ਮੋਗਾ 27 ਅਗਸਤ (ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ)
ਅੱਜ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੁਭਾਸ਼ ਚੰਦਰ ਨੇ ਪੰਜਾਬ ਹੁਨਰ ਵਿਕਾਸ ਮਿਸ਼ਨ ਮੋਗਾ ਦੀ ਜ਼ਿਲ੍ਹਾ ਪੱਧਰੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਮੀਟਿੰਗ ਵਿੱਚ ਜ਼ਿਲ੍ਹਾ ਮਿਸ਼ਨ ਮੈਨੇਜਮੈਂਟ ਯੁਨਿਟ ਵੱਲੋਂ ਪ੍ਰਗਤੀ ਰਿਪੋਰਟ ਪੇਸ਼ ਕੀਤੀ ਗਈ ਅਤੇ ਆਉਣ ਵਾਲੇ ਸਮੇਂ ਵਿੱਚ ਸ਼ੁਰੂ ਕੀਤੇ ਜਾਣ ਵਾਲ ਕੋਰਸਾਂ ਬਾਰੇ ਚਰਚਾ ਕੀਤੀ। ਕਮੇਟੀ ਵੱਲੋਂ ਚੱਲ ਰਹੇ ਅਤੇ ਭਵਿੱਖ ਵਿੱਚ ਕਰਵਾਏ ਜਾਣ ਵਾਲੇ ਆਧੁਨਿਕ ਕੋਰਸਾਂ ਸਬੰਧੀ ਵੀ ਚਰਚਾ ਕੀਤੀ ਗਈ। ਮੀਟਿੰਗ ਵਿੱਚ ਪੁਸ਼ਰਾਜ ਝਾਜਰਾ ਵੱਲੋਂ ਪਿਛਲੇ ਸਾਲਾਂ ਵਿੱਚ ਹੋਈ ਟ੍ਰੇਨਿੰਗ ਅਤੇ ਪਲੇਸਮੈਂਟ ਦੀ ਰਿਪੋਰਟ ਪੇਸ਼ ਕੀਤੀ ਗਈ।
ਮੀਟਿੰਗ ਵਿੱਚ ਕਮੇਟੀ ਨੇ ਦੱਸਿਆ ਕਿ ਵਰਤਮਾਨ ਸਮੇਂ ਏਮਜ਼ ਬਠਿੰਡਾ ਵਿਖੇ ਸ਼ੁਰੂ ਹੋਣ ਵਾਲੇ ਸਕਿੱਲ ਟ੍ਰੇਨਿੰਗ ਕੋਰਸ ਲਈ ਜੀ.ਐਨ.ਐਮ. ਅਤੇ ਬੀ.ਐਸ.ਸੀ. ਪਾਸ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਭਾਰਤ ਸਰਕਾਰ ਦੀ ਅੰਤਰਰਾਸ਼ਟਰੀ ਕੰਪਨੀ ਮਾਈਕਰੋਸਾਫ਼ਟ ਨਾਲ ਮਿਲ ਕੇ ਸ਼ੁਰੂ ਕੀਤੇ ਜਾ ਰਹੇ ਟ੍ਰੇਨਿੰਗਿ ਪ੍ਰੋਗਰਾਮ ਲਈ ਵੀ ਬੇਰੋਜ਼ਗਾਰ ਔਰਤਾਂ ਨਾਮ ਦਰਜ ਕਰਵਾ ਸਕਦੀਆਂ ਹਨ।
