ਚਾਹਵਾਨ ਉਮੀਦਵਾਰਾਂ ਦੀ 30 ਅਕਤੂਬਰ ਨੂੰ ਡੇਅਰੀ ਸਿਖ਼ਲਾਈ ਕੇਂਦਰ ਗਿੱਲ ਵਿਖੇ ਹੋਵੇਗੀ ਕਾਊਂਸਲਿੰਗ
ਮੋਗਾ 28 ਅਕਤੂਬਰ (ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ) ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ ਦੇ ਸੁਨਹਿਰੇ ਭਵਿੱਖ ਲਈ ਵਚਨਬੱਧ ਹੈ ਅਤੇ ਇਹਨਾਂ ਨੂੰ ਰੋਜ਼ਗਾਰ ਜਾਂ ਸਵੈ ਰੋਜ਼ਗਾਰ ਲਈ ਵੱਧ ਤੋਂ ਵੱਧ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ ਤਾਂ ਕਿ ਸੂਬੇ ਦਾ ਹਰ ਕਾਬਲ ਨੌਜਵਾਨ ਆਪਣੇ ਪੈਰਾਂ ਉਤੇ ਖੜਾ ਹੋ ਸਕੇ। ਇਸੇ ਮਕਸਦ ਤਹਿਤ ਪੰਜਾਬ ਸਰਕਾਰ ਵੱਲੋਂ ਘਰ ਘਰ ਰੋਜ਼ਗਾਰ ਮਿਸ਼ਨ ਜ਼ਰੀਏ ਜਿੱਥੇ ਵੱਡੇ ਪੱਧਰ ਉੱਪਰ ਰੋਜ਼ਗਾਰ ਮੇਲੇ ਆਯੋਜਿਤ ਕਰਕੇ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ ਉੱਥੇ ਸਵੈ ਰੋਜ਼ਗਾਰ ਦੇ ਚਾਹਵਾਨ ਨੌਜਵਾਨਾਂ ਦੀ ਵੀ ਹਰ ਪੱਖੋਂ ਸਹਾਇਤਾ ਕੀਤੀ ਜਾ ਰਹੀ ਹੈ।
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਡਾਇਰੈਕਟਰ ਡੇਅਰੀ ਮੋਗਾ ਨਿਰਵੈਰ ਸਿੰਘ ਬਰਾੜ ਨੇ ਕਿਹਾ ਕਿ ਇਸੇ ਲੜੀ ਤਹਿਤ ਡੇਅਰੀ ਵਿਕਾਸ ਵਿਭਾਗ ਵੀ ਆਪਣੇ ਸਿਖ਼ਲਾਈ ਕੇਂਦਰਾਂ ਜ਼ਰੀਏ ਬੇਰੁਜ਼ਗਾਰ ਲੜਕੇ ਤੇ ਲੜਕੀਆਂ ਨੂੰ ਦੋ ਹਫਤੇ ਦੀ ਆਨਲਾਈਨ ਸਵੈ-ਰੁਜ਼ਗਾਰ ਸਿਖ਼ਲਾਈ ਪ੍ਰਦਾਨ ਕਰਵਾਉਣ ਲਈ ਸਤੰਬਰ ਮਹੀਨੇ ਤੋਂ ਅਲਲਾਈਨ ਕਲਾਸਾਂ ਦੀ ਸ਼ੁਰੂਆਤ ਕਰ ਰਿਹਾ ਹੈ ਤਾਂ ਕਿ ਜ਼ਿਲ੍ਹੇ ਦੇ ਵੱਧ ਤੋਂ ਵੱਧ ਨੌਜਵਾਨ ਲਾਹੇਵੰਦ ਧੰਦਿਆਂ ਨਾਲ ਜੁੜ ਕੇ ਆਪਣਾ ਖੁਦ ਦਾ ਰੋਜ਼ਗਾਰ ਸਥਾਪਿਤ ਕਰ ਸਕਣ। ਉਹਨਾਂ ਕਿਹਾ ਕਿ ਕਰੋਨਾ ਦੇ ਸੰਕਰਮਣ ਤੋਂ ਬਚਾਅ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਹਿ ਤਹਿਤ ਇਹ ਟ੍ਰੇਨਿੰਗ ਆਨਲਾਈਨ ਆਯੋਜਿਤ ਕੀਤੀ ਜਾ ਰਹੀ ਹੈ।ਨਿਰਵੈਰ ਸਿੰਘ ਬਰਾੜ ਨੇ ਦੱਸਿਆ ਕਿ ਇਹਨਾਂ ਕਲਾਸਾਂ ਦਾ ਬੈਚ 2 ਨਵੰਬਰ, 2020 ਤੋਂ ਸ਼ੁਰੂ ਹੋ ਰਿਹਾ ਹੈ, ਜਿਸ ਦੀ ਕਾਊਂਸਲਿੰਗ ਡੇਅਰੀ ਸਿਖ਼ਲਾਈ ਅਤੇ ਵਿਸਥਾਰ ਕੇਂਦਰ ਗਿੱਲ ਵਿਖੇ ਮਿਤੀ 30 ਅਕਤੂਬਰ, 2020 ਨੂੰ ਰੱਖੀ ਗਈ ਹੈ। ਉਹਨਾਂ ਦੱਸਿਆ ਕਿ ਚਾਹਵਾਨ ਉਮੀਦਵਾਰ, ਜੋ ਪੇਂਡੂ ਪਿਛੋਕੜ ਦਾ ਹੋਵੇ, ਘੱਟੋ-ਘੱਟ 5 ਪਾਸ ਹੋਵੇ, ਉਮਰ 18 ਤੋਂ 50 ਸਾਲ ਦੇ ਦਰਮਿਆਨ ਹੋਵੇ ਕਾਊਂਸਲਿੰਗ ਵਿੱਚ ਭਾਗ ਲੈ ਕੇ ਟ੍ਰੇਨਿੰਗ ਲੈ ਸਕਦਾ ਹੈ। ਉਨਾਂ ਦੱਸਿਆ ਕਿ ਇਸ ਕਾਊਂਸਲਿੰਗ ਵਿੱਚ ਉਮੀਦਵਾਰ ਆਪਣੇ ਲੋੜੀਂਦੇ ਦਸਤਾਵੇਜ਼ ਨਾਲ ਲੈ ਕੇ ਆਉਣ।ਉਨਾਂ ਅੱਗੇ ਦੱਸਿਆ ਕਿ ਟ੍ਰੇਨਿੰਗ ਦੀ ਸਮਾਪਤੀ ਉਪਰੰਤ ਇਹਨਾਂ ਸਿਖਿਆਰਥੀਆਂ ਨੂੰ 2 ਤੋਂ 20 ਪਸ਼ੂਆਂ ਦੀ ਖਰੀਦ ਲਈ ਬੈਂਕਾਂ ਤੋਂ ਕਰਜ਼ੇ ਉੱਪਰ ਵਿਭਾਗ ਵੱਲੋਂ 25 ਫੀਸਦੀ ਸਬਸਿਡੀ ਵੀ ਮੁਹੱਈਆ ਕਰਵਾਈ ਜਾਵੇਗੀ ਜਿਹੜੀ ਕਿ ਐੱਸ.ਸੀ. ਉਮੀਦਵਾਰਾਂ ਲਈ 33 ਫੀਸਦੀ ਰੱਖੀ ਗਈ ਹੈ। ਉਨਾਂ ਦੱਸਿਆ ਕਿ ਚਾਹਵਾਨ ਉਮੀਦਵਾਰ ਦਫ਼ਤਰ ਡੇਅਰੀ ਸਿਖ਼ਲਾਈ ਅਤੇ ਵਿਸਥਾਰ ਕੇਂਦਰ ਪਿੰਡ ਗਿੱਲ ਵਿਖੇ ਨਿੱਜੀ ਤੌਰ ਤੇ ਜਾਂ ਫੋਨ ਨੰਬਰ 01636-242480 ਉੱਪਰ ਸੰਪਰਕ ਕਰ ਸਕਦੇ ਹਨ।