ਪਿੰਡ ਜਨੇਰ ਦਾ ਕਿਸਾਨ ਗੁਰਸੇਵਕ ਸਿੰਘ ਪਿਛਲੇ 5 ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਬਿਨ੍ਹਾਂ ਜਲਾਏ ਕਰ ਰਿਹੈ 20 ਏਕੜ ਦੀ ਖੇਤੀ

ਪਰਾਲੀ ਸਾੜੇ ਬਿਨਾਂ ਖੇਤੀ ਕਰਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਣ ਨਾਲ ਕਣਕ ਦੀ ਝਾੜ ਵਿੱਚ ਵੀ ਹੁੰਦਾ ਵਾਧਾ-ਕਿਸਾਨ ਗੁਰਸੇਵਕ ਸਿੰਘ

ਡਿਪਟੀ ਕਮਿਸ਼ਨਰ ਵੱਲੋਂ ਕਿਸਾਨ ਦੀ ਸ਼ਲਾਘਾ, ਹੋਰਾਂ ਕਿਸਾਨਾਂ ਨੂੰ ਵੀ ਸੇਧ ਲੈਣ ਦੀ ਕੀਤੀ ਅਪੀਲ

ਮੋਗਾ, 18 ਅਕਤੂਬਰ  ਜਗਰਾਜ ਸਿੰਘ ਗਿੱਲ 

ਅਜੋਕੇ ਸਮੇਂ ਵਿੱਚ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਸਾਰੇ ਵਰਗਾਂ ਦੇ ਲੋਕਾਂ ਦਾ ਸਹਿਯੋਗ ਜਰੂਰੀ ਹੈ, ਪ੍ਰੰਤੂ ਕਿਸਾਨ ਇਸ ਵਿੱਚ ਇੱਕ ਅਹਿਮ ਭੂਮਿਕਾ ਨਿਭਾਅ ਸਕਦੇ ਹਨ ਤੇ ਵੱਡੀ ਗਿਣਤੀ ਵਿੱਚ ਕਿਸਾਨ ਹੁਣ ਵਾਤਾਵਰਨ ਪੱਖੀ ਖੇਤੀਬਾੜੀ ਸੰਦਾਂ ਦੀ ਵਰਤੋਂ ਕਰਕੇ ਵਾਤਾਵਰਨ ਸ਼ੁੱਧਤਾ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਦੇ ਵੀ ਰਹੇ ਹਨ ਕਿਉਂਕਿ ਇਹਨਾਂ ਨਾਲ ਪਰਾਲੀ ਦੇ ਨਾੜ  ਜਾਂ ਹੋਰ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਦੀ ਜਰੂਰਤ ਨਹੀਂ ਰਹਿੰਦੀ ਅਤੇ ਵਾਤਾਵਰਨ ਪੱਖੀ ਖੇਤੀਬਾੜੀ ਸੰਭਵ ਹੁੰਦੀ ਹੈ।

ਇਹਨਾਂ ਕਿਸਾਨਾਂ ਦੀ ਸੂਚੀ ਵਿੱਚ ਇੱਕ ਨਾਮ ਜ਼ਿਲ੍ਹਾ ਮੋਗਾ ਦੇ ਪਿੰਡ ਜਨੇਰ ਦੇ ਕਿਸਾਨ ਗੁਰਸੇਵਕ ਸਿੰਘ ਦਾ ਵੀ ਆਉਂਦਾ ਹੈ। ਗੁਰਸੇਵਕ ਸਿੰਘ 20 ਏਕੜ ਜ਼ਮੀਨ ਵਿਚ ਖੇਤੀ ਕਰ ਰਿਹਾ ਹੈ ਅਤੇ ਪਿਛਲੇ 5 ਸਾਲਾਂ ਤੋਂ ਇਹ ਕਿਸਾਨ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਕਣਕ ਦੀ ਫਸਲ ਦੀ ਬਿਜਾਈ ਸੁਪਰਸੀਡਰ ਨਾਲ ਕਰ ਰਿਹਾ ਹੈ।

ਕਿਸਾਨ ਗੁਰਸੇਵਕ ਸਿੰਘ ਦਾ ਕਹਿਣਾ ਹੈ ਕਿ ਫਸਲੀ ਰਹਿੰਦ ਖੂੰਹਦ ਨੂੰ ਖੇਤਾਂ ਵਿਚ ਹੀ ਵਾਹੁਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਿਚ ਬਹੁਤ ਵਾਧਾ ਹੋਇਆ ਹੈ, ਖੇਤੀ ਖਰਚੇ ਘਟੇ ਹਨ ਅਤੇ ਹਰ ਸਾਲ ਝਾੜ ਵਿਚ ਵੀ ਵਾਧਾ ਹੋ ਰਿਹਾ ਹੈ।

ਗੁਰਸੇਵਕ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਮਾਹਿਰਾਂ ਦੀ ਸਲਾਹ ਨਾਲ ਖੇਤੀ ਕਰਕੇ ਉਹ ਆਪਣੇ ਸਮੇਂ ਅਤੇ ਪੈਸੇ ਦੀ ਬੱਚਤ ਤਾਂ ਕਰ ਹੀ ਰਿਹਾ ਹੈ ਸਗੋਂ ਉਹ ਵਾਤਾਵਰਨ ਸ਼ੁੱਧਤਾ ਵਿੱਚ ਵੀ ਆਪਣਾ ਵੱਡਮੁੱਲਾ ਯੋਗਦਾਨ ਦੇ ਰਿਹਾ ਹੈ ਜਿਸਦੀ ਉਸਨੂੰ ਬਹੁਤ ਖੁਸ਼ੀ ਹੈ। ਉਹਨਾਂ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਏ ਬਿਨਾਂ ਹੁਣ ਕਣਕ ਦੀ ਬਿਜਾਈ ਸੁਪਰਸੀਡਰ ਨਾਲ ਕਰਨੀ ਬਹੁਤ ਸੌਖਾਲੀ ਹੋ ਗਈ ਹੈ ਇਸ ਤੋਂ ਇਲਾਵਾ ਉਹ ਆਪਣੀ ਫਸਲ ਦੀ ਵਾਢੀ ਸੁਪਰ ਐਸ.ਐਸ.ਐਸ. ਲੱਗੀ ਕੰਬਾਈਨ ਨਾਲ ਹੀ ਕਰਵਾਉਂਦਾ ਹੈ ਜਾ ਵਾਢੀ ਤੋ ਬਾਅਦ ਖੇਤ ਵਿੱਚ ਮਲਚਰ ਦੀ ਵਰਤੋ ਕਰਦਾ ਹੈ ਜਿਸ ਨਾਲ ਝੋਨੇ ਦੀ ਪਰਾਲੀ ਦੇ ਛੋਟੇ ਛੋਟੇ ਟੁਕੜੇ ਹੋ ਕੇ ਜਮੀਨ ਵਿੱਚ ਮਿਲ ਜਾਂਦੇ ਹਨ ਜਿਹੜੇ ਮਿੱਟੀ ਲਈ ਉਪਜਾਊ ਸ਼ਕਤੀ ਜਾ ਸਰੋਤ ਵੀ ਬਣਦੇ ਹਨ।