ਮੀਟਿੰਗ ਵਿੱਚ ਹਾਜ਼ਰ ਜ਼ਿਲ੍ਹਾ ਇੰਚਾਰਜ ਸਕਿੱਲ ਮੈਨੇਜਮੈਂਟ ਯੁਨਿਟ ਮਨਪ੍ਰੀਤ ਕੌਰ ਨੇ ਦੱਸਿਆ ਕਿ ਜਿੰਨ੍ਹਾਂ ਪਰਿਵਾਰਾਂ ਦੇ ਲੇਬਰ ਕਾਰਡ (ਬੀ.ਓ.ਸੀ.ਡਬਲਿਊ. ਕਾਰਡ) ਬਣੇ ਹੋਏ ਹਨ, ਉਨ੍ਹਾਂ ਪਰਿਵਾਰਾਂ ਦੇ ਬੱਚਿਆਂ ਨੂੰ ਸਕਿੱਲ ਟ੍ਰੇਨਿੰਗ ਲੈਣ ਸਮੇਂ ਸਕੀਮ ਵਿੱਚ ਮਿਲਣ ਵਾਲੇ ਲਾਭਾਂ ਤੋਂ ਇਲਾਵਾ 2500 ਰੁਪਏ ਪ੍ਰਤੀ ਮਹੀਨਾ ਇੱਕ ਸਾਲ ਤੱਕ ਦਿੱਤਾ ਜਾਵੇਗਾ। ਇਸ ਮੌਕੇ ਹਾਜ਼ਰ ਸਹਾਇਕ ਲੇਬਰ ਕਮਿਸ਼ਨਰ ਨੇ ਲੇਬਰ ਕਾਰਡ ਧਾਰਕਾਂ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿਵਾਇਆ।
ਵਧੀਕ ਡਿਪਟੀ ਕਮਿਸ਼ਨਰ ਨੇ ਮੀਟਿੰਗ ਜਰੀਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਰਟੀਫਿਸ਼ੀਅਲ ਇੰਟੈਲੀਜੈਂਸੀ ਕੋਰਸ ਵੀ ਸ਼ੁਰੂ ਕੀਤਾ ਗਿਆ ਹੈ, ਜਿਸ ਲਈ ਬਾਰਵ੍ਹੀਂ ਨਾਨ ਮੈਡੀਕਲ ਹਿਸਾਬ ਵਿਸ਼ੇ ਨਾਲ ਪਾਸ ਕਰਨ ਵਾਲੇ ਉਮੀਦਵਾਰ ਯੋਗ ਹੋਣਗੇ। ਉਨ੍ਹਾਂ ਮੀਟਿੰਗ ਵਿੱਚ ਰੈੱਡ ਕਰਾਸ ਨੂੰ ਟ੍ਰੇਨਿੰਗ ਪਾਰਟਨਰ ਵਜੋਂ ਸਥਾਪਿਤ ਕਰਨ ਲਈ ਵੀ ਵਿਚਾਰ ਵਟਾਂਦਰਾ ਕੀਤਾ।
ਮੀਟਿੰਗ ਵਿੱਚ ਪ੍ਰਿੰਸੀਪਲ ਸਰਕਾਰੀ ਆਈ.ਟੀ.ਆਈ. ਮੋਗਾ ਸ਼ਿਲਪਾ, ਜ਼ਿਲ੍ਹਾ ਭਲਾਈ ਅਫ਼ਸਰ ਹਰਪਾਲ ਸਿੰਘ, ਜ਼ਿਲ੍ਹਾ ਉਦਯੋਗ ਕੇਂਦਰ ਦੇ ਬੀ.ਐਲ.ਈ.ਓ. ਨਿਰਮਲ ਸਿੰਘ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮੋਗਾ ਪ੍ਰਭਦੀਪ ਸਿੰਘ, ਐਨ.ਆਰ.ਐਲ.ਐਮ. ਤੋਂ ਬਲਜਿੰਦਰ ਸਿੰਘ, ਗੌਰਵ ਕੁਮਾਰ ਡਾਇਰੈਕਟਰ ਆਰਸੇਟੀ, ਰੋਜ਼ਗਾਰ ਦਫ਼ਤਰ ਤੋਂ ਸੋਨੀਆ ਬਾਜਵਾ ਆਦਿ ਹਾਜ਼ਰ ਸਨ।