ਮੋਗਾ (ਢੁੱਡੀਕੇ) 07 ਸਤੰਬਰ (ਜਗਰਾਜ ਗਿੱਲ ਗੁਰਪ੍ਰਸਾਦ ਸਿੱਧੂ)
ਹੋਮਿੳਪੈਥੀ ਵਿਭਾਗ ਪੰਜਾਬ ਦੇ ਜੁਆਇੰਟ ਡਾਇਰੈਕਟਰ ਡਾ. ਬਲਿਹਾਰ ਸਿੰਘ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਜਿਲ੍ਹਾ ਹੋਮਿੳਪੈਥੀ ਅਫਸਰ ਡਾ. ਕੁਲਬੀਰ ਸਿੰਘ ਅਤੇ ਸੀਨੀਅਰ ਮੈਡੀਕਲ ਅਫਸਰ ਢੁੱਡੀਕੇ ਡਾ. ਨੀਲਮ ਭਾਟੀਆ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਅੱਜ ਸਿਹਤ ਬਲਾਕ ਢੁੱਡੀਕੇ ਵਿਖੇ ਡਾ. ਇੰਦਰਦੀਪ ਕੌਰ ਵੱਲੋਂ ਸੰਤੁਲਿਤ ਆਹਾਰ ਹਫ਼ਤਾ ਤਹਿਤ ਸਟਾਫ ਮੈਂਬਰਾਂ ਅਤੇ ਮਰੀਜਾਂ ਨੂੰ ਬਿਮਾਰੀਆਂ ਤੋਂ ਬਚਾਅ ਲਈ ਸੰਤੁਲਿਤ ਖੁਰਾਕ ਖਾਣ ਸਬੰਧੀ ਜਾਗਰੂਕ ਕੀਤਾ ਗਿਆ ।
ਇਸ ਮੌਕੇ ਡਾ. ਨੀਲਮ ਭਾਟੀਆ ਅਤੇ ਡਾ. ਇੰਦਰਦੀਪ ਕੌਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਾਡੇ ਸਰੀਰ ਨੂੰ ਭਿਆਨਕ ਬਿਮਾਰੀਆਂ ਤੋਂ ਬਚਾਅ ਲਈ ਸੰਤੁਲਿਤ ਅਹਾਰ ਅਤੇ ਵਧੀਆ ਤਣਾਅ ਮੁਕਤ ਜੀਵਨਸ਼ੈਲੀ ਦੀ ਲੋੜ ਹੈ ।ਸੰਤੁਲਿਤ ਭੋਜਨ ਤੋਂ ਬਿਨਾ ਸਾਡੇ ਸਰੀਰ ਨੂੰ ਸਾਫ ਸਫਾਈ ਦੀ ਲੋੜ ਹੈ ਸੋ ਸਰੀਰ ਦੀ ਸਾਫ ਸਫਾਈ ਦਾ ਖਿਆਲ ਰੱਖਦੇ ਹੋਏ ਖਾਣਾ ਖਾਣ ਤੋਂ ਪਹਿਲਾਂ ਅਤੇ ਪਾਖਾਨਾ ਜਾਣ ਤੋਂ ਬਾਅਦ ਹੱਥਾਂ ਨੂੰ ਸਾਬਣ ਨਾਲ ਧੋਣਾ ਅਤਿ ਜਰੂਰੀ ਹੈ ।
