8 ਅਪ੍ਰੈਲ ਨੂੰ ਮੋਗਾ ਵਿਖੇ ਹੋਵੇਗਾ ਸੂਬਾਈ ਇਜਲਾਸ
ਮੋਗਾ ( ਕੀਤਾ ਬਰਾੜ ਬਾਰੇਵਾਲਾ ਨੈਬ ਦੀਨਾ ) ਡੈਮੋਕਰੈਟਿਕ ਟੀਚਰਜ਼ ਫ਼ਰੰਟ ਪੰਜਾਬ ਦਾ ਸੂਬਾਈ ਜਥੇਬੰਦਕ ਇਜਲਾਸ 8 ਅਪਰੈਲ ਨੂੰ ਮੋਗਾ ਵਿਖੇ ਨਛੱਤਰ ਸਿੰਘ ਯਾਦਗਾਰ ਹਾਲ ਵਿਖੇ ਸਵੇਰੇ 10 ਵਜੇ ਤੋਂ ਬਾਹਰ ਦੁਪਹਿਰ 3 ਵਜੇ ਤੱਕ ਹੋਣ ਜਾ ਰਿਹਾ ਹੈ। ਇਜਲਾਸ ਦੀਅਾਂ ਤਿਆਰੀਆਂ ਦਾ ਜਾਇਜ਼ਾ ਲੈਣ ਪਹੁੰਚੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਨੇ ਦੱਸਿਆ ਕਿ ਜਥੇਬੰਦੀ ਦੇ ਇਜਲਾਸ ਦੀਆਂ ਤਿਆਰੀਆਂ ਜ਼ਿਲ੍ਹਾ ਪ੍ਰਧਾਨ ਅਮਨਦੀਪ ਮਟਵਾਣੀ ਦੀ ਅਗਵਾਈ ਵਿੱਚ ਮੁਕੰਮਲ ਹੋ ਚੁੱਕੀਆਂ ਹਨ। ਨੇਚਰ ਪਾਰਕ ਮੋਗਾ ਵਿਖੇ ਰੱਖੀ ਮੀਟਿੰਗ ਦੌਰਾਨ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਇਸ ਇਜਲਾਸ ਵਿੱਚ ਜਥੇਬੰਦੀ ਦੇ ਵਿਧਾਨ ਦੇ ਖਰੜੇ ਦੀਆਂ ਸੋਧਾਂ, ਕਾਰਗੁਜਾਰੀ ਰਿਪੋਰਟ, ਵਿੱਤੀ ਰਿਪੋਰਟ ਅਤੇ ਭਵਿੱਖ ਵਿੱਚ ਕੀਤੇ ਜਾਣ ਵਾਲੇ ਸੰਘਰਸ਼ਾਂ ‘ਤੇ ਵਿਚਾਰ ਚਰਚਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਸੂਬਾਈ ਇਜਲਾਸ ਵਿੱਚ ਪੰਜਾਬ ਦੇ ਸਾਰੇ ਜਿਲ੍ਹਿਆਂ ਤੋਂ ਡੀਟੀਐੱਫ਼ ਦੀ ਲੀਡਰਸ਼ਿਪ, ਜ਼ਿਲ੍ਹਾ ਪ੍ਰਧਾਨ ਤੇ ਸਕੱਤਰ, ਬਲਾਕ ਪ੍ਰਧਾਨ ਤੇ ਸਕੱਤਰ ਸਹਿਬਾਨ ਤੇ ਜਿਲਾ ਕਮੇਟੀਆਂ ਦੇ ਮੈਂਬਰ ਸਾਹਿਬਾਨ ਤੇ ਸਰਗਰਮ ਆਗੂਆ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਅਮਨਦੀਪ ਮਟਵਾਣੀ ਜ਼ਿਲ੍ਹਾ ਪ੍ਰਧਾਨ ਡੀਟੀਐੱਫ਼ ਮੋਗਾ ਨੇ ਕਿਹਾ ਕਿ ਹਾਜਰੀਨ ਲਈ ਹਰ ਤਰ੍ਹਾਂ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਡੀਟੀਐੱਫ਼ ਦੀ ਲੀਡਰਸ਼ਿਪ ਨੂੰ ਇਸ ਸੂਬਾਈ ਇਜਲਾਸ ਵਿੱਚ ਹਿੱਸਾ ਲੈਣ ਲਈ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ। ਇਸ ਮੀਟਿੰਗ ਵਿੱਚ ਸੁਖਪਾਲਜੀਤ ਮੋਗਾ, ਸੁਖਵਿੰਦਰ ਘੋਲੀਆ, ਗੁਰਮੀਤ ਝੋਰੜਾਂ, ਅਮਨਦੀਪ ਮਾਛੀਕੇ, ਅਮਰਦੀਪ ਬੁੱਟਰ, ਸਵਰਨਦਾਸ ਧਰਮਕੋਟ, ਦੀਪਕ ਮਿੱਤਲ ਸਮੇਤ ਡੀਟੀਐੱਫ਼ ਦੀ ਲੀਡਰਸ਼ਿਪ ਹਾਜ਼ਰ ਸਨ।