ਨਿਹਾਲ ਸਿੰਘ ਵਾਲਾ 14ਜਨਵਰੀ (ਮਿੰਟੂ ਖੁਰਮੀ ਡਾ.ਕੁਲਦੀਪ) ਤਿੰਨ ਗੁਰੂ ਸਾਹਿਬਾਨਾਂ ਦੀ ਚਰਨਛੋਹ ਪ੍ਰਾਪਤ ਤਖਤੂਪੁਰਾ ਸਾਹਿਬ ਦੀ ਇਤਿਹਾਸਕ ਧਰਤੀ ਉੱਤੇ, ਮਾਘੀ ਦੇ ਦਿਹਾੜੇ ‘ਤੇ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਕਾਨਫਰੰਸ ਕੀਤੀ ਗਈ। ਸੂਬੇਦਾਰ ਜੋਗਿੰਦਰ ਸਿੰਘ ਤਖਤੂਪੁਰਾ ਦੀ ਪ੍ਰਧਾਨਗੀ ਹੇਠ ਚੱਲੀ ਸਟੇਜ ਦੀ ਕਾਰਵਾਈ ਦੌਰਾਨ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਜਨਰਲ ਸਕੱਤਰ ਵਿੱਕੀ ਮਹੇਸਰੀ, ਕਮਿਊਨਿਸਟ ਪਾਰਟੀ ਦੇ ਜਿਲ੍ਹਾ ਸਕੱਤਰ ਕੁਲਦੀਪ ਭੋਲਾ ਅਤੇ ਸਰਵ ਭਾਰਤ ਨੌਜਵਾਨ ਸਭਾ ਦੇ ਸੂਬਾ ਸਕੱਤਰ ਸੁਖਜਿੰਦਰ ਮਹੇਸਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਵਿੱਚ ਮੋਦੀ ਸਰਕਾਰ ਵੱਲੋਂ ਵਿੱਦਿਆ ਅਤੇ ਰੁਜ਼ਗਾਰ ਮੰਗਦਿਆਂ ਨੂੰ ਕੁੱਟਿਆ ਜਾ ਰਿਹਾ ਤੇ ਆਪਣੀਆਂ ਲੋਕ ਮਾਰੂ ਨੀਤੀਆਂ ਉੱਤੇ ਪਰਦਾ ਪਾਉਣ ਲਈ ਵੱਖ ਵੱਖ ਭਾਈਚਾਰਿਆਂ ਵਿੱਚ ਨਫ਼ਰਤ ਫੈਲਾਉਣ ਦੀ ਰਾਜਨੀਤੀ ਕੀਤੀ ਜਾ ਰਹੀ ਹੈ। ਆਗੂਆਂ ਨੇ ਕਿਹਾ ਹੈ ਦੇਸ਼ ਦੇ ਕਰੋੜਾਂ ਹੱਥਾਂ ਵਿੱਚ ਰੁਜ਼ਗਾਰ ਲਈ ਚੁੱਕੀਆਂ ਡਿਗਰੀਆਂ ਨੂੰ ਸਾਜਿਸ਼ ਤਹਿਤ ਨਜ਼ਰਅੰਦਾਜ਼ ਕਰਕੇ, ਨਾਗਰਿਕਤਾ ਸੋਧ ਕਾਨੂੰਨ ਅਧੀਨ ਪ੍ਰਮਾਣ ਪੱਤਰ ਮੰਗੇ ਜਾ ਰਹੇ। ਇਸ ਮੌਕੇ ਸੰਬੋਧਨ ਕਰਦਿਆਂ ਪਾਰਟੀ ਦੇ ਬਲਾਕ ਨਿਹਾਲ ਸਿੰਘ ਵਾਲਾ ਦੇ ਸਕੱਤਰ ਜਗਜੀਤ ਸਿੰਘ ਧੂੜਕੋਟ, ਜਿਲ੍ਹਾ ਐਗਜੈਕਟਿਵ ਮੈਂਬਰ ਮਹਿੰਦਰ ਸਿੰਘ ਧੂੜਕੋਟ, ਸੁਖਦੇਵ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਬੁਰੀ ਤਰ੍ਹਾਂ ਫੇਲ ਹੈ। ਲੋਕ ਬਿਜਲੀ ਬਿੱਲਾਂ, ਟੋਲ ਟੈਕਸਾਂ, ਬੇਰੁਜ਼ਗਾਰੀ ਤੇ ਮਾਰੂ ਨੀਤੀਆਂ ਦਾ ਸੰਤਾਪ ਭੁਗਤ ਰਹੇ ਹਨ। ਕਿਸਾਨਾਂ-ਮਜਦੂਰਾਂ ਨੂੰ ਕਰਜ਼ੇ ਅਤੇ ਹੋਰ ਮੁਸ਼ਕਿਲਾਂ ਵਿੱਚ ਨਪੀੜਿਆਂ ਜਾ ਰਿਹਾ। ਸਟੇਜ ਤੋਂ ਹਰਭਜਨ ਸਿੰਘ ਬਿਲਾਸਪੁਰ, ਇਕਬਾਲ ਸਿੰਘ ਭਾਗੀਕੇ, ਰਾਮ ਸਿੰਘ ਹਠੂਰ ਵੱਲੋਂ ਇਨਕਲਾਬੀ ਗੀਤ ਗਾਏ ਗਏ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿਕੰਦਰ ਸਿੰਘ ਮਧੇਕੇ, ਮਾਸਟਰ ਰਾਜਿੰਦਰ ਸਿੰਘ, ਗੁਰਦਿੱਤ ਦੀਨਾ, ਕਾਮਰੇਡ ਮਹਿੰਦਰ ਸਿੰਘ ਮੈਂਬਰ ਤਖਤੂਪੁਰਾ ਆਦਿ ਹਾਜਰ ਸਨ। ਜਿਕਰਯੋਗ ਹੈ ਕਿ ਇਸ ਦੋ ਰੋਜ਼ਾ ਸਿਆਸੀ ਕਾਨਫਰੰਸ ਦੇ ਦੂਜੇ ਦਿਨ ਅੱਜ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਬੰਤ ਬਰਾੜ ਅਤੇ ਕੌਮੀ ਕੌਂਸਲ ਮੈਂਬਰ ਕਾਮਰੇਡ ਜਗਰੂਪ ਨੇ ਵਿਸ਼ੇਸ਼ ਤੌਰ ਸੰਬੋਧਨ ਕੀਤਾ ।