ਪੈਸੇ ਲੈ ਕੇ ਭਰਤੀ ਕਰਵਾਉਣ ਵਾਲੇ ਝੂਠੇ ਦਲਾਲਾਂ ‘ਤੇ ਸਿਕੰਜਾ ਕਸਣ ਲਈ ਬਣੇਗਾ ਸਪੈਸ਼ਲ ਸੈੱਲ-ਡੀ.ਸੀ.
ਮੋਗਾ, 26 ਅਕਤੂਬਰ(ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ)
ਦਸੰਬਰ, 2021 ਵਿੱਚ ਭਾਰਤੀ ਸੈਨਾ ਵੱਲੋਂ ਜ਼ਿਲ੍ਹਾ ਮੋਗਾ ਵਿਖੇ ਭਰਤੀ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਜ਼ਿਲ੍ਹਾ ਮੋਗਾ, ਮੋਹਾਲੀ, ਰੋਪੜ, ਲੁਧਿਆਣਾ ਅਤੇ ਮਲੇਰਕੋਟਲਾ ਨਾਲ ਸਬੰਧਤ ਉਮੀਦਵਾਰ ਭਾਗ ਲੈ ਸਕਣਗੇ। ਇਸ ਰੈਲੀ ਦਾ ਆਯੋਜਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪਿੰਡ ਘਲੋਟੀ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਵਿਖੇ ਹੋਵੇਗਾ।
ਇਸ ਭਰਤੀ ਰੈਲੀ ਵਿੱਚ ਵੱਧ ਤੋਂ ਵੱਧ ਯੋਗ ਨੌਜਵਾਨਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ, ਭਾਗ ਲੈਣ ਵਾਲੇ ਉਮੀਦਵਾਰਾਂ ਲਈ ਰੈਲੀ ਸਥਾਨ ‘ਤੇ ਯੋਗ ਪ੍ਰਬੰਧ ਕਰਨ ਅਤੇ ਇਸ ਭਰਤੀ ਰੈਲੀ ਦਾ ਵੱਧ ਤੋਂ ਵੱਧ ਪ੍ਰਚਾਰ ਕਰਨ ਦੇ ਮਨੋਰਥ ਵਜੋਂ ਅੱਜ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਹਰੀਸ਼ ਨਈਅਰ ਨੇ ਸਬੰਧਤ ਵਿਭਾਗਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਮੀਟਿੰਗ ਵਿੱਚ ਉਨ੍ਹਾਂ ਵੱਖ- ਵੱਖ ਵਿਭਾਗਾਂ ਨੂੰ ਭਰਤੀ ਰੈਲੀ ਦੀਆਂ ਡਿਊਟੀਆਂ ਵੀ ਸੌਂਪੀਆਂ ਤਾਂ ਕਿ ਭਾਗ ਲੈਣ ਵਾਲੇ ਉਮੀਦਵਾਰਾਂ ਨੂੰ ਕਿਸੇ ਵੀ ਤਰ੍ਹਾ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਮੀਟਿੰਗ ਵਿੱਚ ਉਨ੍ਹਾਂ ਨਾਲ ਸੰਤ ਬਾਬਾ ਗੁਰਮੀਤ ਸਿੰਘ ਖੋਸਾ ਪਾਂਡੋ, ਸਹਾਇਕ ਕਮਿਸ਼ਨਰ (ਜ) ਗੁਰਬੀਰ ਸਿੰਘ ਕੋਹਲੀ, ਸੀਨੀਅਰ ਕਪਤਾਨ ਪੁਲਿਸ ਮੋਗਾ ਸ੍ਰੀ ਸੁਰਿੰਦਰਜੀਤ ਸਿੰਘ ਮੰਡ, ਉਪ ਮੰਡਲ ਮੈਜਿਸਟ੍ਰੇਟ ਧਰਮਕੋਟ ਸ੍ਰੀਮਤੀ ਚਾਰੂ ਮਿਤਾ, ਜੀ.ਓ.ਜੀ. ਮੋਗਾ ਮੁਖੀ ਕਰਨਲ ਬਲਕਾਰ ਸਿੰਘ, ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਅਫ਼ਸਰ ਮੋਗਾ ਸ੍ਰੀਮਤੀ ਪਰਮਿੰਦਰ ਕੌਰ, ਜਨਰਲ ਮੈਨੇਜਰ ਪੰਜਾਬ ਰੋਡਵੇਜ਼ ਮੋਗਾ ਸਮੇਤ ਹੋਰ ਸਬੰਧਤ ਵਿਭਾਗਾਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਭਰਤੀ ਰੈਲੀ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਇਸ ਰੈਲੀ ਦੇ ਨੋਡਲ ਅਫ਼ਸਰ ਉਪ ਮੰਡਲ ਮੈਜਿਸਟ੍ਰੇਟ ਧਰਮਕੋਟ ਸ੍ਰੀਮਤੀ ਚਾਰੂ ਮਿਤਾ ਨੂੰ ਬਣਾਇਆ ਗਿਆ ਹੈ। ਰੈਲੀ ਦੇ ਪ੍ਰਬੰਧਾਂ ਲਈ ਸਬੰਧਤ ਵਿਭਾਗਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਇਸ ਰੈਲੀ ਦੇ ਪ੍ਰਚਾਰ ਲਈ ਸਮੂਹ ਉਪ ਮੰਡਲ ਮੈਜਿਸਟ੍ਰੇਟਸ ਨੂੰ ਬਤੌਰ ਨੋਡਲ ਅਫਸ਼ਰ ਲਗਾਇਆ ਗਿਆ ਹੈ ਜੋ ਕਿ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ, ਜੀ.ਓ.ਜੀ.ਜ, ਐਨ.ਜੀ.ਓ.ਜ, ਕਲੱਬਾਂ ਆਦਿ ਨਾਲ ਰਾਬਤਾ ਕਾਇਮ ਕਰਕੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਪ੍ਰੇਰਿਤ ਕਰਨਗੇ ਤਾਂ ਜੋ ਉਹ ਇਸ ਭਰਤੀ ਰੈਲੀ ਵਿੱਚ ਭਾਗ ਲੈ ਸਕਣ।
ਸ੍ਰੀ ਹਰੀਸ਼ ਨਈਅਰ ਨੇ ਦੱਸਿਆ ਕਿ ਇਸ ਰੈਲੀ ਦੌਰਾਨ ਰੋਜ਼ਾਨਾ 2 ਹਜ਼ਾਰ ਤੋਂ 2500 ਉਮੀਦਵਾਰਾਂ ਦੇ ਆਉਣ ਦਾ ਅਨੁਮਾਨ ਹੈ ਅਤੇ ਇਹ ਭਰਤੀ ਰੈਲੀ ਲਗਾਤਾਰ 15 ਦਿਨਾਂ ਤੱਕ ਚੱਲੇਗੀ। ਰੈਲੀ ਵਿੱਚ ਭਾਗ ਲੈਣ ਵਾਲੇ ਉਮੀਦਵਾਰਾਂ ਅਤੇ ਰੈਲੀ ਨੂੰ ਆਯੋਜਿਤ ਕਰਨ ਵਾਲੇ ਆਰਮੀ ਕਰਮਚਾਰੀਆਂ ਦੇ ਰਹਿਣ-ਸਹਿਣ ਅਤੇ ਖਾਣ-ਪੀਣ ਦੇ ਪ੍ਰਬੰਧ ਦੀ ਸੇਵਾ ਗੁਰੂ ਸਾਹਿਬ ਚੈਰੀਟੇਬਲ ਟਰੱਸਟ ਖੋਸਾ ਪਾਂਡੋ ਵੱਲੋਂ ਕੀਤੀ ਜਾਵੇਗੀ। ਬਾਬਾ ਗੁਰਮੀਤ ਸਿੰਘ ਨੇ ਇਸ ਭਰਤੀ ਰੈਲੀ ਵਿੱਚ ਨੌਜਵਾਨਾਂ ਦੀ ਸਹਾਇਤਾ ਲਈ ਹਰ ਸੰਭਵ ਯਤਨ ਕਰਨ ਦਾ ਭਰੋਸਾ ਜ਼ਿਲ੍ਹਾ ਪ੍ਰਸਾਸ਼ਨ ਮੋਗਾ ਨੂੰ ਦਿਵਾਇਆ।
ਡਿਪਟੀ ਕਮਿਸ਼ਨਰ ਨੇ ਪੁਲਿਸ ਵਿਭਾਗ ਨੂੰ ਰੈਲੀ ਦੌਰਾਨ ਢੁਕਵੇਂ ਸੁਰੱਖਿਆ ਪ੍ਰਬੰਧ ਕੀਤੇ ਜਾਣ ਦੀ ਹਦਾਇਤ ਕੀਤੀ। ਉਨ੍ਹਾਂ ਰਾਤ ਦੇ ਸਮੇਂ ਰੈਲੀ ਸਥਾਨ ਦੀ ਪੈਟਰੋਲਿੰਗ ਕਰਨਾ ਅਤੇ ਟ੍ਰੈਫਿਕ ਮੈਨੇਜਮੈਂਟ ਦੀ ਜਿੰਮੇਵਾਰੀ ਵੀ ਪੁਲਿਸ ਵਿਭਾਗ ਨੂੰ ਸੌਂਪੀ। ਡਿਪਟੀ ਕਮਿਸ਼ਨਰ ਨੇ ਮਾਲ ਅਤੇ ਸਿੱਖਿਆ ਵਿਭਾਗ ਦੇ ਨੁਮਾਇੰਦਿਆਂ ਨੂੰ ਹਦਾਇਤ ਕੀਤੀ ਕਿ ਉਮਦਵਾਰਾਂ ਦੇ ਸਰਟੀਫਿਕੇਟ (ਵਿੱਦਿਅਕ, ਜਾਤੀ, ਰਿਹਾਇਸ਼ੀ ਆਦਿ) ਤਸਦੀਕ ਕਰਨਗੇ ਅਤੇ ਆਧਾਰ ਕਾਰਡ ਵੈਰੀਫਿਕੇਸ਼ਨ ਵੀ ਚੰਗੀ ਤਰ੍ਹਾਂ ਕਰਨਗੇ ਤਾਂ ਜੋ ਇਸ ਦੌਰਾਨ ਉਮੀਦਵਾਰਾਂ ਨੂੰ ਕਿਸੇ ਵੀ ਪ੍ਰੇ਼ਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਉਨ੍ਹਾ ਜਨਰਲ ਮੈਨੇਜਰ ਰੋਡਵੇਜ਼ ਨੂੰ ਬੱਸ ਸਰਵਿਸ ਮੁਹੱਈਆ ਕਰਵਾਉਣ ਲਈ ਨੋਡਲ ਅਫ਼ਸਰ ਨਿਯੁਕਤ ਕੀਤਾ। ਉਨ੍ਹਾਂ ਵੱਲੋਂ ਜ਼ਿਲ੍ਹੇ ਮੋਗਾ ਦੇ ਵੱਖ-ਵੱਖ ਤਹਿਸੀਲ ਹੱੈਡ ਕੁਆਰਟਰ ਤੋਂ ਰੈਲੀ ਦੇ ਸਥਾਨ ਲਈ ਵਿਸ਼ੇਸ਼ ਬੱਸ ਸਰਵਿਸ ਦਾ ਇੰਤਜ਼ਾਮ ਕੀਤਾ ਜਾਵੇਗਾ। ਵੱਖ ਵੱਖ ਜ਼ਿਲ੍ਹਿਆਂ ਤੋਂ ਆ ਰਹੇ ਪ੍ਰਾਰਥੀਆਂ ਦੇ ਰੈਲੀ ਸਥਾਨ ‘ਤੇ ਪਹੁੰਚਣ ਲਈ ਵਿਸ਼ੇਸ਼ ਰੂਟ ਤਿਆਰ ਕੀਤੇ ਜਾਣਗੇ। ਪ੍ਰਾਰਥੀਆਂ ਲਈ ਮੋਬਾਇਲ ਪਖਾਨੇ, ਪੀਣ ਵਾਲੇ ਪਾਣੀ ਦਾ ਪ੍ਰਬੰਧ ਅਤੇ ਰੈਲੀ ਵਾਲੇ ਸਥਾਨ ‘ਤੇ ਸਾਫ਼-ਸਫ਼ਾਈ ਦਾ ਖਾਸ ਖਿਆਲ ਰੱਖਿਆ ਜਾਵੇਗਾ।
ਸਿਵਲ ਸਰਜਨ ਵੱਲੋਂ ਡਾਕਟਰ ਅਤੇ ਐਂਬੂਲੈਂਸ ਸਮੇਤ ਮੈਡੀਕਲ ਟੀਮਾਂ ਦੀ ਤਾਇਨਾਤੀ ਕੀਤੀ ਜਾਵੇਗੀ ਤਾਂ ਜੋ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਿਆ ਜਾ ਸਕੇ। ਰੈਪਿਡ ਐਂਟੀਜ਼ਨ ਟੈਸਟ ਅਤੇ ਥਰਮਲ ਸਕੈਨਿੰਗ ਲਈ ਟੀਮ ਦਾ ਪ੍ਰਬੰਧ ਵੀ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਭਰਤੀ ਰੈਲੀ ਵਿੱਚ ਨੌਜਵਾਨਾਂ ਨੂੰ ਪੈਸੇ ਲੈ ਕੇ ਭਰਤੀ ਕਰਨ ਵਾਲੇ ਫਰਜ਼ੀ ਏਜੰਟਾਂ ਤੋਂ ਬਚਾਉਣ ਲਈ ਵੀ ਇੱਕ ਸਪੈਸ਼ਲ ਸੈੱਲ ਸਥਾਪਿਤ ਕੀਤਾ ਜਾਵੇਗਾ ਜਿਹੜਾ ਕਿ ਨੌਜਵਾਨਾਂ ਦੀ ਲੁੱਟ ਖਸੁੱਟ ਹੋਣ ਤੋਂ ਬਚਾਵੇਗਾ। ਉਨ੍ਹਾਂ ਨੌਜਵਾਨਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਇਹ ਭਰਤੀ ਰੈਲੀ ਨਿਰੋਲ ਮੈਰਿਟ ਦੇ ਆਧਾਰ ‘ਤੇ ਆਯੋਜਿਤ ਕੀਤੀ ਜਾ ਰਹੀ ਹੈ ਇਸ ਲਈ ਕਿਸੇ ਵੀ ਫਰਜ਼ੀ ਏਜੰਟ ਦੇ ਝਾਂਸੇ ਵਿੱਚ ਆਉਣ ਤੋਂ ਬਚਿਆ ਜਾਵੇ ਅਤੇ ਜੇਕਰ ਕਿਸੇ ਵੀ ਉਮੀਦਵਾਰ ਦੇ ਧਿਆਨ ਵਿੱਚ ਏਦਾਂ ਦੇ ਏਜੰਟ ਆਉਂਦੇ ਹਨ ਤਾਂ ਉਹ ਇਸਦੀ ਸੂਚਨਾ ਤੁਰੰਤ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਦੇਣ।