ਮੋਗਾ,ਧਰਮਕੋਟ -15 ਦਸੰਬਰ
(ਜਗਰਾਜ ਸਿੰਘ ਗਿੱਲ, ਗੁਰਪ੍ਰਸਾਦ ਸਿੱਧੂ) ਵਾਟਰ ਵਾਰੀਅਰਜ਼ ਪੰਜਾਬ ਵੱਲੋਂ ਕਾਂਵਾਂ ਵਾਲੇ ਪੱਤਣ ਤੇ ਵਿੱਢੀ ਗਈ ਮੁਹਿੰਮ ਨੂੰ ਉਸ ਸਮੇਂ ਚੰਗਾ ਹੁੰਗਾਰਾ ਮਿਲਿਆ ਜਦੋਂ ਫੱਕਰ ਫ਼ਕੀਰ ਵੈਲਫੇਅਰ ਐਸੋਸੀਏਸ਼ਨ ਵੱਲੋਂ ਬਾਬਾ ਨੂਰਦੀਨ ਜੀ ਅਤੇ ਬਾਬਾ ਡਿੰਪਾ ਜੀ ਵੱਲੋਂ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਧਾਰਮਿਕ ਸਮੱਗਰੀ ਦਲੀਆ, ਚਾਦਰਾਂ ਤੇ ਫੋਟੋਆਂ ਆਦਿ ਨੂੰ ਦਰਿਆ ਵਿੱਚ ਨਾ ਪਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਧਾਰਮਿਕ ਸਮੱਗਰੀ ਨੂੰ ਸੰਭਾਲਣ ਲਈ ਯੋਗ ਉਪਰਾਲੇ ਕੀਤੇ ਜਾਣਗੇ ਤਾਂ ਕਿ ਦਰਿਆ ਦੇ ਪਾਣੀ ਵਿੱਚ ਕਿਸੇ ਵੀ ਕਿਸਮ ਦੀ ਗੰਦਗੀ ਨਾ ਫੈਲੇ। ਇਸ ਮੌਕੇ ਵਾਟਰ ਵਾਰੀਅਰਜ਼ ਪੰਜਾਬ ਵੱਲੋਂ ਹਰਮਨਦੀਪ ਸਿੰਘ ਹਿੰਮਤਪੁਰਾ, ਕੁਲਦੀਪ ਸਿੰਘ ਅਰੋੜਾ, ਕੁਲਦੀਪ ਸਿੰਘ ਚੁੱਘਾ, ਨਿਰਮਲ ਸਿੰਘ ਰਣਸੀਂਹ ਕਲਾਂ ਆਦਿ ਤੇ ਹੋਰ ਬਹੁਤ ਸਾਰੇ ਨੌਜਵਾਨਾਂ ਨੇ ਕਾਵਾਂ ਵਾਲੇ ਪੱਤਣ ਤੇ ਸਫ਼ਾਈ ਮੁਹਿੰਮ ਚਲਾਉਂਦਿਆਂ ਜਿੱਥੇ ਦਰਿਆ ਦੇ ਕੰਢਿਆਂ ਤੋਂ ਪਾਲੀਥੀਨ, ਚਾਦਰਾਂ, ਚੁੰਨੀਆਂ ਤੇ ਹੋਰ ਸਮੱਗਰੀ ਚੁੱਕਦੇ ਦਰਿਆਵਾਂ ਦੇ ਕਿਨਾਰਿਆਂ ਨੂੰ ਸੁਚੱਜੇ ਢੰਗ ਨਾਲ ਸਾਫ਼ ਕੀਤਾ ਅਤੇ ਦਰਿਆ ਵਿੱਚ ਦਲੀਆਂ ਆਦਿ ਸਮੱਗਰੀ ਲਿਆਉਣ ਵਾਲਿਆਂ ਨੂੰ ਦਰਿਆ ਵਿੱਚ ਕੁੱਝ ਵੀ ਨਾ ਪਾਉਣ ਲਈ ਪ੍ਰੇਰਦੇ ਹੋਏ ਸਮਝਾਇਆ ਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾ ਰਿਹਾ ਹੈ, ਆਉਣ ਵਾਲੇ ਸਮੇਂ ਵਿੱਚ ਦਰਿਆਵਾਂ ਦੇ ਪਾਣੀ ਦੀ ਮਹੱਤਤਾ ਬਹੁਤ ਵੱਧ ਜਾਵੇਗੀ,ਇਸ ਲਈ ਸਾਨੂੰ ਆਪਣੇ ਦਰਿਆਵਾਂ ਨੂੰ ਸਾਫ਼ ਸੁਥਰੇ ਰੱਖਣ ਲਈ ਦਰਿਆਵਾਂ ਵਿੱਚ ਕੁੱਝ ਵੀ ਨਹੀਂ ਸੁੱਟਣਾ ਚਾਹੀਦਾ।ਇਸ ਮੌਕੇ ਵਾਟਰ ਵਾਰੀਅਰਜ਼ ਪੰਜਾਬ ਵੱਲੋਂ ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ ਕਿ ਪੰਜਾਬ ਦੇ ਦਰਿਆਵਾਂ ਵਿੱਚ ਕਿਸੇ ਵੀ ਕਿਸਮ ਦਾ ਫੈਕਟਰੀਆਂ ਦਾ ਪਾਣੀ, ਸੀਵਰੇਜ਼ ਦਾ ਗੰਦਾ ਪਾਣੀ ਕਿਸੇ ਵੀ ਕੀਮਤ ਦਰਿਆਵਾਂ ਵਿੱਚ ਪੈਣ ਤੋਂ ਰੋਕਣਾ ਚਾਹੀਦਾ ਹੈ ਅਤੇ ਪੰਜਾਬ ਭਰ ਵਿੱਚ ਦਰਿਆਵਾਂ ਦੇ ਪੁੱਲਾਂ ਤੇ ਵੀਹ ਵੀਹ ਫੁੱਟ ਜਾਲ੍ਹੀਆਂ ਲਾਈਆ ਜਾਣੀਆਂ ਚਾਹੀਦੀਆਂ ਹਨ ਅਤੇ ਦਰਿਆਵਾਂ ਨੂੰ ਕਿਸੇ ਵੀ ਢੰਗ ਨਾਲ ਦੂਸ਼ਿਤ ਕਰਨ ਵਾਲਿਆਂ ਤੇ ਸਖ਼ਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