰਕਾਰ ਦੇ ਗਲਤ ਫੈਸਲਿਆਂ ਦੇ ਪੈਦਾ ਕੀਤੇ ਮੰਦਵਾੜੇ ਦੇ ਝੰਬੇ ਵਪਾਰ ਤੇ ਕਾਰੋਬਾਰ ਦਾ ਧੂੰਆਂ ਨਿਕਲ ਜਾਵੇਗਾ,ਇਸ ਸਮੇਂ ਹਾਜ਼ਿਰ ਸਮੂਹ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਦੇ ਨੋਟਬੰਦੀ,ਜੀ.ਐੱਸ.ਟੀ. ਜਿਹੇ ਲੋਕਮਾਰੂ ਫੈਸਲਿਆਂ ਕਰਕੇ ਪਹਿਲਾਂ ਹੀ ਛੋਟੇ ਕਾਰੋਬਾਰੀਆਂ,ਵਪਾਰੀਆਂ ਅਤੇ ਸਮੂਹ ਕਿਰਤੀ ਵਰਗ ਨੂੰ ਤਬਾਹੀ ਕੰਢੇ ਲਿਆ ਖੜ੍ਹਾ ਕੀਤਾ ਹੈ ਅਤੇ ਬਿਨਾਂ ਲੋੜੀਂਦੇ ਪ੍ਰਬੰਧਾਂ ਅਤੇ ਸੂਚਨਾ ਦੇ ਕੀਤੇ ਸਖ਼ਤ ਲੌਕਡਾਉਨ ਨੇ ਰਹਿੰਦੀ ਕਸਰ ਵੀ ਕੱਢ ਦਿੱਤੀ ਹੈ ਅਜਿਹੇ ਦੌਰ ਵਿੱਚ ਵੀ ਮੋਦੀ ਸਰਕਾਰ ਨੇ ਕਾਰਪੋਰੇਟਾਂ ਅਤੇ ਸਾਮਰਾਜੀਆਂ ਦੇ ਢਿੱਡ ਹੀ ਭਰੇ ਹਨ ਛੋਟੇ ਕਾਰੋਬਾਰੀਆਂ ਅਤੇ ਕਿਰਤੀ ਵਰਗ ਦੀ ਕੋਈ ਸਾਰ ਨਹੀਂ ਲਈ ਗਈ। ਉਨ੍ਹਾਂ ਕਿਹਾ ਕਿ ਸਰਕਾਰ ਦੁਆਰਾ ਜਾਰੀ ਪੈਕਜ ਨੁੂੰ ਧਨਾਢਾਂ ਦੇ ਉੱਛਲਦੇ ਖਜਾਨੇ ਹੋਰ ਭਰੇ ਹਨ ਅਤੇ ਆਮ ਲੋਕਾਈ ਨੂੰ ਅੱਖੋਂ ਪਰੋਖੇ ਕੀਤਾ ਹੈ ਆਗੂਆਂ ਕਿਹਾ ਕਿ ਕਰੋਨਾ ਲਾਕਡਾਊਨ ਸਮੇਂ ਦੌਰਾਨ ਬਿਜਲੀ ਦੇ ਬਿੱਲ,ਸਰਕਾਰੀ ਦੁਕਾਨਾਂ ਦੇ ਕਿਰਾਏ ਮਾਫ ਕਰਕੇ ਅਤੇ ਹੋਰ ਟੈਕਸਾਂ ਵਿੱਚ ਰਿਆਇਤ ਦੇਣੀਆਂ ਚਾਹੀਦੀਆਂ ਹਨ। ਕੋ ਕਨਵੀਨਰ ਸੁਰਿੰਦਰ ਰਾਮ ਕੁੱਸਾ ਨੇ ਕਿਹਾ ਕਿ ਇਹਨਾਂ ਕਾਲੇ ਕਾਨੂੰਨਾਂ ਨਾਲ ਸਰਕਾਰ ਨੇ ਇਕੱਲੇ ਕਿਸਾਨਾਂ ਤੇ ਹੀ ਨਹੀਂ ਸਗੋਂ ਸਮੂਹ ਕਾਰੋਬਾਰੀਆਂ,ਵਪਾਰੀਆਂ ਅਤੇ ਸਮੁੱਚੇ ਕਿਰਤੀ ਵਰਗ ਤੇ ਆਰਥਿਕ ਹੱਲਾ ਕੀਤਾ ਹੈ। ਸਮੂਹ ਸ਼ਹਿਰੀਆਂ ਨੂੰ ਖੇਤੀ ਕਾਨੂੰਨਾਂ ਵਿਰੁੱਧ 25 ਅਕਤੂਬਰ ਦੇ ਵਿਰੋਧ ਪ੍ਰਦਰਸ਼ਨ ਵਿੱਚ ਕਾਫ਼ਲੇ ਬੰਨਕੇ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਮੇਜਰ ਸਿੰਘ ਕਾਲੇਕੇ ਨੇ ਦਸਿਆ ਕਿ ਖੇਤ ਮਜ਼ਦੂਰਾਂ ਦੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਵਾਉਣ ਦਾ ਭਰੋਸਾ ਦਿੱਤਾ ਉੱਥੇ ਹੀ ਉਨ੍ਹਾਂ ਨੇ ਦਾਅਵਾ ਕੀਤਾ ਕਿ ਦੁਸਹਿਰੇ ਦੇ ਮੌਕੇ ਬਾਘਾਪੁਰਾਣਾ ਵਿਖੇ ਖੇਤੀ ਕਾਨੂੰਨਾਂ ਖਿਲਾਫ਼ ਕੀਤਾ ਜਾਣ ਵਾਲਾ ਪ੍ਰਦਰਸ਼ਨ ਭਾਈਚਾਰਕ ਸਾਂਝ ਪੱਖੋਂ ਬੇਹੱਦ ਅਹਿਮ ਤੇ ਨਿਵੇਕਲਾ ਹੋਵੇਗਾ,ਅੱਜ ਦੇ ਇਸ ਮਾਰਚ ਵਿੱਚ ਟੈਕਨੀਕਲ ਸਰਵਿਸਜ ਯੂਨੀਅਨ (ਭੰਗਲ) ਦੇ ਕਮਲੇਸ਼ ਕੁਮਾਰ ਬਾਘਾਪੁਰਾਣਾ, ਗੁਰਪ੍ਰੀਤ ਸਿੰਘ ਡੇਮਰੂ, ਡਾਇਮੋਕਰੇਟਿਕ ਟੀਚਰ ਫਰੰਟ ਦੇ ਸੁਖਵਿੰਦਰ ਸਿੰਘ ਘੋਲੀਆ, ਗੌਰਮਿੰਟ ਪੈਨਸਨਰਜ ਐਸੋਸੀਏਸ਼ਨ ਦੇ ਹਰਨੇਕ ਸਿੰਘ, ਪ੍ਰਿਸੀਪਲ ਰਣਧੀਰ ਸਿੰਘ, ਅਜੀਤ ਸਿੰਘ, ਬੰਤ ਸਿੰਘ ਰਾਜੇਆਣਾ, ਭਰਤ ਸਿੰਘ ਫੂਲੇਵਾਲਾ, ਆਦਿ ਆਗੂਆਂ ਨੇ ਹਿਸਾ ਲਿਆ।