ਲਾਵਾਰਿਸ ਮਾਨਸਿਕ ਮਰੀਜ ਨਿਰਮਲਾ ਨੂੰ ਪਿੰਗਲਵਾੜਾ ਵਿੱਚ ਦਾਖਲ ਕਰਵਾਉਣ ਲਈ ਸਮਾਜ ਸੇਵੀਆਂ ਦੀ ਟੀਮ ਰਵਾਨਾ ਹੋਈ
ਪਿਛਲੇ ਕੁੱਝ ਦਿਨਾਂ ਤੋਂ ਮੋਗਾ ਸ਼ਹਿਰ ਵਿੱਚ ਲਾਵਾਰਿਸ ਘੁੰਮ ਰਹੀ ਸੀ ਨਿਰਮਲਾ
ਮਾਨਸਿਕ ਪ੍ਰੇਸ਼ਾਨੀ ਕਾਰਨ ਪਰਿਵਾਰ ਬਾਰੇ ਨਹੀਂ ਦੇ ਰਹੀ ਸੀ ਪੁਖਤਾ ਜਾਣਕਾਰੀ ।
ਮੋਗਾ 21 ਫਰਵਰੀ (ਜਗਰਾਜ ਸਿੰਘ ਗਿੱਲ)
ਪਿਛਲੇ ਕੁੱਝ ਦਿਨਾਂ ਤੋਂ ਮੋਗਾ ਸ਼ਹਿਰ ਵਿੱਚ ਲਾਵਾਰਿਸ ਤੌਰ ਤੇ ਘੁੰਮ ਰਹੀ 35 ਸਾਲਾ ਜਵਾਨ ਔਰਤ ਨੂੰ ਆਖਿਰ ਟਿਕਾਣਾ ਮਿਲ ਗਿਆ, ਜਦ ਅੱਜ ਮੋਗਾ ਸ਼ਹਿਰ ਦੇ ਸਮਾਜ ਸੇਵੀ ਉਸ ਨੂੰ ਪਿੰਗਲਵਾੜਾ ਅਮਿ੍ਰਤਸਰ ਸਾਹਿਬ ਵਿਖੇ ਦਾਖਲ ਕਰਵਾਉਣ ਲਈ ਰਵਾਨਾਂ ਹੋਏ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਦੇ ਪ੍ਰਧਾਨ ਮਹਿੰਦਰ ਪਾਲ ਲੂੰਬਾ ਨੇ ਪ੍ਰੈਸ ਨੂੰ ਦੱਸਿਆ ਕਿ ਕਰੀਬ ਛੇ ਦਿਨ ਪਹਿਲਾਂ ਇਹ ਔਰਤ ਤੁਰੀ ਫਿਰਦੀ ਬਾਬਾ ਹੈਦਰ ਸ਼ੇਖ ਬਿਰਧ ਆਸ਼ਰਮ ਮੋਗਾ ਵਿਖੇ ਪਹੁੰਚੀ, ਜਿਸ ਦੇ ਸੰਚਾਲਕ ਪੀ ਪੀ ਜਸਵੀਰ ਸਿੰਘ ਬਾਵਾ ਨੇ ਦੋ ਦਿਨ ਆਪਣੇ ਆਸ਼ਰਮ ਵਿੱਚ ਰੱਖਿਆ । ਆਸ਼ਰਮ ਦੀਆਂ ਔਰਤਾਂ ਨੇ ਉਸ ਦੇ ਗਰਭਵਤੀ ਹੋਣ ਦਾ ਖਦਸ਼ਾ ਪ੍ਰਗਟ ਕੀਤਾ ਤਾਂ ਉਹਨਾਂ ਇਸ ਨੂੰ ਸਿਵਲ ਹਸਪਤਾਲ ਮੋਗਾ ਵਿੱਚ ਦਾਖਲ ਕਰਵਾ ਦਿੱਤਾ, ਜਿੱਥੇ ਉਸ ਨੂੰ ਸਖੀ ਵਨ ਸਟਾਪ ਸੈਂਟਰ ਮੋਗਾ ਵਿੱਚ ਦੋ ਦਿਨ ਰੱਖਿਆ ਗਿਆ। ਡਾਕਟਰਾਂ ਦੇ ਪੈਨਲ ਨੇ ਉਸਦਾ ਮੈਡੀਕਲ ਕਰਨ ਉਪਰੰਤ ਉਸ ਨੂੰ ਸਰੀਰਕ ਤੌਰ ਤੇ ਫਿੱਟ ਘੋਸ਼ਿਤ ਕਰ ਦਿੱਤਾ । ਇਸ ਦੌਰਾਨ ਮੈਂ ਉਸਦਾ ਕਰੋਨਾ ਟੈਸਟ ਕਰਵਾ ਕੇ ਪੁਲਿਸ ਨਾਲ ਸਬੰਧਿਤ ਸਾਰੀ ਕਾਗਜੀ ਕਾਰਵਾਈ ਪੂਰੀ ਕੀਤੀ ਅਤੇ ਪਿੰਗਲਵਾੜਾ ਨਾਲ ਸਬੰਧਿਤ ਟੀਮ ਦੇ ਮੈਂਬਰਾਂ ਬਲਕਾਰ ਸਿੰਘ ਲੰਢੇਕੇ ਅਤੇ ਅਮਰਜੀਤ ਸਿੰਘ ਮਹੇਸਰੀ ਨਾਲ ਸੰਪਰਕ ਕਰਕੇ ਉਸ ਨੂੰ ਪਿੰਗਲਵਾੜਾ ਅਮਿ੍ਰਤਸਰ ਭੇਜਣ ਦਾ ਇੰਤਜਾਮ ਕੀਤਾ । ਉਹਨਾਂ ਦੱਸਿਆ ਕਿ ਇਹ ਆਪਣਾ ਨਾਮ ਨਿਰਮਲਾ ਦੱਸਦੀ ਹੈ ਤੇ ਪਿਤਾ ਦਾ ਨਾਮ ਆਤਮਾ ਸਿੰਘ ਤੇ ਭਰਾ ਦਾ ਨਾਮ ਇਦਰਜੀਤ ਦੱਸਦੀ ਹੈ, ਜੋ ਦਵਾਈ ਪੀ ਕੇ ਖੁਦਕੁਸ਼ੀ ਕਰ ਗਿਆ। ਇਹ ਆਪਣੇ ਪਿੰਡ ਦਾ ਨਾਮ ਵਲਟੋਹਾ ਅਤੇ ਫੱਤੂਵਾਲਾ ਦੱਸਦੀ ਹੈ ਪਰ ਉਸ ਦੇ ਵਾਰ ਵਾਰ ਬਿਆਨ ਬਦਲਣ ਕਾਰਨ ਸਹੀ ਜਾਣਕਾਰੀ ਨਹੀਂ ਮਿਲ ਰਹੀ । ਉਹਨਾਂ ਦੱਸਿਆ ਕਿ ਅਸੀਂ ਆਪਣੇ ਪੱਧਰ ਤੇ ਵਲਟੋਹਾ ਅਤੇ ਫੱਤੂਵਾਲਾ ਤੋਂ ਇਸ ਬਾਰੇ ਪਤਾ ਕਰਵਾਇਆ ਅਤੇ ਪੁਲਿਸ ਨੇ ਵੀ ਸਬੰਧਤ ਥਾਣਿਆਂ ਤੋਂ ਇਸ ਬਾਰੇ ਪਤਾ ਕੀਤਾ ਤਾਂ ਕੋਈ ਪੁਖਤਾ ਜਾਣਕਾਰੀ ਨਹੀਂ ਮਿਲੀ, ਜਿਸ ਕਾਰਨ ਇਸਦੀ ਦਿਮਾਗੀ ਹਾਲਤ ਅਤੇ ਉਮਰ ਨੂੰ ਧਿਆਨ ਵਿੱਚ ਰੱਖਦਿਆਂ ਇਸ ਨੂੰ ਪਿੰਗਲਵਾੜਾ ਅੰਮ੍ਰਿਤਸਰ ਭੇਜਣ ਦਾ ਫੈਸਲਾ ਕੀਤਾ, ਜਿੱਥੇ ਇਲਾਜ਼ ਤੋਂ ਬਾਦ ਇਸਦੀ ਮਾਨਸਿਕ ਦਸ਼ਾ ਠੀਕ ਹੋਣ ਤੇ ਉਸਦਾ ਪਰਵਿਾਰ ਮਿਲਣ ਸੰਭਵ ਹੋ ਸਕਦਾ ਹੈ। ਇਸ ਸਬੰਧੀ ਪੀ ਪੀ ਜਸਵੀਰ ਸਿੰਘ ਬਾਵਾ ਨੇ ਦੱਸਿਆ ਕਿ ਇਹ ਔਰਤ ਦਿਨ ਵੇਲੇ ਆਸ਼ਰਮ ਵਿੱਚੋਂ ਚਲੀ ਜਾਂਦੀ ਸੀ, ਜਿਸ ਕਾਰਨ ਉਹਨਾਂ ਇਸ ਨੂੰ ਸਿਵਲ ਹਸਪਤਾਲ ਮੋਗਾ ਵਿੱਚ ਜਾਂਚ ਅਤੇ ਇਲਾਜ਼ ਲਈ ਦਾਖਲ ਕਰਵਾ ਦਿੱਤਾ ਸੀ । ਇਸ ਮੌਕੇ ਬਲਕਾਰ ਸਿੰਘ ਲੰਢੇਕੇ ਅਤੇ ਅਮਰਜੀਤ ਸਿੰਘ ਮਹੇਸਰੀ