ਉਹਨਾਂ ਕਿਹਾ ਕਿ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਵੀ ਉਹਨਾਂ ਦਾ ਖੇਤਾਂ ਦਾ ਦੌਰਾ ਕਰਨ ਆਉਂਦੇ ਹਨ ਅਤੇ ਪੂਰੀ ਹੱਲਾਸ਼ੇਰੀ ਨਾਲ ਉਹਨਾਂ ਨੂੰ ਪ੍ਰੇਰਿਤ ਕਰਦੇ ਹਨ ਕਿ ਉਹ ਪਰਾਲੀ ਸਾੜੇ ਬਿਨਾਂ ਅਗਲੀ ਫਸਲ ਦੀ ਬਿਜਾਈ ਦੇ ਸ਼ਲਾਘਾਯੋਗ ਕੰਮ ਨੂੰ ਨਿਰੰਤਰ ਜਾਰੀ ਰੱਖਣ। ਉਸਨੇ ਕਿਹਾ ਕਿ ਉਸਨੂੰ ਬਲਾਕ ਖੇਤੀਬਾੜੀ ਦਫਤਰ, ਕੋਟ ਇਸੇ ਖਾਂ ਵੱਲੋਂ ਅਤੇ ਉਪ ਮੰਡਲ ਮੈਜਿਸਟਰੇਟ, ਧਰਮਕੋਟ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਪ੍ਰਸ਼ੰਸਾ ਪੱਤਰ ਵੀ ਮਿਲ ਚੁੱਕਿਆ ਹੈ। ਸਹਾਇਕ ਧੰਦੇ ਵੱਜੋਂ ਉਹ ਪਸ਼ੂ ਪਾਲਣ ਦਾ ਕੰਮ ਵੀ ਕਰ ਰਿਹਾ ਹੈ, ਤਕਰੀਬਨ 8 ਕਨਾਲ ਰਕਬੇ ਵਿਚ ਸਬਜ਼ੀਆਂ ਦੀ ਵੀ ਕਾਸ਼ਤ ਵੀ ਉਸ ਦੁਆਰਾ ਕੀਤੀ ਜਾ ਰਹੀ ਹੈ।

ਡਿਪਟੀ ਕਮਿਸ਼ਨਰ ਸ਼੍ਰੀ ਸਾਗਰ ਸੇਤੀਆ ਨੇ ਕਿਸਾਨ ਗੁਰਸੇਵਕ ਸਿੰਘ ਦੀ ਹਿੰਮਤ ਦੀ ਸ਼ਲਾਘਾ ਕਰਦਿਆਂ ਹੋਰ ਕਿਸਾਨਾਂ ਨੂੰ ਵੀ ਪਰਾਲੀ ਨੂੰ ਅੱਗ ਨਾ ਲਾਉਣ ਦੀ ਅਪੀਲ ਕੀਤੀ ਹੈ। ਉਹਨਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਪਰਾਲੀ ਸਾੜਨ ਦੀਆਂ ਘਟਨਾਵਾਂ ਦੀ ਨਿਗਰਾਨੀ ਅਤੇ ਰੋਕਥਾਮ ਲਈ ਕਲੱਸਟਰ ਅਫ਼ਸਰ ਅਤੇ ਨੋਡਲ ਅਫ਼ਸਰ ਨਿਯੁਕਤ ਕੀਤੇ ਗਏ ਹਨ।  ਕਿਸਾਨਾਂ ਨੂੰ ਪਰਾਲੀ ਸਾੜਨ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਜਾਗਰੂਕਤਾ ਕੈਂਪ ਵੀ ਲਗਾਏ ਜਾ ਰਹੇ ਹਨ। ਵਸਨੀਕ ਪਰਾਲੀ ਸਾੜਨ ਦੀ ਕਿਸੇ ਵੀ ਘਟਨਾ ਦੀ ਸੂਚਨਾ ਪ੍ਰਸ਼ਾਸਨ ਨੂੰ ਦੇ ਸਕਦੇ ਹਨ, ਜੋ ਤੁਰੰਤ ਕਾਰਵਾਈ ਕਰੇਗਾ।

 

ਉਹਨਾਂ ਨੇ ਵਾਤਾਵਰਨ ਨੂੰ ਬਚਾਉਣ ਵਾਲੀ ਖੇਤੀ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਕਿਸਾਨ ਗੁਰਸੇਵਕ ਸਿੰਘ ਦੇ ਯਤਨਾਂ ਦੀ ਸ਼ਲਾਘਾ ਕੀਤੀ।

Leave a Reply

Your email address will not be published. Required fields are marked *