ਕਾਲਜ ਨੂੰ ਬੁਨਿਆਦੀ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ – ਹਰਭਜਨ ਸਿੰਘ ਕੈਬਨਿਟ ਮੰਤਰੀ
ਮੋਗਾ 9 ਜੂਨ
(ਜਗਰਾਜ ਸਿੰਘ ਗਿੱਲ, ਗੁਰਪ੍ਰਸਾਦ ਸਿੱਧੂ)
ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ੍ਰ ਹਰਭਜਨ ਸਿੰਘ ਨੇ ਹਲਕਾ ਧਰਮਕੋਟ ਦੇ ਵਿਧਾਇਕ ਸ੍ਰ ਦਵਿੰਦਰਜੀਤ ਸਿੰਘ ਲਾਡੀ ਢੋਂਸ ਨੂੰ ਭਰੋਸਾ ਦਿੱਤਾ ਹੈ ਕਿ ਪਿੰਡ ਫ਼ਤਹਿਗੜ੍ਹ ਕੋਰੋਟਾਣਾ ਵਿਖੇ ਤਿਆਰ ਕੀਤੇ ਗਏ ਡਿਗਰੀ ਕਾਲਜ ਨੂੰ ਜਲੰਧਰ – ਮੋਗਾ ਰਾਸ਼ਟਰੀ ਮਾਰਗ ਨਾਲ ਜੋੜਿਆ ਜਾਵੇਗਾ। ਇਸ ਤੋਂ ਇਲਾਵਾ ਕਾਲਜ ਨੂੰ ਹੋਰ ਵੀ ਲੋੜੀਂਦੀਆਂ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ। ਉਹ ਬੀਤੇ ਦਿਨੀਂ ਵਿਸ਼ੇਸ਼ ਤੌਰ ਉੱਤੇ ਇਸ ਕਾਲਜ ਦਾ ਨਿਰੀਖਣ ਕਰਨ ਲਈ ਆਏ ਸਨ।
ਉਹਨਾਂ ਕਿਹਾ ਕਿ ਇਸ ਇਲਾਕੇ ਵਿਚ ਇਸ ਕਾਲਜ ਵੀ ਵੱਡੀ ਲੋੜ ਸੀ। ਪਿਛਲੀ ਸਰਕਾਰ ਨੇ ਇਮਾਰਤਾਂ ਤਾਂ ਖੜ੍ਹੀਆਂ ਕਰ ਦਿੱਤੀਆਂ ਪਰ ਇਹਨਾਂ ਨੂੰ ਚਲਾਉਣ ਦੀ ਕੋਸ਼ਿਸ਼ ਨਹੀਂ ਕੀਤੀ।ਉਹਨਾਂ ਕਿਹਾ ਕਿ ਜਿੱਥੇ ਇਸ ਡਿਗਰੀ ਕਾਲਜ ਨੂੰ ਜਲੰਧਰ – ਮੋਗਾ ਰਾਸ਼ਟਰੀ ਮਾਰਗ ਨਾਲ ਜੋੜਿਆ ਜਾਵੇਗਾ ਉਥੇ ਕਾਲਜ ਵਿਚ ਪਾਰਕਿੰਗ ਅਤੇ ਸੁਰੱਖਿਆ ਪੱਖੋਂ ਬਾਹਰੀ ਦੀਵਾਰ ਉੱਤੇ ਗਰਿੱਲ ਵੀ ਲਗਵਾਈ ਜਾਵੇਗੀ। ਰਾਸ਼ਟਰੀ ਮਾਰਗ ਨਾਲ ਜੁੜਨ ਨਾਲ ਬੱਚਿਆਂ ਨੂੰ ਕਾਲਜ ਆਉਣ ਦੀ ਸੌਖ ਹੋਵੇਗੀ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਦਾ ਮਿਆਰ ਹੋਰ ਸੁਧਾਰਣ ਲਈ ਜ਼ਿਲ੍ਹਾ ਮੋਗਾ ਦੇ ਪਿੰਡ ਫਤਿਹਗੜ੍ਹ ਕੋਰੋਟਾਣਾ ਵਿਖੇ ਸਰਕਾਰੀ ਡਿਗਰੀ ਕਾਲਜ ਦੀ ਉਸਾਰੀ ਕੀਤੀ ਗਈ ਹੈ, ਜੋ ਕਿ ਜਲੰਧਰ-ਮੋਗਾ ਉੱਪਰ ਮੋਗਾ ਤੋਂ ਲਗਭਗ 9 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਇਹ ਕਾਲਜ ਬਲਾਕ ਕੋਟ ਈਸੇ ਖਾਂ ਅਤੇ ਆਲੇ ਦੁਆਲੇ ਦੇ ਲਗਭਗ 50 ਪਿੰਡਾਂ ਦੇ ਇੱਕ ਲੱਖ ਲੋਕਾਂ ਦੀ ਸਿੱਖਿਆ ਸਬੰਧੀ ਜਰੂਰਤਾਂ ਨੂੰ ਪੂਰੀਆਂ ਕਰੇਗਾ। ਇਸ ਕਾਲਜ ਦੀ ਉਸਾਰੀ ਲਈ 10 ਏਕੜ ਜ਼ਮੀਨ ਗ੍ਰਾਮ ਪੰਚਾਇਤ ਪਿੰਡ ਫਤਿਹਗੜ੍ਹ ਕੋਰੋਟਾਣਾ ਵਲੋਂ ਮੁਹੱਈਆ ਕਰਵਾਈ ਗਈ ਹੈ। ਕਾਲਜ ਦੀ ਇਮਾਰਤ ਦਾ ਕੰਮ ਮੁਕੰਮਲ ਹੋ ਚੁੱਕਾ ਹੈ।ਇਸ ਕੰਮ ਨੂੰ ਮੁਕੰਮਲ ਕਰਨ ਲਈ 10 ਕਰੋੜ ਰੁਪਏ ਖਰਚ ਕੀਤੇ ਗਏ ਹਨ।
ਉਹਨਾਂ ਕਿਹਾ ਕਿ ਇਸ ਕਾਲਜ ਦੀ ਦੋ ਮੰਜ਼ਿਲਾ ਇਮਾਰਤ ਵਿੱਚ ਪ੍ਰਿੰਸੀਪਲ ਰੂਮ, ਸਟਾਫ ਰੂਮ, ਪ੍ਰਬੰਧਕੀ ਬਲਾਕ, ਰਿਸੈਪਸ਼ਨ, ਸੈਮੀਨਾਰ ਹਾਲ, ਫੀਸ ਕਾਉੰਟਰ, ਲੇਖਾ ਸੈਕਸ਼ਨ, ਲਾਇਬ੍ਰੇਰੀ, ਸਾਇੰਸ ਲੈਬ, ਮੁੱਖ ਦੁਆਰ, ਕੰਟੀਨ, ਕਲਾਸ ਰੂਮ ਅਤੇ ਹੋਰ ਸਹੂਲਤਾਂ ਦਿੱਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਕੈਂਪਸ ਵਿੱਚ ਲੋੜ ਅਨੁਸਾਰ ਖੇਡਾਂ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਖਾਲੀ ਥਾਂ ਵੀ ਉਪਲੱਬਧ ਹੈ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਦ੍ਰਿੜ ਸੰਕਲਪ ਹੈ। ਧਰਮਕੋਟ ਦੇ ਵਿਧਾਇਕ ਸ੍ਰ ਦਵਿੰਦਰਜੀਤ ਸਿੰਘ ਲਾਡੀ ਢੋਂਸ ਤੋਂ ਇਲਾਵਾ ਕਈ ਅਧਿਕਾਰੀ ਅਤੇ ਇਲਾਕਾ ਨਿਵਾਸੀ ਵੀ ਹਾਜ਼ਰ ਸਨ।