ਨੇ ਦੱਸਿਆ ਕਿ ਅਸੀਂ ਪਹਿਲਾਂ ਵਿੱਚ ਇਸ ਤਰ੍ਹਾਂ ਦੇ ਅਣਗਿਣਤ ਲਾਵਾਰਿਸ ਮਰੀਜਾਂ ਨੂੰ ਪਿੰਗਲਵਾੜਾ ਵਿੱਚ ਛੱਡ ਚੁੱਕੇ ਹਾਂ, ਜੋ ਠੀਕ ਹੋਣ ਤੋਂ ਬਾਅਦ ਆਪਣੇ ਪਰਿਵਾਰਾਂ ਨੂੰ ਮਿਲ ਚੁੱਕੇ ਹਨ ਤੇ ਸਾਨੂੰ ਪੂਰਨ ਉਮੀਦ ਹੈ ਕਿ ਇਹ ਵੀ ਜਲਦ ਠੀਕ ਹੋ ਕੇ ਆਪਣੇ ਪਰਿਵਾਰ ਨੂੰ ਮਿਲ ਸਕੇਗੀ । ਸਖੀ ਵਨ ਸਟਾਪ ਦੇ ਐਡਮਿਨਿਸਟ੍ਰੇਟਰ ਮੈਡਮ ਦੀਪਿਕਾ ਕੌਸ਼ਲ ਨੇ ਦੱਸਿਆ ਕਿ ਸਾਨੂੰ ਇਸਦੀ ਦੋ ਦਿਨ ਸੇਵਾ ਕਰਕੇ ਅਤਿਅੰਤ ਖੁਸ਼ੀ ਮਹਿਸੂਸ ਹੋਈ ਤੇ ਸਾਡੇ ਸਟਾਫ ਨੇ ਉਸਨੂੰ ਨੁਹਾ ਕੇ ਕੱਪੜੇ ਬਦਲੇ, ਸਮੇਂ ਸਿਰ ਖਾਣਾ ਖਵਾਇਆ ਤੇ ਉਸਦੇ ਕੱਪੜੇ ਵਗੈਰਾ ਧੋਤੇ । ਉਹਨਾਂ ਸਿਰਧ ਆਸ਼ਰਮ ਦੇ ਸੰਚਾਲਕ ਜਸਵੀਰ ਸਿੰਘ, ਸਰਬੱਤ ਦਾ ਭਲਾ ਦੇ ਪ੍ਰਧਾਨ ਮਹਿੰਦਰ ਪਾਲ ਲੂੰਬਾ, ਬਲਕਾਰ ਸਿੰਘ ਲੰਢੇਕੇ ਅਤੇ ਅਮਰਜੀਤ ਸਿੰਘ ਦਾ ਸਹਿਯੋਗ ਦੇਣ ਲਈ ਉਚੇਚਾ ਧੰਨਵਾਦ ਕਰਦਿਆਂ ਆਸ ਪ੍ਰਗਟ ਕੀਤੀ ਕਿ ਨਿਰਮਲਾ ਜਲਦ ਹੀ ਠੀਕ ਹੋ ਕੇ ਆਪਣੇ ਪਰਿਵਾਰ ਨੂੰ ਮਿਲ ਸਕੇਗੀ । ਇਸ ਉਪਰੰਤ ਬਲਕਾਰ ਸਿੰਘ ਲੰਢੇਕੇ, ਅਮਰਜੀਤ ਸਿੰਘ, ਸਰਬੱਤ ਦਾ ਭਲਾ ਦੇ ਟਰੱਸਟੀ ਮੈਡਮ ਨਰਜੀਤ ਕੌਰ ਅਤੇ ਜਸਵੀਰ ਕੌਰ ਉਸ ਨੂੰ ਪਿੰਗਲਵਾੜਾ ਅੰਮ੍ਰਿਤਸਰ ਲੈ ਕੇ ਰਵਾਨਾ ਹੋਏ । ਇਸ ਮੌਕੇ ਉਕਤ ਤੋਂ ਇਲਾਵਾ ਸਮਾਜ ਸੇਵੀ ਗੁਰਸੇਵਕ ਸੰਨਿਆਸੀ, ਭਵਨਦੀਪ ਸਿੰਘ ਪੁਰਬਾ, ਗਗਨਪ੍ਰੀਤ ਸਿੰਘ, ਸੀਮਾ ਰਾਣੀ ਆਈ ਟੀ ਸਟਾਫ, ਅਮਨਜੋਤ ਸਿੰਘ ਅਤੇ ਮਨਜੀਤ ਕੌਰ ਹੈਲਪਰ ਆਦਿ ਹਾਜਰ ਸਨ ।