ਤੇਲ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਕਾਂਗਰਸੀਆਂ ਵੱਲੋਂ ਪਟਰੋਲ ਪੰਪ ਅੱਗੇ ਕੀਤਾ ਗਿਆ ਰੋਸ ਪ੍ਰਦਰਸ਼ਨ

 

 

ਕੋਟ ਈਸੇ ਖਾਂ 11 ਜੂਨ ( ਜਗਰਾਜ ਸਿੰਘ ਗਿੱਲ ) ਦੇਸ਼ ਅੰਦਰ ਦਿਨ ਬ -ਦਿਨ ਵਧ ਰਹੀ ਮਹਿੰਗਾਈ ਨੂੰ ਲੈ ਕੇ ਜਿਸ ਨਾਲ ਮਿਡਲ ਤੇ ਹੇਠਲੇ ਵਰਗ ਦਾ ਜੀਣਾ ਹੀ ਦੁੱਭਰ ਹੋਇਆ ਪਿਆ ਹੈ ਨੂੰ ਠੱਲ੍ਹ ਪਾਉਣ ਲਈ ਕਾਂਗਰਸ ਪਾਰਟੀ ਵੱਲੋਂ ਦੇਸ਼ ਪੱਧਰ ਤੇ ਇਸ ਦਾ ਵਿਰੋਧ ਕਰਨ ਦੇ ਉਲੀਕੇ ਗਏ ਪ੍ਰੋਗਰਾਮ ਦੀ ਪੈਰਵੀ ਕਰਦਿਆਂ ਅਤੇ ਹਲਕਾ ਵਿਧਾਇਕ ਕਾਕਾ ਸੁਖਜੀਤ ਸਿੰਘ ਲੋਹਗਡ਼੍ਹ ਦੀ ਯੋਗ ਅਗਵਾਈ ਅਤੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਸਥਾਨਕ ਸ਼ਹਿਰ ਦੇ ਜ਼ੀਰਾ ਰੋਡ ਤੇ ਸਥਿਤ ਪੈਟਰੋਲ ਪੰਪ ਅੱਗੇ ਇੱਕ ਵਿਸ਼ਾਲ ਰੋਹ ਭਰਪੂਰ ਰੋਸ ਧਰਨਾ ਦਿੱਤਾ ਗਿਆ ਜਿਸ ਵਿਚ ਉਹ ਨਾਅਰੇ ਲਗਾ ਰਹੇ ਸਨ ਕਿ ਤੇਲ ਦੀਆਂ ਵਧੀਆਂ ਕੀਮਤਾਂ ਵਾਪਸ ਲਵੋ, ਮੋਦੀ ਸਰਕਾਰ ਮੁਰਦਾਬਾਦ ,ਕਾਲੇ ਕਾਨੂੰਨ ਰੱਦ ਕਰੋ, ਕੇਂਦਰ ਸਰਕਾਰ ਮੁਰਦਾਬਾਦ ।ਇਸ ਸਮੇਂ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਨਗਰ ਪੰਚਾਇਤ ਪ੍ਰਧਾਨ ਕੁਲਦੀਪ ਸਿੰਘ ਰਾਜਪੂਤ, ਨਗਰ ਪੰਚਾਇਤ ਦੇ ਮੀਤ ਪ੍ਰਧਾਨ ਸੁਮਿਤ ਕੁਮਾਰ ਬਿੱਟੂ ਮਲਹੋਤਰਾ, ਸ਼ਵਾਜ ਭੋਲਾ ਚੇਅਰਮੈਨ ਮਾਰਕੀਟ ਕਮੇਟੀ,ਵਿਜੇ ਕੁਮਾਰ ਧੀਰ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਪਿਰਤਪਾਲ ਸਿੰਘ ਚੀਮਾ ਸੀਨੀਅਰ ਕਾਂਗਰਸੀ ਆਗੂ ਨੇ ਕਿਹਾ ਕਿ ਜਦੋਂ ਮੋਦੀ ਸਰਕਾਰ ਆਈ ਸੀ ਤਾਂ ਉਸ ਵਕਤ ਪੈਟਰੋਲ ਮਹਿਜ਼ 55 ਰੁਪਏ ਲਿਟਰ ਦੇ ਕਰੀਬ ਸੀ ਜੋ ਕਿ ਅੱਜ ਸੌ ਤੋਂ ਉੱਪਰ ਪਹੁੰਚ ਚੁੱਕਾ ਹੈ। ਹੋਰ ਤਾਂ ਹੋਰ ਸਾਡੇ ਗੁਆਂਢੀ ਦੇਸ਼ ਜਿਵੇਂ ਬੰਗਲਾਦੇਸ਼,ਸ੍ਰੀਲੰਕਾ ਅਤੇ ਪਾਕਿਸਤਾਨ ਜਿਹੇ ਦੇਸ਼ਾਂ ਵਿੱਚ ਵੀ ਇਸ ਦਾ ਰੇਟ ਸਾਡੇ ਨਾਲੋਂ ਕਿਤੇ ਘੱਟ ਹੈ। ਕੇਂਦਰ ਵਿੱਚ ਕਾਂਗਰਸ ਸਰਕਾਰ ਸਮੇਂ ਕਿਸਾਨਾਂ ਦੀਆਂ ਜ਼ਰੂਰਤਾਂ ਨੂੰ ਮੱਦੇਨਜ਼ਰ ਰੱਖਦਿਆਂ ਡੀਜ਼ਲ ਦੇ ਰੇਟ ਲਗਪਗ ਪੈਟਰੋਲ ਤੋਂ ਅੱਧੇ ਹੁੰਦੇ ਸਨ ਜੋ ਕਿ ਹੁਣ ਅੱਠ ਦੱਸ ਰੁਪਏ ਹੀ ਪੈਟਰੋਲ ਤੋਂ ਘੱਟ ਹਨ ।ਉਨ੍ਹਾਂ ਕਿਹਾ ਕਿ ਤੇਲ ਕੀਮਤਾਂ ਦੇ ਵਧਣ ਨਾਲ ਹੀ ਇਸ ਦਾ ਅਸਰ ਦੂਸਰੀਆਂ ਚੀਜ਼ਾਂ ਦੇ ਪਿਆ ਹੈ ਜਿਨ੍ਹਾਂ ਦੇ ਰੇਟ ਅੱਜਕੱਲ੍ਹ ਅਸਮਾਨ ਛੂਹ ਰਹੇ ਹਨ ।ਉਨ੍ਹਾਂ ਗੈਸ ਸਿਲੰਡਰ ਬਾਰੇ ਬੋਲਦਿਆਂ ਕਿਹਾ ਇਸ ਦਾ ਰੇਟ ਮਨਮੋਹਨ ਸਿੰਘ ਦੀ ਸਰਕਾਰ ਸਮੇਂ435 ਰੁਪਏ ਹੁੰਦਾ ਸੀ ਜੋ ਕਿ ਸਭ ਦੀ ਪਹੁੰਚ ਵਿੱਚ ਸੀ ਪ੍ਰੰਤੂ ਹੁਣ ਇਹ ਹੀ ਸਿਲੰਡਰ ਮਮੂਲੀ 2o-25 ਸਬਸਿਡੀ ਨਾਲ 845 ਰੁਪਏ ਤੇ ਪਹੁੰਚ ਚੁੱਕਾ ਹੈ ਜੋ ਕਿ ਇਹ ਉਨ੍ਹਾਂ ਗ਼ਰੀਬਾਂ ਦੀ ਪਹੁੰਚ ਤੋਂ ਤਾਂ ਬਿਲਕੁਲ ਬਾਹਰ ਹੋ ਚੁੱਕਾ ਹੈ ਜਿਨ੍ਹਾਂ ਪਰਿਵਾਰਾਂ ਨੂੰ ਕੇਂਦਰ ਵੱਲੋਂ ਮੁਫ਼ਤ ਵਿੱਚ ਸਿਲੰਡਰ ਦੇ ਕੇ ਲਾਲੀਪੋਪ ਦਿੱਤਾ ਸੀ।ਉਨ੍ਹਾਂ ਕਿਹਾ ਕਿ ਖਾਣ ਪੀਣ ਦੇ ਤੇਲ ਜਿਵੇਂ ਸਰ੍ਹੋਂ ਦਾ ਤੇਲ ਜੋ ਕਿ ਅੱਜ ਤੋਂ ਦਸ ਮਹੀਨੇ ਪਹਿਲਾਂ ਸਿਰਫ਼ ਅੱਸੀ ਰੁਪਏ ਲਿਟਰ ਸੀ ਪਤਾ ਨ੍ਹੀਂ ਹੁਣ ਕਿਨ੍ਹਾਂ ਕਾਰਨਾਂ ਕਰਕੇ ਉਹ ਹੀ ਅੱਜ 170 ਰੁਪਏ ਲੀਟਰ ਤੋਂ ਵੀ ਉੱਪਰ ਪਹੁੰਚ ਚੁੱਕਾ ਹੈ। ਇਹ ਹੀ ਹਾਲ ਦੂਸਰੀਆਂ ਦਾਲਾਂ ਅਤੇ ਹੋਰਨਾਂ ਵਸਤੂਆਂ ਦਾ ਹੈ ਜੋ ਕਿ ਹੇਠਲੇ ਤਬਕੇ ਦੀ ਪਹੁੰਚ ਤੋਂ ਬਾਹਰ ਹਨ ।ਪ੍ਰੰਤੂ ਬੜੀ ਹੈਰਾਨੀ ਦੀ ਗੱਲ ਹੈ ਕਿ ਮੋਦੀ ਸਰਕਾਰ ਬਿਲਕੁਲ ਟੱਸ ਤੋਂ ਮੱਸ ਹੁੰਦੀ ਦਿਖਾਈ ਨਹੀਂ ਦੇ ਰਹੀ ਬਲਕਿ ਦੇਸ਼ ਦੇ ਲੋਕਾਂ ਲਈ ਨਹੀਂ ਸਿਰਫ਼ ਪੂੰਜੀਪਤੀਆਂ ਦਾ ਹੀ ਪੱਖ ਪੂਰਦੀ ਨਜ਼ਰ ਆ ਰਹੀ ਹੈ। ਇਸ ਸਮੇਂ ਹੋਰਨਾਂ ਤੋਂ ਇਲਾਵਾ ਪ੍ਰਮੋਦ ਕੁਮਾਰ ਬੱਬੂ ਸ਼ਹਿਰੀ ਕਾਂਗਰਸ ਪ੍ਰਧਾਨ, ਮਹਿੰਦਰ ਸਿੰਘ, ਬੱਗੜ ਸਿੰਘ, ਪਰਦੀਪ ਪਲਤਾ, ਸੁੱਚਾ ਸਿੰਘ ਪੁਰਬਾ ਸਾਰੇ ਕੌਂਸਲਰ ,ਜੱਸ ਸਿੱਧੂ ਕੌਂਸਲਰ ਦਾ ਪਤੀ , ਸੁਖਦੇਵ ਸਿੰਘ ਸੁੱਖ ਸੰਧੂ, ਲੱਖਪਤ ਰਾਏ ਮਲਹੋਤਰਾ, ਰਮੇਸ਼ ਕੁਮਾਰ ਮਲਹੋਤਰਾ, ਕਾਕਾ ਗੁਲਾਟੀ, ਪ੍ਰਮੋਦ ਕੁਮਾਰ ਆਦਿ ਹਾਜ਼ਰ ਸਨ ।

 

 

Leave a Reply

Your email address will not be published. Required fields are marked *