ਤੋਤੇ ਵਾਂਗੂੰ ‘ਨਾਨਕ’ ‘ਨਾਨਕ’ ‘ਨਾਨਕ’ ਰਟਦੇ ਨੇ।
ਤੇਰੀ ਕਿਰਤ ‘ਅਮੁੱਲੀ’ ਦਾ ਹੁਣ, ਇਹ ਮੁੱਲ ਵੱਟਦੇ ਨੇ।
ਤੇਰੇ ਨਾਂ ‘ਤੇ ਡਾੱਲਰ, ਪੌਂਡ ਕਮਾਈ ਜਾਂਦੇ ਨੇ।
ਤੇਰੀ ਸਿੱਖਿਆ ਤੇਰੇ ‘ਸਿੱਖ’ ਭੁਲਾਈ ਜਾਂਦੇ ਨੇ….
‘ਪੜ੍ਹਦੇ’ ਨਹੀਂ, ਦਹੁਰਾਉਂਦੇ ਨੇ ਬਸ ਤੇਰੀ ਬਾਣੀ ਨੂੰ,
‘ਚਰਨਾਮ੍ਰਿਤ’ ਕਹਿ ਪੀ ਜਾਂਦੇ ਠੱਗਾਂ ਦੇ ਪਾਣੀ ਨੂੰ,
ਖ਼ੁਦ ਨੂੰ ਫੇਰ ਪਾਖੰਡੀਆਂ ਦੇ ਲੜ ਲਾਈ ਜਾਂਦੇ ਨੇ।
ਤੇਰੀ ਸਿੱਖਿਆ, ਤੇਰੇ ‘ਸਿੱਖ’ ਭੁਲਾਈ ਜਾਂਦੇ ਨੇ ….
ਬਿਰਖ ਝੂਮਦੇ ਹੋਣੇ, ਤੂੰ ਜਦ ਗਾਉਂਦਾ ਸੀ ਬਾਬਾ!
ਕੁਦਰਤ ਤੈਨੂੰ, ਤੂੰ ਕੁਦਰਤ ਨੂੰ ਚਾਹੁੰਦਾ ਸੀ ਬਾਬਾ!
ਇਹ ਕੁਦਰਤ ਦੇ ਸੰਗ ਹੀ ਵੈਰ ਕਮਾਈ ਜਾਂਦੇ ਨੇ।
ਤੇਰੀ ਸਿੱਖਿਆ ਤੇਰੇ ‘ਸਿੱਖ’ ਭੁਲਾਈ ਜਾਂਦੇ ਨੇ…
ਤੂੰ ਤਾਂ ਮੋਹਰ ਲਗਾਈ ਸੀ ‘ਲਾਲੋ’ ਦੀ ਰੋਟੀ ‘ਤੇ,
ਇਹ ਖੌਰੇ ਕਿਉਂ ਧਿਜ ਗਏ ਨੇ ‘ਭਾਗੋ’ ਦੀ ਬੋਟੀ ‘ਤੇ,
‘ਭਾਗੋ’ ਤੇਰੇ ਨਾਂ ‘ਤੇ ਹੱਟ ਚਲਾਈ ਜਾਂਦੇ ਨੇ।
ਤੇਰੀ ਸਿੱਖਿਆ, ਤੇਰੇ ਸਿੱਖ ਭੁਲਾਈ ਜਾਂਦੇ ਨੇ।….
ਤੂੰ ਹੀ ਦੱਸ, ਤੂੰ ਬਾਬਾ! ਮੱਕਾ ਕਦੋਂ ਘੁਮਾਇਆ ਸੀ?
ਤਰਕ ਨਾਲ਼ ਬਸ ਤੂੰ ਤਾਂ ਕਾਜ਼ੀ ਨੂੰ ਸਮਝਾਇਆ ਸੀ,
ਸੱਚ ਨੂੰ ਫੋਕੀ ਸ਼ਰਧਾ ਹੇਠ ਦਬਾਈ ਜਾਂਦੇ ਨੇ।
ਤੇਰੀ ਸਿੱਖਿਆ ਤੇਰੇ ‘ਸਿੱਖ’ ਭੁਲਾਈ ਜਾਂਦੇ ਨੇ…..
ਮੱਝਾਂ ਵਾਂਗੂੰ ਤੈਂਡੜੀਆਂ ਵੀ ਮੱਝੀਆਂ ਚਰੀਆਂ ਸੀ।
ਕਿਹੜੇ ਸ਼ੇਸ਼ਨਾਗ ਨੇ ਤੈਨੂੰ ਛਾਵਾਂ ਕਰੀਆਂ ਸੀ?
ਫੋਟੋ ਦੇ ਵਿੱਚ ਤੈਨੂੰ ਕ੍ਰਿਸ਼ਨ ਬਣਾਈ ਜਾਂਦੇ ਨੇ।
ਤੇਰੀ ਸਿੱਖਿਆ, ਤੇਰੇ ‘ਸਿੱਖ’ ਭੁਲਾਈ ਜਾਂਦੇ ਨੇ……
ਤੇਰੇ ਰਾਹ ਵਿੱਚ ਕਿਹੜਾ ਕੌਡਾ ‘ਰਾਕਸ਼’ ਆਇਆ ਸੀ?
ਉਹ ਸੀ ‘ਮਾਨਵ’, ਜੋ ਤੂੰ ਸਿੱਧੇ ਰਾਹੇ ਪਾਇਆ ਸੀ।
ਬੱਚਿਆਂ ਨੂੰ ਵੀ ਇਹ ਤਾਂ ‘ਝੂਠ’ ਪੜ੍ਹਾਈ ਜਾਂਦੇ ਨੇ।
ਤੇਰੀ ਸਿੱਖਿਆ, ਤੇਰੇ ਸਿੱਖ ਭੁਲਾਈ ਜਾਂਦੇ ਨੇ।….
ਤੂੰ ਤਾਂ ਭੁੱਖਿਆਂ ਦੇ ਲਈ ਲੰਗਰ ਲਾਉਂਦਾ ਸੀ ਬਾਬਾ!
ਤੂੰ ਕਿਰਤੀ ਸੀ ਤੇ ਕਿਰਤੀ ਨੂੰ ਚਾਹੁੰਦਾ ਸੀ ਬਾਬਾ!
ਤੇਰੀ ਗੋਲਕ ‘ਰੱਜਿਆਂ’ ਕੋਲ਼ ਲੁਟਾਈ ਜਾਂਦੇ ਨੇ।
ਤੇਰੀ ਸਿੱਖਿਆ, ਤੇਰੇ ਸਿੱਖ ਭੁਲਾਈ ਜਾਂਦੇ ਨੇ।….
* ਚਮਨਦੀਪ ਦਿਓਲ
ਪਿੰਡ ਤੇ ਡਾਕ. ਬੇਨੜਾ
ਤਹਿਸੀਲ- ਧੂਰੀ
ਸੰਗਰੂਰ (ਪੰਜਾਬ)
ਮੋਬਾ-98153-33570
Very good
Waheguru