ਵੱਖ ਵੱਖ ਸਮਾਗਮ ਦੌਰਾਨ 4200 ਲਾਭਪਾਤਰੀਆਂ ਨੂੰ 63 ਲੱਖ ਰੁਪਏ ਤੋਂ ਵਧੇਰੇ ਦੇ ਚੈੱਕ ਵੰਡੇ
ਬਾਕੀ ਲਾਭਪਾਤਰੀਆਂ ਦੀ ਰਾਸ਼ੀ ਜਾਵੇਗੀ ਉਹਨਾਂ ਦੇ ਬੈਂਕ ਖਾਤਿਆਂ ਵਿੱਚ – ਡਿਪਟੀ ਕਮਿਸ਼ਨਰ
ਮੋਗਾ, 31 ਅਗਸਤ
(ਜਗਰਾਜ ਸਿੰਘ ਗਿੱਲ,ਮਨਪ੍ਰੀਤ ਮੋਗਾ ਗੁਰਪ੍ਰਸਾਦ ਸਿੱਧੂ)
ਪੰਜਾਬ ਸਰਕਾਰ ਵੱਲੋਂ ਸਮਾਜਿਕ ਸੁਰੱਖਿਆ ਪੈਨਸ਼ਨ ਵਿੱਚ ਕੀਤੇ ਗਏ ਵਾਧੇ ਦਾ ਜ਼ਿਲ੍ਹਾ ਮੋਗਾ ਦੇ 1 ਲੱਖ 202 ਲਾਭਪਾਤਰੀਆਂ ਨੂੰ ਲਾਭ ਮਿਲੇਗਾ। ਇਹ ਜਾਣਕਾਰੀ ਅੱਜ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਨੇ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਹੋਏ ਜ਼ਿਲ੍ਹਾ ਪੱਧਰੀ ਪੈਨਸ਼ਨ ਵੰਡ ਸਮਾਗਮ ਦੌਰਾਨ ਸਾਂਝੀ ਕੀਤੀ। ਇਸ ਮੌਕੇ ਐੱਸ ਡੀ ਐੱਮ ਮੋਗਾ ਸ੍ਰ ਸਤਵੰਤ ਸਿੰਘ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਸ੍ਰ ਗੁਰਬੀਰ ਸਿੰਘ ਕੋਹਲੀ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਮਿਸ ਰਾਜ ਕਿਰਨ ਕੌਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ੍ਰ ਪ੍ਰਭਦੀਪ ਸਿੰਘ ਨੱਥੋਵਾਲ ਅਤੇ ਕਈ ਲਾਭਪਾਤਰੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਵਿੱਚ ਕੁੱਲ 1 ਲੱਖ 202 ਲਾਭਪਾਤਰੀਆਂ ਨੂੰ 15 ਕਰੋੜ 3 ਲੱਖ 3 ਹਜ਼ਾਰ ਰੁਪਏ ਦੀ ਰਾਸ਼ੀ ਵੰਡੀ ਜਾਣੀ ਹੈ ਜਿਹਨਾਂ ਵਿੱਚੋਂ ਅੱਜ ਵੱਖ ਵੱਖ 8 ਸਮਾਗਮਾਂ ਦੌਰਾਨ 4200 ਲਾਭਪਾਤਰੀਆਂ ਨੂੰ 63 ਲੱਖ ਰੁਪਏ ਤੋਂ ਵਧੇਰੇ ਦੇ ਚੈੱਕ ਵੰਡੇ ਗਏ। ਇਹਨਾਂ ਲਾਭਪਾਤਰੀਆਂ ਵਿੱਚ 69866 ਬੁਢਾਪਾ ਪੈਨਸ਼ਨ ਲਾਭਪਾਤਰੀਆਂ ਨੂੰ 10 ਕਰੋੜ 47 ਲੱਖ 99 ਹਜ਼ਾਰ ਰੁਪਏ, 17352 ਵਿਧਵਾ ਪੈਨਸ਼ਨ ਲਾਭਪਾਤਰੀਆਂ ਨੂੰ 2 ਕਰੋੜ 60 ਲੱਖ 28 ਹਜ਼ਾਰ, 4702 ਆਸ਼੍ਰਿਤ ਬੱਚਿਆਂ ਦੀ ਪੈਨਸ਼ਨ ਲਾਭਪਾਤਰੀਆਂ ਨੂੰ 70 ਲੱਖ 53 ਹਜ਼ਾਰ, 8282 ਦੀਵਿਆਂਗ ਜਨ ਪੈਨਸ਼ਨ ਲਾਭਪਾਤਰੀਆਂ ਨੂੰ 1 ਕਰੋੜ 24 ਲੱਖ 23 ਹਜ਼ਾਰ ਰੁਪਏ ਵੰਡੇ ਜਾਣੇ ਹਨ।
ਸ਼੍ਰੀ ਹੰਸ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਮਾਜਿਕ ਸੁਰੱਖਿਆ ਪੈਨਸ਼ਨ ਨੂੰ ਦੁੱਗਣਾ ਕਰ ਦਿੱਤਾ ਹੈ ਜੌ ਕਿ ਇਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਇਸ ਨਾਲ ਲਾਭਪਾਤਰੀ ਨਾ ਕੇਵਲ ਸਨਮਾਨਜਨਕ ਸਮਾਜਿਕ ਜੀਵਨ ਜੀਅ ਸਕਣਗੇ ਉਥੇ ਆਰਥਿਕ ਤੌਰ ਉੱਤੇ ਵੀ ਤਰੱਕੀ ਕਰ ਸਕਣਗੇ। ਉਹਨਾਂ ਕਿਹਾ ਕਿ ਲਾਭਪਾਤਰੀਆਂ ਨੂੰ ਇਹ ਪੈਨਸ਼ਨ ਸਿੱਧੀ ਤੌਰ ਉੱਤੇ ਉਹਨਾਂ ਦੇ ਖਾਤਿਆਂ ਵਿੱਚ ਜਮ੍ਹਾਂ ਹੋਇਆ ਕਰੇਗੀ। ਉਹਨਾਂ ਕਿਹਾ ਕਿ ਜੇਕਰ ਕਿਸੇ ਵੀ ਲਾਭਪਾਤਰੀ ਨੂੰ ਪੈਨਸ਼ਨ ਲੈਣ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਪੇਸ਼ ਆਉਂਦੀ ਹੈ ਤਾਂ ਉਹ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਦੇ ਦਫ਼ਤਰ ਨਾਲ ਰਾਬਤਾ ਬਣਾ ਸਕਦਾ ਹੈ। ਇਸ ਮੌਕੇ ਹਾਜ਼ਰ ਲਾਭਪਾਤਰੀਆਂ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਹੈ।