ਮੋਗਾ, 10 ਦਸੰਬਰ
(ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ)
ਲੁਈਸ ਬਰੇਲ ਵੈੱਲਫੇਅਰ ਐਸੋਸੀਏਸ਼ਨ ਫਾਰ ਦਾ ਬਲਾਂਈਂਡ ਵੱਲੋਂ ਮਿਤੀ 12 ਦਸੰਬਰ, 2020 ਦਿਨ ਸ਼ਨਿੱਚਰਵਾਰ ਨੂੰ ਸਥਾਨਕ ਗੁਰੂ ਨਾਨਕ ਕਾਲਜ (ਸਾਹਮਣੇ ਨੇਚਰ ਪਾਰਕ ਅਤੇ ਬੱਸ ਸਟੈਂਡ) ਵਿਖੇ ਨੇਤਰਹੀਣ ਅਤੇ ਆਰਥੋ ਦਿਵਿਆਂਗ ਵਿਅਕਤੀਆਂ ਲਈ ਜ਼ਿਲਾ ਪੱਧਰੀ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ ਆਧਾਰ ਕਾਰਡ, ਅੰਗਹੀਣਤਾ ਸਰਟੀਫਿਕੇਟ, ਰੇਲਵੇ ਕਨਸ਼ੈਸ਼ਨ ਸਰਟੀਫਿਕੇਟ, ਰੇਲਵੇ ਈ-ਕਾਰਡ, ਯੂ. ਡੀ. ਆਈ. ਡੀ. ਕਾਰਡ ਅਤੇ ਪੈਨਸ਼ਨ ਸਹੂਲਤਾਂ ਦੇਣ ਲਈ ਯੋਗ ਵਿਅਕਤੀਆਂ ਦੇ ਫਾਰਮ ਭਰੇ ਜਾਣਗੇ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਅਤੇ ਜ਼ਿਲਾ ਸਮਾਜਿਕ ਅਤੇ ਸੁਰੱਖਿਆ ਅਫ਼ਸਰ ਮਿਸ ਰਾਜ ਕਿਰਨ ਕੌਰ ਨੇ ਦੱਸਿਆ ਕਿ ਇਸ ਕੈਂਪ ਦਾ ਸਮਾਂ ਸਵੇਰੇ 8.30 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਹੋਵੇਗਾ। ਉਕਤ ਕਾਰਡ ਆਦਿ ਅਤੇ ਹੋਰ ਸਹੂਲਤਾਂ ਲੈਣ ਲਈ ਯੋਗ ਲਾਭਪਾਤਰੀਆਂ ਨੂੰ ਚਾਹੀਦਾ ਹੈ ਕਿ ਉਹ ਆਧਾਰ ਕਾਰਡ, ਪਾਸਪੋਰਟ ਸਾਈਜ਼ ਤਸਵੀਰਾਂ, ਨਵਾਂ ਆਰਥੋ ਐਕਸਰਾ (ਸਿਰਫ਼ ਆਰਥੋ ਦਿਵਿਆਂਗ ਵਿਅਕਤੀਆਂ ਲਈ), ਅੰਗਹੀਣਤਾ ਸਰਟੀਫਿਕੇਟ (ਜੋ ਵੀ ਪਹਿਲਾਂ ਜਾਰੀ ਹੋਇਆ), ਬੈਂਕ ਪਾਸ ਬੁੱਕ ਦੀ ਫੋਟੋ ਕਾਪੀ (ਪੈਨਸ਼ਨ ਲਗਵਾਉਣ ਲਈ), ਤਿੰਨ ਰੇਲਵੇ ਕਨਸ਼ੈਸ਼ਨ ਸਰਟੀਫਿਕੇਟ (ਸਿਰਫ਼ ਰੇਲਵੇ ਈ-ਕਾਰਡ ਜਾਰੀ ਕਰਾਉਣ ਲਈ), ਜਨਮ ਸਰਟੀਫਿਕੇਟ ਆਪਣੇ ਨਾਲ ਜ਼ਰੂਰ ਲੈ ਕੇ ਆਉਣ।
ਉਨਾਂ ਦੱਸਿਆ ਕਿ ਆਧਾਰ ਕਾਰਡ ਜਾਰੀ ਕਰਾਉਣ ਲਈ ਜਨਮ ਸਰਟੀਫਿਕੇਟ, ਪਾਸਪੋਰਟ ਦੀ ਕਾਪੀ ਜਾਂ ਬੈਂਕ ਪਾਸ ਬੁੱਕ ਦੀ ਕਾਪੀ ਵਿੱਚੋਂ ਕੋਈ ਦੋ ਪਰੂਫ਼ ਨਾਲ ਲਿਆਉਣਾ ਲਾਜ਼ਮੀ ਹੈ। ਜੇਕਰ ਆਧਾਰ ਕਾਰਡ ਵਿੱਚ ਜਨਮ ਮਿਤੀ ਦਰਜ ਕਰਾਉਣੀ ਹੈ ਤਾਂ ਉਕਤ ਦਸਤਾਵੇਜ਼ਾਂ ਤੋਂ ਇਲਾਵਾ ਫੋਟੋ ਸ਼ਨਾਖ਼ਤੀ ਕਾਰਡ, ਸਕੂਲ ਜਾਂ ਕਾਲਜ ਦੀ ਮਾਰਕਸ਼ੀਟ ਆਦਿ ਵੀ ਨਾਲ ਲਿਆਂਦੀ ਜਾਵੇ। ਜੇਕਰ ਆਧਾਰ ਕਾਰਡ ਵਿੱਚ ਨਾਮ ਦੀ ਤਬਦੀਲੀ ਕਰਾਉਣੀ ਹੈ ਤਾਂ ਪਾਸਪੋਰਟ, ਪੈਨਕਾਰਡ, ਫੋਟੋ ਕਾਰਡ, ਬੈਂਕ ਪਾਸ ਬੁੱਕ ਵਿੱਚੋਂ ਕੋਈ ਦੋ ਪਰੂਫ਼ ਚਾਹੀਦੇ ਹਨ। ਪਤਾ ਤਬਦੀਲ ਕਰਾਉਣ ਲਈ ਬੈਂਕ ਪਾਸ ਬੁੱਕ, ਡਰਾਈਵਿੰਗ ਲਾਇਸੰਸ, ਸਕੂਲ ਜਾਂ ਕਾਲਜ ਦੀ ਮਾਰਕਸ਼ੀਟ ਵਿੱਚੋਂ ਦੋ ਪਰੂਫ਼ ਹੋਣੇ ਲਾਜ਼ਮੀ ਹਨ। ਉਕਤ ਸਾਰੇ ਦਸਤਾਵੇਜ਼ ਅਸਲ ਹੋਣੇ ਚਾਹੀਦੇ ਹਨ।
ਸ੍ਰੀ ਹੰਸ ਨੇ ਜ਼ਿਲਾ ਮੋਗਾ ਦੇ ਨੇਤਰਹੀਣ ਅਤੇ ਆਰਥੋ ਦਿਵਿਆਂਗ ਵਿਅਕਤੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਲੈਣ।