ਮੋਗਾ 7 ਨਵੰਬਰ ( ਮਿੰਟੂ ਖੁਰਮੀ) ਅੱਜ ਪੰਜਾਬ ਸਟੂਡੈਂਟਸ ਯੂਨੀਅਨ ਤੇ ਨੌਜਵਾਨ ਭਾਰਤ ਸਭਾ ਵੱਲੋਂ ਰੀਗਲ ਸਿਨੇਮਾ ਗੋਲੀ ਕਾਂਡ ਦੇ ਸ਼ਹੀਦਾਂ ਦੀ ਯਾਦਗਾਰ ਨੂੰ ਸਰਕਾਰ ਵੱਲੋਂ ਕਬਜ਼ਾਉਣ ਖਿਲਾਫ ਅਗਲੇਰੀ ਕਾਰਵਾਈ ਲਈ ਮੀਟਿੰਗ ਕੀਤੀ ਗਈ। ਉਨ੍ਹਾਂ ਐਲਾਨ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ ਮੋਗੇ ਦੀਆਂ ਸਾਰੀਆਂ ਜਨਤਕ ਜਥੇਬੰਦੀਆਂ ਦੀ ਮੀਟਿੰਗ ਬੁਲਾ ਕੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ ਮੀਟਿੰਗ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮੋਹਨ ਸਿੰਘ ਔਲਖ, ਨੌਜਵਾਨ ਭਾਰਤ ਸਭਾ ਦੇ ਇਲਾਕਾ ਕਮੇਟੀ ਸਕੱਤਰ ਕਰਮਜੀਤ ਕੋਟਕਪੂਰਾ,ਸਾਬਕਾ ਪੀ ਐਸ ਯੂ ਆਗੂ ਨਿਰਭੈ ਸਿੰਘ ਢੁੱਡੀਕੇ ਉੱਘੇ ਸਾਹਿਤਕਾਰ ਅਤੇ ਪੀ ਐਸ ਯੂ ਦੇ ਸਾਬਕਾ ਆਗੂ ਡਾਕਟਰ ਸੁਰਜੀਤ ਘੋਲੀਆ ਲੋਕ ਸੰਗਰਾਮ ਮੰਚ ਦੇ ਸੁੂਬਾ ਪ੍ਰਧਾਨ ਤਾਰਾ ਸਿੰਘ ਮੋਗਾ, ਲਾਲ ਸਿੰਘ ਬੱਧਨੀ ਨੇ ਕਿਹਾ ਕਿ ਕਿ ਪਿਛਲੇ ਸਮੇਂ ਦੌਰਾਨ ਸਰਕਾਰ ਦੀਆਂ ਸਾਜ਼ਿਸ਼ਾਂ ਤੋਂ ਪਤਾ ਲੱਗਾ ਹੈ ਕਿ ਸਰਕਾਰ ਰੀਗਲ ਸਿਨੇਮਾ ਨੂੰ ਕਬਜ਼ਾਉਣਾ ਚਾਹੁੰਦੀ ਹੈ, ਪਰ ਜਥੇਬੰਦੀਆਂ ਇਹ ਹਰਗਿਜ਼ ਨਹੀਂ ਹੋਣ ਦੇਣਗੀਆਂ। ਉਨ੍ਹਾਂ ਕਿਹਾ ਕਿ ਇਹ ਵਿਦਿਆਰਥੀ ਲਹਿਰ ਦੇ ਸ਼ਹੀਦਾਂ ਦੀ ਯਾਦਗਾਰ ਹੈ ਅਤੇ ਇੱਥੇ ਕਿਸੇ ਵੀ ਤਰ੍ਹਾਂ ਦੀ ਉਸਾਰੀ ਤੋਂ ਪਹਿਲਾਂ ਵਿਦਿਆਰਥੀ ਜਥੇਬੰਦੀਆਂ ਅਤੇ ਇਲਾਕੇ ਦੇ ਬੁੱਧੀਜੀਵੀ,ਸਾਹਿਤਕਾਰਾਂ,ਸੁਹਿਰਦ ਲੋਕਾਂ ਨੂੰ ਰਾਇ ਕਰਨੀ ਚਾਹੀਦੀ ਹੈ । ਪਰ ਸਰਕਾਰੀ ਧਿਰ ਟਾਲ ਮਟੋਲ ਕਰ ਰਹੀ ਹੈ। ਕਈ ਵਾਰ ਸੰਪਰਕ ਕਰਨ ਦੇ ਬਾਵਜੂਦ ਕਿਸੇ ਸਰਕਾਰ ਦੇ ਨੁਮਾਇੰਦੇ ਨੇ ਉਨ੍ਹਾਂ ਤੱਕ ਪਹੁੰਚ ਨਹੀਂ ਕੀਤੀ , ਜਿਸਤੋਂ ਸਰਕਾਰ ਦੀ ਮਨਸ਼ਾ ਸਾਫ ਜਾਹਿਰ ਹੁੰਦੀ ਹੈ,ਪਰ ਪੰਜਾਬ ਸਟੂਡੈਂਟਸ ਯੂਨੀਅਨ ਦਾ ਇਕ ਸ਼ਾਨਾਮੱਤਾ ਇਤਿਹਾਸ ਹੈ ਤੇ ਆਪਣੇ ਸ਼ਹੀਦਾਂ ਦੀ ਯਾਦਗਾਰ ਨੂੰ ਪੀ ਐੱਸ ਯੂ ਕਦੇ ਵੀ ਹਾਕਮਾਂ ਦੇ ਹੱਥਾਂ ਵਿੱਚ ਦੇਕੇ ਉਹਨਾਂ ਦੇ ਕੋਝੇ ਮਨਸੂਬਿਆਂ ਲਈ ਵਰਤਣ ਨਹੀਂ ਦੇਵੇਗੀ। ਇਸੇ ਲਈ ਪਹਿਲਾਂ ਹੀ ਪ੍ਰਸ਼ਾਸ਼ਨ ਨੂੰ ਇਸ ਬਾਰੇ ਆਗਾਹ ਕੀਤਾ ਜਾ ਚੁੱਕਾ ਹੈ ਤੇ ਨਵੰਬਰ ਦੇ ਅਖੀਰ ਵਿੱਚ ਮੋਗੇ ਦੀਆਂ ਸਾਰੀਆਂ ਜਨਤਕ ਜਥੇਬੰਦੀਆਂ ਦੀ ਮੀਟਿੰਗ ਬੁਲਾਕੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।