ਡਾ. ਇੰਦਰਦੀਪ ਕੌਰ ਨੇ ਕਿਹਾ ਕਿ ਗਰਭਵਤੀ ਔਰਤ ਅਤੇ ਛੋਟੇ ਬੱਚਿਆਂ ਨੂੰ ਸੰਤੁਲਿਤ ਆਹਾਰ ਦੀ ਬਹੁਤ ਲੋੜ ਹੁੰਦੀ ਹੈ ਸੋ ਗਰਭਵਤੀ ਔਰਤਾਂ ਨੂੰ ਡਾਕਟਰ ਦੇ ਕਹੇ ਅਨੁਸਾਰ ਆਪਣੇ ਭੋਜਨ ਵਿੱਚ ਜਰੂਰੀ ਖਣਿਜ ਪਦਾਰਥਾਂ ਵਾਲਾ ਖਾਣਾ ਸ਼ਾਮਲ ਕਰਨਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਇਹ ਜਰੂਰੀ ਨਹੀਂ ਕਿ ਮਹਿੰਗੇ ਖਾਦ ਪਦਾਰਥ ਜਾਂ ਫਲ ਹੀ ਖਾਦੇ ਜਾਣ, ਭੁੱਜੇ ਛੋਲੇ ਤੇ ਗੁੜ ਵਿੱਚ ਵੀ ਭਰਪੂਰ ਮਾਤਰਾ ਵਿੱਚ ਪ੍ਰੋਟੀਨ ਅਤੇ ਆਇਰਨ ਪਾਇਆ ਜਾਂਦਾ ਹੈ ।
ਇਸ ਮੌਕੇ ਸ਼੍ਰੀ ਰਾਜ ਕੁਮਾਰ ਫਾਰਮਾਸਿਸਟ ਨੇ ਦੱਸਿਆ ਕਿ ਪੋਸ਼ਣ ਅਭਿਆਨ ਪ੍ਰੋਗਰਾਮ ਦੀ ਸ਼ੁਰੂਆਤ ਮਾਰਚ, 2018 ਵਿਚ ਕੀਤੀ ਗਈ ਸੀ, ਜਿਸ ਰਾਹੀਂ ਫੂਡ ਅਤੇ ਨਿਊਟ੍ਰੀਸ਼ਨ, ਟੀਕਾਕਰਨ, ਸੰਸਥਾਗਤ ਜਣੇਪੇ, ਵਾਟਰ ਸੈਨੀਟੇਸ਼ਨ ਅਤੇ ਸਾਫ਼-ਸਫ਼ਾਈ, ਡੀਵਾਰਮਿੰਗ, ਓ.ਆਰ.ਐਸ ਅਤੇ ਜ਼ਿੰਕ, ਅਡੋਲਸੈਂਟ ਨਿਊਟ੍ਰੀਸ਼ਨ, ਅਰਲੀ ਚਾਈਲਡ ਹੁੱਡ ਕੇਅਰ ਅਤੇ ਸਿੱਖਿਆ ਉੱਪਰ ਜ਼ੋਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੋਸ਼ਣ ਅਭਿਆਨ ਹਰ ਸਾਲ ਸਤੰਬਰ ਮਹੀਨੇ ਮਨਾਇਆ ਜਾਂਦਾ ਹੈ। ਇਸ ਦਾ ਮੁੱਖ ਮੰਤਵ ਬੱਚਿਆਂ ਵਿਚ ਕੁਪੋਸ਼ਣ ਅਤੇ ਬੌਣੇਪਣ ਤੋਂ ਬਚਾਅ ਕਰਨਾ, ਕੁਪੋਸ਼ਣ/ ਘੱਟ ਭਾਰ ਵਾਲੇ 0 ਤੋਂ 6 ਸਾਲ ਤੱਕ ਦੇ ਬੱਚਿਆਂ ਦੀ ਸਿਹਤ ਵਿਚ ਸੁਧਾਰ ਕਰਨਾ, 6 ਮਹੀਨੇ ਤੋਂ 59 ਮਹੀਨੇ ਤੱਕ ਦੇ ਬੱਚਿਆਂ ਵਿਚ ਅਨੀਮੀਆ ਗ੍ਰਸਤ ਬੱਚਿਆਂ ਦੀ ਸਿਹਤ ਵਿਚ ਸੁਧਾਰ ਕਰਨਾ, 15 ਤੋਂ 49 ਸਾਲ ਤੱਕ ਦੀਆਂ ਬੱਚੀਆਂ ਅਤੇ ਔਰਤਾਂ ਅਨੀਮੀਆ ‘ਤ ਕੰਟਰੋਲ ਕਰਨਾ, ਘੱਟ ਭਾਰ ਵਾਲੇ ਬੱਚਿਆਂ ਦੇ ਜਨਮ ਦੀ ਗਿਣਤੀ ‘ਚ ਸੁਧਾਰ ਕਰਨਾ ਹੈ ।