13 ਤੋਂ 15 ਅਗਸਤ ਤੱਕ ਜ਼ਿਲ੍ਹਾ ਵਾਸੀ ਆਪਣੇ ਘਰਾਂ ਉੱਤੇ ਵੀ ਤਿਰੰਗਾ ਲਹਿਰਾਉਣ – ਕੁਲਵੰਤ ਸਿੰਘ
ਕਿਹਾ! ਰਾਸ਼ਟਰੀ ਝੰਡੇ ਬਾਰੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ
ਮੋਗਾ, 6 ਅਗਸਤ
(ਜਗਰਾਜ ਸਿੰਘ ਗਿੱਲ, ਗੁਰਪ੍ਰਸਾਦ ਸਿੱਧੂ)
ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਸਮੂਹ ਜ਼ਿਲ੍ਹਾ ਪੱਧਰ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਅਗਾਮੀ 13 ਤੋਂ 15 ਅਗਸਤ ਤੱਕ ਹਰੇਕ ਸਰਕਾਰੀ ਇਮਾਰਤ ਅਤੇ ਅਦਾਰੇ ਉੱਤੇ ਪੂਰੇ ਸਨਮਾਨ ਨਾਲ ਤਿਰੰਗਾ ਲਹਿਰਾਇਆ ਜਾਵੇ।
ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਉਤੇ 13 ਤੋਂ 15 ਅਗਸਤ ਤੱਕ ਆਪਣੇ ਘਰਾਂ ਉਤੇ ਸਤਿਕਾਰ ਸਹਿਤ ਤਿਰੰਗਾ ਝੰਡਾ ਲਹਿਰਾਉਣ। ਸਰਕਾਰੀ ਇਮਾਰਤਾਂ ਵਿੱਚ ਵਿਦਿਅਕ ਅਦਾਰੇ, ਹਸਪਤਾਲ/ ਸਿਹਤ ਕੇਂਦਰ, ਆਂਗਣਵਾੜੀ ਸੈਂਟਰ, ਤਹਿਸੀਲ ਦਫ਼ਤਰ ਅਤੇ ਹੋਰ ਸਾਰੇ ਛੋਟੇ ਵੱਡੇ ਸਰਕਾਰੀ ਦਫ਼ਤਰ/ ਅਦਾਰੇ ਆਦਿ ਸ਼ਾਮਿਲ ਹਨ। ਉਹਨਾਂ ਕਿਹਾ ਕਿ ਜ਼ਿਲ੍ਹਾ ਮੋਗਾ ਵਿੱਚ ਅਜਿਹੇ ਦਫਤਰਾਂ ਦੀ ਗਿਣਤੀ 3000 ਤੋਂ ਵਧੇਰੇ ਬਣਦੀ ਹੈ।
ਦੇਸ਼ ਦੇ ਕੌਮੀ ਝੰਡੇ ਦੇ ਮਾਣ ਸਨਮਾਨ ਸਬੰਧੀ ਨਿਯਮਾਂ ਦੀ ਜਾਣਕਾਰੀ ਦਿੰਦਿਆਂ ਸ੍ਰ ਕੁਲਵੰਤ ਸਿੰਘ ਨੇ ਕਿਹਾ ਕਿ ਸਾਡਾ ਤਿਰੰਗਾ ਸਾਡੇ ਲਈ ਬਹੁਤ ਸਤਿਕਾਰਯੋਗ ਹੈ। ਝੰਡਾ ਸੂਤ/ਪੋਲੀਸਟਰ/ਊਨ/ਸਿ਼ਲਕ ਖਾਦੀ ਤੋਂ ਬਣਿਆ ਹੋਵੇ। ਆਮ ਲੋਕ ਵੀ ਆਪਣੇ ਘਰਾਂ ਉਤੇ ਝੰਡਾ ਲਹਿਰਾ ਸਕਦੇ ਹਨ ਅਤੇ ਆਮ ਲੋਕਾਂ ਦੇ ਘਰਾਂ ਉਤੇ ਤਿਰੰਗਾ ਦਿਨ ਰਾਤ ਲਹਿਰਾਇਆ ਰਹਿ ਸਕਦਾ ਹੈ।
ਕੌਮੀ ਝੰਡਾ ਆਇਤਾਕਾਰ ਹੋਵੇ ਅਤੇ ਇਸਦਾ ਸਾਇਜ਼ ਕੋਈ ਵੀ ਹੋ ਸਕਦਾ ਹੈ ਪਰ ਲੰਬਾਈ ਅਤੇ ਉਚਾਈ (ਚੌੜਾਈ) ਦਾ ਅਨੁਪਾਤ ਲਾਜ਼ਮੀ ਤੌਰ ਉਤੇ 3:2 ਹੋਵੇ। ਕੌਮੀ ਝੰਡਾ ਇਸ ਤਰ੍ਹਾਂ ਲਹਿਰਾਇਆ ਜਾਵੇ ਕਿ ਉਸਤੋਂ ਉੱਚਾ ਕੋਈ ਹੋਰ ਝੰਡਾ ਨਾ ਹੋਵੇ। ਜਦੋਂ ਵੀ ਤੁਸੀਂ ਆਪਣੇ ਘਰ ਤਿਰੰਗਾ ਲਹਿਰਾਓ ਤਾਂ ਇਹ ਸਾਫ ਸੁਥਰੀ ਅਤੇ ਸਤਿਕਾਰ ਵਾਲੀ ਥਾਂ ਹੋਵੇ। ਝੰਡਾ ਲਹਿਰਾਉਂਦੇ ਸਮੇਂ ਕੇਸਰੀ ਰੰਗ ਸਭ ਤੋਂ ਉਪਰ ਹੋਣਾ ਚਾਹੀਦਾ ਹੈ। ਖਰਾਬ ਝੰਡਾ ਨਹੀਂ ਲਹਿਰਾਇਆ ਜਾ ਸਕਦਾ ਹੈ। ਕੌਮੀ ਝੰਡਾ ਬੁਲਾਰੇ ਦੇ ਡੈਸਕ ਉਤੇ ਨਹੀਂ ਲਪੇਟਿਆ ਜਾ ਸਕਦਾ ਹੈ।ਕੌਮੀ ਝੰਡੇ ਨੂੰ ਲੱਕ ਤੋਂ ਨੀਚੇ ਧਾਰਨ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਐਸੀ ਗਤੀਵਿਧੀ ਨਹੀਂ ਕੀਤੀ ਜਾਣੀ ਚਾਹੀਦੀ ਜਿਸ ਨਾਲ ਕੌਮੀ ਤਿਰੰਗੇ ਦਾ ਅਪਮਾਨ ਹੁੰਦਾ ਹੋਵੇ ਕਿਉਂਕਿ ਇਹ ਸਜ਼ਾਯੋਗ ਅਪਰਾਧ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਲੋਕ ਨਿਰਧਾਰਤ ਕੀਮਤ ਅਦਾ ਕਰਕੇ ਤਿਰੰਗਾ ਝੰਡਾ ਪ੍ਰਾਪਤ ਕਰ ਸਕਦੇ ਹਨ ਜਿਸ ਨੂੰ ਉਹ 13 ਤੋਂ 15 ਅਗਸਤ ਤੱਕ ਆਪਣੇ ਘਰਾਂ ਉਤੇ ਲਹਿਰਾਉਣ। ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਤਿਰੰਗੇ ਨਾਲ ਸੈਲਫੀ ਪੋਰਟਲ https://harghartiranga.com/ ਉਤੇ ਵੀ ਅਪਲੋਡ ਜ਼ਰੂਰ ਕਰਨ।