ਮੋਗਾ 7 ਜਨਵਰੀ (ਮਿੰਟੂ ਖੁਰਮੀ ) ਕਿਸਾਨਾਂ ਦੇ ਚੱਲ ਰਹੇ ਅੰਦੋਲਨ ਤਹਿਤ ਸਰਵ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਨੇ ਖੇਤੀ ਮਾਰੂ ਕਾਲੇ ਕਾਨੂੰਨਾਂ ਖ਼ਿਲਾਫ਼ ਜਾਗਰੂਕਤਾ ਮੁਹਿੰਮ ਵਜੋਂ ਲੋਹੜੀ ਦੇ ਤਿਉਹਾਰ ਨੂੰ “ਰੋਹ ਦੀ ਲੋਹੜੀ” ਵਜੋਂ ਮਨਾਉਣ ਦਾ ਸੱਦਾ ਦਿੱਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸਰਵ ਭਾਰਤ ਨੌਜਵਾਨ ਸਭਾ ਦੇ ਸੂਬਾ ਸਕੱਤਰ ਸੁਖਜਿੰਦਰ ਮਹੇਸਰੀ ਨੇ ਕਿਹਾ ਕਿ “ਅਸੀਂ ਇਸ ਵਾਰ ‘ਰੋਹ ਦੀ ਲੋਹੜੀ’ ਮਨਾਵਾਂਗੇ। ਇਸ ਦੌਰਾਨ ਅਸੀਂ ਲੋਕਾਂ ‘ਚ ਅੰਦੋਲਨ ਬਾਰੇ ਜਾਗਰਤੀ ਫੈਲਾਵਾਂਗੇ, ਜਿਸਦੇ ਤਹਿਤ ਕਿਸਾਨ ਅੰਦੋਲਨ ਅਤੇ ਨੌਜਵਾਨਾਂ ਮੰਗਾਂ ਬਾਰੇ ਚਾਰਟ ਲਿਖ ਕੇ ਪ੍ਰਦਰਸ਼ਨੀਆਂ ਲਗਾਵਾਂਗੇ, ਪਿੰਡਾਂ/ਸ਼ਹਿਰਾਂ ਦੀਆਂ ਕੰਧਾਂ ਉੱਤੇ ਨਾਅਰੇ ਪੇਂਟ ਕਰਾਂਗੇ, ਫਲੈਕਸਾਂ ਅਤੇ ਬੈਨਰਾਂ ਰਾਹੀਂ ਲੋਕਾਂ ਨੂੰ ਇਸ ਮੁਹਿੰਮ ਵਿੱਚ ਹੋਰ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕਰਾਂਗੇ।
ਨੌਜਵਾਨ ਮਹੇਸਰੀ ਨੇ ਕਿਹਾ ਲੋਹੜੀ ਵਾਲੇ ਦਿਨ ਲੋਕ ਕਾਲੇ ਕਾਨੂੰਨਾਂ ਨੂੰ ਬਾਲ ਕੇ ਅੱਗ ਸੇਕਣਗੇ। ਲੋਹੜੀ ਮੌਕੇ ਲੋਕ, ਹਕੂਮਤ ਨਾਲ ਮੱਥਾ ਲਾਉਣ ਵਾਲੇ ਆਪਣੇ ਨਾਇਕ ਦੁੱਲੇ ਭੱਟੀ ਨੂੰ ਯਾਦ ਕਰਨਗੇ ਅਤੇ ਲੋਕ ਉਸਤੋਂ ਪ੍ਰੇਰਨਾ ਲੈਣਗੇ। ਉਹਨਾਂ ਕਿਹਾ ਕਿ ਇਸ ਅੰਦੋਲਨ ਦੌਰਾਨ ਸ਼ਹੀਦ ਹੋਏ ਆਪਣੇ ਲੋਕਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਜਾਣਗੀਆਂ। ਸ੍ਰੀ ਮਹੇਸਰੀ ਦਾ ਕਹਿਣਾ ਹੈ ਕਿ ਸਾਡੇ ਤਿਉਹਾਰ, ਹਕੂਮਤ ਨਾਲ ਚੱਲ ਰਹੇ ਵਰਤਮਾਨ ਯੁੱਧ ਤੋਂ ਸੱਖਣੇ ਨਹੀਂ ਰਹਿਣੇ ਚਾਹੀਦੇ। ਲੋਹੜੀ ਦੇ ਪੰਡਾਲਾਂ ਵਿੱਚ ਦੁੱਲੇ ਭੱਟੀ ਦੀ ਤਸਵੀਰ ਅਤੇ ਅੰਦੋਲਨ ਨਾਲ ਸਬੰਧਤ ਮੰਗਾਂ ਦੀ ਪ੍ਰਦਰਸ਼ਨੀ ਲਗਾਉਣ ਦੀ ਅਪੀਲ ਕੀਤੀ।