ਮੰਡੀਆਂ ਵਿੱਚ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ – ਕੁਲਦੀਪ ਸਿੰਘ ਧਾਲੀਵਾਲ   

ਦਾਣਾ ਮੰਡੀ ਧਰਮਕੋਟ ਵਿਖੇ ਝੋਨੇ ਦੀ ਫਸਲ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ    

 

ਕੋਟ ਈਸੇ ਖਾਂ 2 ਅਕਤੂਬਰ (ਜਗਰਾਜ ਸਿੰਘ ਗਿੱਲ) – ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਝੋਨੇ ਦੀ ਸਰਕਾਰੀ ਖਰੀਦ ਦੀ ਸ਼ੁਰੂਆਤ ਸਮੁੱਚੇ ਪੰਜਾਬ ਦੀਆਂ ਮੰਡੀਆਂ ਵਿਚ ਕਰਵਾਈ ਜਾ ਰਹੀ ਹੈ ਜਿਸ ਦੇ ਅਧੀਨ ਅੱਜ ਪੇਂਡੂ ਵਿਕਾਸ ਤੇ ਪੰਚਾਇਤ, ਖੇਤੀਬਾੜੀ ਮੰਤਰੀ ਸ੍ਰ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਦੇ ਨਾਲ ਦਾਣਾ ਮੰਡੀ ਧਰਮਕੋਟ ਵਿੱਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ ਗਈ।

ਇਸ ਮੌਕੇ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਸਾਡੀ ਸਰਕਾਰ ਵੱਲੋਂ ਕਿਸਾਨਾਂ ਦੀ ਫਸਲ ਦਾ ਦਾਣਾ ਦਾਣਾ ਖਰੀਦ ਕੀਤਾ ਜਾਵੇਗਾ ਅਤੇ ਕਿਸਾਨਾਂ ਨੂੰ ਮੰਡੀਆਂ ਵਿਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦੀ ਅਦਾਇਗੀ ਵੀ ਨਾਲੋਂ ਨਾਲ ਕੀਤੀ ਜਾਵੇਗੀ ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਖ਼ਰੀਦ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਮੰਡੀਆਂ ਵਿੱਚ ਝੋਨੇ ਦੀ ਖਰੀਦ ਦੇ ਪ੍ਰਬੰਧ ਮੁਕੰਮਲ ਹੋ ਚੁੱਕੇ ਹਨ ਅਤੇ ਮੰਡੀਆਂ ਵਿੱਚ ਬਿਜਲੀ, ਪਾਣੀ ਅਤੇ ਸਫ਼ਾਈ ਦੇ ਪ੍ਰਬੰਧ ਮੁਕੰਮਲ ਹਨ। ਉਹਨਾਂ ਕਿਹਾ ਕਿ ਖਰੀਦੇ ਝੋਨੇ ਦੀ ਲਿਫਟਿੰਗ ਵੀ ਨਾਲੋਂ ਨਾਲ ਕੀਤੀ ਜਾਵੇਗੀ। ਜੇਕਰ ਕਿਸਾਨਾਂ ਨੂੰ ਮੰਡੀਆਂ ਵਿਚ ਕਿਸੇ ਤਰ੍ਹਾਂ ਦੀ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਤੁਰੰਤ ਅਧਿਕਾਰੀਆਂ ਨਾਲ ਸੰਪਰਕ ਕਰਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀ ਵਿੱਚ ਸੁੱਕਾ ਝੋਨਾ ਹੀ ਲੈ ਕੇ ਆਉਣ।

ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪਰਾਲੀ ਦੀ ਸਮੱਸਿਆ ਨੂੰ ਲੈ ਕੇ ਸਾਡੀ ਸਰਕਾਰ ਗੰਭੀਰ ਹੈ ਅਤੇ ਪੰਜਾਬ ਦੀਆਂ ਵੱਖ ਵੱਖ ਯੂਨੀਵਰਸਿਟੀਆਂ ਨੂੰ ਨਾਲ ਲੈ ਕੇ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕਰਨ ਲਈ ਕੰਪੇਨ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਕ ਲੱਖ 22 ਹਜ਼ਾਰ ਸੁਪਰ ਸੀਡਰ ਹੈਪੀਸੀਡਰ ਦਿੱਤੇ ਜਾ ਰਹੇ ਹਨ ਕਿਉਂਕਿ ਪਰਾਲੀ ਨੂੰ ਅੱਗ ਲਾਉਣ ਕਾਰਨ ਧੂੰਏਂ ਦੀ ਸਮੱਸਿਆ ਮਨੁੱਖੀ ਜ਼ਿੰਦਗੀ ਨੂੰ ਕਈ ਬੀਮਾਰੀਆਂ ਦੀ ਜਕੜ ਵਿੱਚ ਲਿਆਉਂਦੀ ਹੈ।

ਸਾਡੀ ਸਰਕਾਰ ਇਸ ਮੁੱਦੇ ਨੂੰ ਲੈ ਕੇ ਬਹੁਤ ਗੰਭੀਰ ਹੈ ਅਤੇ ਛੋਟੇ ਕਿਸਾਨਾਂ ਨੂੰ ਵੀ ਇਹ ਹੈਪੀਸੀਡਰ ਸੁਪਰਸੀਡਰ ਬਲਾਕਾਂ ਵਿੱਚੋਂ ਮੁਹੱਈਆ ਕਰਵਾਏ ਜਾਣਗੇ।

ਇਸ ਮੌਕੇ ਤੇ ਮੰਡੀਆਂ ਵਿਚ ਅਵਾਰਾ ਪਸ਼ੂਆਂ ਦੀ ਸਮੱਸਿਆ ਸਬੰਧੀ ਉਨ੍ਹਾਂ ਤੁਰੰਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਦਾ ਤੁਰੰਤ ਹੱਲ ਕੀਤਾ ਜਾਵੇ ਇਸ ਮੌਕੇ ਉਨ੍ਹਾਂ ਨਾਲ ਦਵਿੰਦਰਜੀਤ ਸਿੰਘ ਲਾਡੀ ਵਿਧਾਇਕ ਹਲਕਾ ਧਰਮਕੋਟ, ਅਮਨਪ੍ਰੀਤ ਸਿੰਘ ਡਿਪਟੀ ਜ਼ਿਲ੍ਹਾ ਮੰਡੀ ਅਫ਼ਸਰ ਮੋਗਾ, ਡਾ ਜਸਪ੍ਰੀਤ ਸਿੰਘ ਸੈਕਟਰੀ ਮਾਰਕੀਟ ਕਮੇਟੀ ਧਰਮਕੋਟ, ਹਰਮਨਜੀਤ ਸਿੰਘ ਬਰਾੜ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ, ਰਵੀ ਗਿੱਲ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਯੂਥ ਵਿੰਗ ਤੋਂ ਇਲਾਵਾ ਵੱਡੀ ਗਿਣਤੀ ਵਿਚ ਮੰਡੀ ਦੇ ਆੜ੍ਹਤੀ ਹਾਜ਼ਰ ਸਨ

Leave a Reply

Your email address will not be published. Required fields are marked *